ਬਰਨਾਲਾ, 17 ਅਗਸਤ (ਰਵਿੰਦਰ ਸ਼ਰਮਾ) : ਸੋਸ਼ਲ ਮੀਡੀਆ ਰਾਹੀਂ ਲੋਕਾਂ ਨਾਲ ਠਗੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ ਤੇ ਠੱਗ ਨਵੇਂ ਨਵੇਂ ਢੰਗ ਲੱਭ ਕੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਅਜਿਹਾ ਹੀ 2 ਮਾਮਲੇ ਬਰਨਾਲਾ ਜ਼ਿਲ੍ਹੇ ’ਚ ਸਾਹਮਣੇ ਆਏ ਹਨ, ਜਿੱਥੇ ਸਸਤੇ ਮੁੱਲ ’ਤੇ ਚੰਗੀ ਮੱਝ ਦੇਣ ਦਾ ਲਾਲਚ ਦੇ ਕੇ ਠੱਗਾਂ ਨੇ ਦੋ ਕਿਸਾਨਾਂ ਨਾਲ ਹਜ਼ਾਰਾਂ ਰੁਪਏ ਦੀ ਠੱਗੀ ਮਾਰੀ ਹੈ। ਜਾਣਕਾਰੀ ਦਿੰਦਿਆਂ ਕਿਸਾਨ ਅਵਤਾਰ ਸਿੰਘ ਤੇ ਪਵਿੱਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਫ਼ੋਨ ਆਇਆ, ਜੋ ਰਾਜਸਥਾਨੀ ਭਾਸ਼ਾ ’ਚ ਗੱਲ ਕਰ ਰਿਹਾ ਸੀ। ਉਸਨੇ ਕਿਹਾ ਕਿ ਉਹ ਵਿਦੇਸ਼ ਜਾਣਾ ਚਾਹੁੰਦੇ ਹਨ ਤੇ ਉਨ੍ਹਾਂ ਕੋਲ 10 ਮੱਝਾਂ ਹਨ। ਜੇਕਰ ਉਹ ਕੁਝ ਪੇਮੈਂਟ ਕਰ ਦੇਣ ਤਾਂ ਉਹ 25500 ਰੁਪਏ ਪ੍ਰਤੀ ਮੱਝ ਦੇ ਦੇਣਗੇ। ਅਜਿਹੇ ਫ਼ੋਨ ਕਈ ਕਿਸਾਨਾਂ ਨੂੰ ਆਏ।

ਪਹਿਲੇ ਮਾਮਲੇ ’ਚ ਸਾਇਬਰ ਕ੍ਰਾਈਮ ਪੁਲਿਸ ਸਟੇਸ਼ਨ ’ਚ ਸ਼ਿਕਾਇਤ ਦਿੰਦਿਆਂ ਭਦੌੜ ਦੇ ਕਿਸਾਨ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਫ਼ੇਸਬੁੱਕ ’ਤੇ ਇਕ ਇਸ਼ਤਿਹਾਰ ਦੇਖਿਆ। ਜਿਸ ’ਚ ਡੇਢ ਲੱਖ ਵਾਲੀ ਮੱਝ ਸਿਰਫ਼ 50 ਤੋਂ 60 ਹਜ਼ਾਰ ਰੁਪਏ ’ਚ ਦੇਣ ਦੀ ਗੱਲ ਕਹੀ ਗਈ। ਉਨਾਂ ਇਸ਼ਤਿਹਾਰ ’ਤੇ ਦਿੱਤੇ ਨੰਬਰ ’ਤੇ ਸੰਪਰਕ ਕੀਤਾ। ਜਿਸ ਤੋਂ ਬਾਅਦ ਠੱਗ ਨੇ ਮੱਝ ਦੀ ਵੀਡਿਓ ਵੀ ਭੇਜੀ ਤੇ ਫ਼ਿਰ ਪੈਸੇ ਮੰਗੇ। ਇਕ ਵਾਰ ਉਨ੍ਹਾਂ ਨੇ 10 ਹਜ਼ਾਰ ਰੁਪਏ ਭੇਜ ਦਿੱਤੇ। ਠੱਗਾਂ ਨੇ ਕਿਹਾ ਕਿ ਮੱਝਾਂ ਲੋਡ ਕਰਕੇ ਭੇਜ ਦਿੱਤੀਆਂ ਹਨ। ਫ਼ਿਰ ਉਹ ਲਗਾਤਾਰ ਪੈਸਿਆਂ ਦੀ ਮੰਗ ਕਰਦੇ ਰਹੇ। 34500 ਰੁਪਏ ਪਾਉਣ ਤੋਂ ਪਤਾ ਲੱਗਾ ਕਿ ਠੱਗੀ ਹੋਈ ਹੈ। ਕੁਝ ਸਮੇਂ ਮਗਰੋਂ ਠੱਗਾਂ ਦਾ ਫ਼ੋਨ ਵੀ ਬੰਦ ਆਉਣ ਲੱਗਾ।
ਦੂਜੇ ਮਾਮਲੇ ’ਚ ਪਿੰਡ ਠੁੱਲੀਵਾਲ ਦੇ ਮੇਜ਼ਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਮੈਸੇਜ ਆਇਆ ਕਿ ਚੰਗੀ ਕਿਸਮ ਦੀ ਮੱਝ ਚੰਗੇ ਭਾਅ ’ਤੇ ਵੇਚੀ ਜਾ ਰਹੀ ਹੈ। ਜਦੋਂ ਉਨ੍ਹਾਂ ਸਬੰਧਿਤ ਨੰਬਰ ’ਤੇ ਫ਼ੋਨ ਕੀਤਾ ਤਾਂ ਉਨ੍ਹਾਂ ਨੇ ਉਸ ਨੂੰ ਗੱਲਾਂ ’ਚ ਉਲਝਾ ਲਿਆ। ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਉਸ ਨੇ ਆਪਣੀ ਯੂ.ਪੀ.ਆਈ. ਆਡੀ ਤੋਂ 27500 ਰੁਪਏ ਤਿੰਨ ਵਾਰੀਆਂ ’ਚ ਟਰਾਂਸਫ਼ਰ ਕਰ ਦਿੱਤੇ। ਬਾਅਦ ’ਚ ਠੱਗਾਂ ਨੇ ਫ਼ੋਨ ਚੁੱਕਣਾ ਬੰਦ ਕਰ ਦਿੱਤਾ।
ਦੋਵੇਂ ਮਾਮਲਿਆਂ ਸਬੰਧੀ ਸਾਇਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਮੁਖੀ ਇੰਸ. ਕਮਲਜੀਤ ਸਿੰਘ ਨੇ ਦੱਸਿਆ ਕਿ ਠੱਗੀ ਦੀਆਂ ਦੋ ਸ਼ਿਕਾਇਤਾਂ ਉਨ੍ਹਾਂ ਕੋਲ ਆਈਆਂ ਹਨ। ਜਿੰਨ੍ਹਾਂ ਦੀ ਡੂੰਘਾਈ ਨਾਲ ਪੜ੍ਹਤਾਲ ਕੀਤੀ ਜਾ ਰਹੀ ਹੈ।