ਬਰਨਾਲਾ, 14 ਅਗਸਤ (ਰਵਿੰਦਰ ਸ਼ਰਮਾ) : ਪੰਜਾਬ ਭਰ ਵਿੱਚ ਅੱਜ 14 ਅਗਸਤ ਤੋਂ ਅਣਮਿੱਥੇ ਸਮੇਂ ਲਈ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹੇਗਾ। ਪੰਜਾਬ ਵਿੱਚ ਸਰਕਾਰੀ ਬੱਸਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਨੇ ਅੱਜ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਹੈ। ਪੀ.ਆਰ.ਟੀ.ਸੀ., ਪਨਬੱਸ ਅਤੇ ਪੰਜਾਬ ਰੋਡਵੇਜ਼ ਦੇ ਠੇਕਾ ਮੁਲਾਜ਼ਮਾਂ ਦੇ ਆਗੂਆਂ ਨੇ ਕਿਹਾ ਕਿ 15 ਅਗਸਤ ਨੂੰ ਜਿੱਥੇ ਵੀ ਕੈਬਨਿਟ ਮੰਤਰੀ ਅਤੇ ਮੁੱਖ ਮੰਤਰੀ ਝੰਡਾ ਲਹਿਰਾਉਣਗੇ, ਉੱਥੇ ਕਾਲੇ ਕਪੜੇ ਪਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਕੰਟਰੈਕਟ ਵਰਕਰਜ਼ ਯੂਨੀਅਨ ਨੇ ਕਿਹਾ ਕਿ ਪ੍ਰਬੰਧਨ ਵੱਲੋਂ ਮੰਗਾਂ ਦਾ ਹੱਲ ਹੋਣ ਤੋਂ ਬਾਅਦ ਹੀ ਹੜ੍ਹਤਾਲ ਖੋਲ੍ਹੀ ਜਾਵੇਗੀ। ਯੂਨੀਅਨ ਦੇ ਮੰਗ ਪੱਤਰ ਵਿੱਚ ਕਿਲੋਮੀਟਰ ਸਕੀਮ ਦੀਆਂ ਬੱਸਾਂ ਬੰਦ ਕਰਨ, ਠੇਕੇਦਾਰਾਂ ਦੀ ਗ਼ੁਲਾਮੀ ਖ਼ਤਮ ਕਰਨ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਮੇਤ ਕਈ ਮੰਗਾਂ ਸ਼ਾਮਲ ਹਨ। ਮੁਲਾਜ਼ਮਾਂ ਦਾ ਦੋਸ਼ ਹੈ ਕਿ ਸਰਕਾਰ ਨੇ ਅਜੇ ਤੱਕ ਕਿਲੋਮੀਟਰ ਸਕੀਮ ਦੀਆਂ ਬੱਸਾਂ ਦੇ ਟੈਂਡਰ ਰੱਦ ਕਰਨ, ਤਨਖਾਹ ਤੈਅ ਕਰਨ ਅਤੇ ਮੰਨੀਆਂ ਗਈਆਂ ਮੰਗਾਂ ਬਾਰੇ ਕੋਈ ਅਧਿਕਾਰਤ ਪੱਤਰ ਜਾਰੀ ਨਹੀਂ ਕੀਤਾ ਹੈ। ਇਸ ਲਈ ਉਨ੍ਹਾਂ ਨੇ ਇਹ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਹੈ। ਸਾਰੇ ਕਰਮਚਾਰੀ ਆਪਣੀਆਂ ਬੱਸਾਂ ਨੂੰ ਨਜ਼ਦੀਕੀ ਬੱਸ ਸਟੈਂਡ ‘ਤੇ ਖੜ੍ਹਾ ਕਰਨਗੇ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਜਲਦੀ ਹੀ ਕੋਈ ਕਾਰਵਾਈ ਨਹੀਂ ਕਰਦੀ ਹੈ, ਤਾਂ ਉਹ ਬੱਸਾਂ ਨੂੰ ਸੜਕ ‘ਤੇ ਖੜ੍ਹਾ ਕਰਕੇ ਚੱਕਾ ਜਾਮ ਕਰ ਦੇਣਗੇ। ਇਨ੍ਹਾਂ ਬੱਸਾਂ ਦੇ ਨਾ ਚੱਲਣ ਨਾਲ ਸਭ ਤੋਂ ਜ਼ਿਆਦਾ ਪਰੇਸ਼ਾਨੀ ਆਮ ਲੋਕਾਂ ਨੂੰ ਹੋਵੇਗੀ।
