‘ਆਪ’ ਸਰਕਾਰ ਤੇ ਆਗੂਆਂ ਦਾ ਲੋਕਾਂ ਦੀ ਮੁਸ਼ਕਿਲਾਂ ਵੱਲ ਨਹੀਂ ਕੋਈ ਧਿਆਨ : ਵਿਧਾਇਕ ਕਾਲਾ ਢਿੱਲੋਂ
ਬਰਨਾਲਾ, 14 ਅਗਸਤ (ਰਵਿੰਦਰ ਸ਼ਰਮਾ) : ਪਿਛਲੇ ਕੁਝ ਦਿਨਾਂ ਤੋਂ ਸੀਵਰੇਜ ਬੋਰਡ ਦੇ ਮੁਲਾਜਮਾਂ ਵੱਲੋਂ ਆਪਣਾ ਕੰਮਕਾਜ਼ ਬੰਦ ਕਰਕੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਪੰਜਾਬ ਸਰਕਾਰ ਖਿਲਾਫ ਧਰਨਾ ਲਗਾਇਆ ਹੋਇਆ ਹੈ। ਜਿਸ ਤੋਂ ਬਾਅਦ ਸ਼ਹਿਰ ਬਰਨਾਲਾ ਦੇ ਵੱਖ-ਵੱਖ ਵਾਰਡਾਂ ਵਿੱਚ ਸੀਵਰੇਜ ਸਿਸਟਮ ਬੰਦ ਹੋਣ ਕਾਰਨ ਸੀਵਰੇਜ ਦਾ ਗੰਦਾ ਪਾਣੀ ਸੜਕਾਂ ’ਤੇ ਘੁੰਮ ਰਿਹਾ ਹੈ, ਜਿਸ ਕਾਰਨ ਲੋਕਾਂ ਦਾ ਆਪਣੇ ਘਰਾਂ ਵਿੱਚੋ ਨਿਕਲਣਾ ਮੁਸ਼ਕਿਲ ਹੋ ਗਿਆ ਹੈ ਅਤੇ ਵਾਰਡਾਂ ਵਿੱਚ ਇਸ ਗੰਦੇ ਪਾਣੀ ਨੂੰ ਲੈ ਕੇ ਭਿਆਨਕ ਬੀਮਾਰੀਆਂ ਫੈਲਣ ਦੇ ਡਰੋ ਪ੍ਰੇਮ ਨਗਰ ਦੇ ਵਸਨੀਕਾਂ ਨੇ ਧਨੌਲਾ ਰੋਡ ਜਾਮ ਕਰਕੇ ਪੰਜਾਬ ਸਰਕਾਰ ਅਤੇ ਸੀਵਰੇਜ ਬੋਰਡ ਖਿਲਾਫ਼ ਜੰਮਕੇ ਨਾਅਰੇਬਾਜੀ ਕੀਤੀ। ਇਸ ਮੌਕੇ ਪਹੁੰਚੇ ਕਾਂਗਰਸ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਸਰਕਾਰ ਦੇ ਹਰ ਫਰੰਟ ’ਤੇ ਫੇਲ੍ਹ ਹੋ ਰਹੇ ਸਿਸਟਮ ’ਤੇ ਸਵਾਲ ਖੜੇ ਕੀਤੇ। ਉਨ੍ਹਾਂ ਕਿਹਾ ਕਿ ‘ਆਪ’ ਪਾਰਟੀ ਸੱਤਾਂ ਵਿੱਚ ਆਉਣ ਤੋਂ ਪਹਿਲਾ ਪੰਜਾਬ ਦੇ ਲੋਕਾਂ ਨੂੰ ਝੂਠੇ ਬਦਲਾਅ ਦੇ ਸੁਪਨੇ ਦਿਖਾਉਂਦੀ ਰਹੀ ਅਤੇ ਸਰਕਾਰ ਬਣਨ ਤੋ ਬਾਅਦ ਹੁਣ ਲੋਕਾਂ ਦੀ ਸਾਰ ਨਹੀ ਲੈ ਰਹੀ । ਉਨ੍ਹਾਂ ਕਿਹਾ ਕਿ ਸਰਕਾਰ ਦਾ ਹਰ ਇੱਕ ਮਹਿਕਮੇ ਵਿੱਚ ਜਲੂਸ ਨਿਕਲਿਆ ਪਿਆ ਹੈ। ਸਰਕਾਰ ਅਤੇ ਸਰਕਾਰ ਦੇ ਨੁਮਾਇੰਦਿਆ ਦਾ ਬਰਨਾਲਾ ਦੇ ਲੋਕਾਂ ਦੀਆਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀ ਹੈ। ਉਨ੍ਹਾਂ ਬਰਨਾਲਾ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦਿੱਤਾ ਜਾਵੇ। ਇਸ ਮੌਕੇ ਮਹੇਸ਼ ਕੁਮਾਰ ਲੋਟਾ, ਗਿਰਧਰ ਮਿੱਤਲ, ਬਲਦੇਵ ਸਿੰਘ ਭੁੱਚਰ, ਬਲਕਾਰ ਸਿੰਘ, ਸੁਰਜੀਤ ਸਿੰਘ ਕਾਲੂ, ਹਨੀ ਸ਼ਰਮਾ, ਮਹਿੰਦਰ ਸਿੰਘ, ਗੁਰਪ੍ਰੀਤ ਸਿੰਘ, ਕਾਕਾ ਸਿੰਘ ਅਤੇ ਵੱਡੀ ਗਿਣਤੀ ਵਿੱਚ ਬੀਬੀਆਂ ਤੇ ਵਾਰਡ ਵਾਸੀ ਹਾਜ਼ਰ ਸਨ।

Posted inਬਰਨਾਲਾ