ਬਰਨਾਲਾ, 13 ਅਗਸਤ (ਰਵਿੰਦਰ ਸ਼ਰਮਾ) : ਸ਼੍ਰੀ ਆਦਿ ਸ਼ਕਤੀ ਮੰਦਰ ਨੇੜੇ ਡਾਕਟਰ ਸ਼ੀਤਲ ਹਸਪਤਾਲ ਬਰਨਾਲਾ ਵੱਲੋਂ ਜਨਮ ਅਸ਼ਟਮੀ ਸਬੰਧੀ ਸ਼ੋਭਾ ਯਾਤਰਾ ਸਜਾਈ ਗਈ। ਮੰਦਰ ਤੋਂ ਚੱਲ ਕੇ ਥੋੜੀ ਹੀ ਦੂਰ ਜਦੋਂ ਸ਼ੋਭਾ ਯਾਤਰਾ ਕੇ ਸੀ ਰੋਡ ਖੱਤਰੀਆਂ ਵਾਲੀ ਗਲੀ ਕੋਲ ਪਹੁੰਚੀ ਤਾਂ ਟਰੈਫਿਕ ਜਿਆਦਾ ਹੋਣ ਕਾਰਨ ਸ਼ੋਭਾ ਯਾਤਰਾ ਨੂੰ ਅੱਗੇ ਚੱਲਣ ‘ਚ ਦਿੱਕਤ ਆਉਣ ਲੱਗੀ। ਮੰਦਰ ਦੇ ਪ੍ਰਧਾਨ ਮੱਖਣ ਲਾਲ, ਅਤੁਲ ਗੁਪਤਾ, ਅਸ਼ਵਨੀ ਸ਼ਰਮਾ, ਵਿਜੇ ਕੁਮਾਰ, ਸੁਮਨ ਜੇਠੀ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਲਗਭਗ ਇੱਕ ਹਫਤਾ ਪਹਿਲਾਂ ਐਸ ਐਸ ਪੀ ਅਤੇ ਡੀ ਸੀ ਬਰਨਾਲਾ ਨੂੰ ਲਿਖਤੀ ਰੂਪ ਵਿੱਚ ਬੇਨਤੀ ਕੀਤੀ ਸੀ ਕਿ ਸ਼ੋਭਾ ਯਾਤਰਾ ਮੌਕੇ ਟਰੈਫਿਕ ਕੰਟਰੋਲ ਕਰਨ ਲਈ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲਾਈ ਜਾਵੇ। ਇੱਕ ਦਿਨ ਪਹਿਲਾਂ ਇੱਕ ਪੁਲਿਸ ਮੁਲਾਜ਼ਮ ਨੇ ਸਾਡੇ ਕੋਲੋਂ ਫ਼ੋਨ ‘ਤੇ ਸ਼ੋਭਾ ਯਾਤਰਾ ਦਾ ਰੂਟ ਵੀ ਪਤਾ ਕੀਤਾ ਪ੍ਰੰਤੂ ਕੋਈ ਵੀ ਪੁਲਿਸ ਮੁਲਾਜ਼ਮ ਟਰੈਫਿਕ ਕੰਟਰੋਲ ਕਰਨ ਲਈ ਨਹੀਂ ਪਹੁੰਚਿਆ। ਇਸ ਲਈ ਸ਼ੋਭਾ ਯਾਤਰਾ ‘ਚ ਸ਼ਾਮਿਲ ਸਾਰੇ ਸ਼ਰਧਾਲੂ ਰੋਸ ਵਜੋਂ ਸੜਕ ‘ਤੇ ਧਰਨਾ ਦੇ ਕੇ ਬੈਠ ਗਏ, ਜਿਸ ਨਾਲ ਟਰੈਫਿਕ ਜਾਮ ਕਰ ਦਿੱਤੀ। ਗੁੱਸੇ ‘ਚ ਆਏ ਸ਼ਰਧਾਲੂਆਂ ਨੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇੱਕ ਘੰਟੇ ਬਾਅਦ ਪੁਲੀਸ ਪਹੁੰਚੀ ਤਾਂ ਟਰੈਫਿਕ ਇੰਚਾਰਜ ਇੰਸਪੈਕਟਰ ਪਵਨ ਕੁਮਾਰ ਨੇ ਦੱਸਿਆ ਕਿ ਅਸੀਂ ਆਜ਼ਾਦੀ ਦਿਹਾੜੇ ਦੇ ਪ੍ਰਬੰਧਾਂ ‘ਚ ਵਿਅਸਤ ਹੋਣ ਕਾਰਨ ਲੇਟ ਹੋ ਗਏ। ਪੁਲਿਸ ਅਤੇ ਪਤਵੰਤੇ ਸੱਜਣਾਂ ਨੇ ਮਾਮਲਾ ਸ਼ਾਂਤ ਕਰਕੇ ਸੋਭਾ ਯਾਤਰਾ ਨੂੰ ਅੱਗੇ ਰਵਾਨਾ ਕੀਤਾ। ਇਸ ਮੌਕੇ ਭਾਰੀ ਗਿਣਤੀ ‘ਚ ਸ਼ਹਿਰ ਦੇ ਪਤਵੰਤੇ ਸੱਜਣ ਵੀ ਹਾਜ਼ਰ ਸਨ।

Posted inਬਰਨਾਲਾ