ਬਰਨਾਲਾ, 17 ਅਗਸਤ (ਰਵਿੰਦਰ ਸ਼ਰਮਾ) : ਪਿੰਡ ਠੀਕਰੀਵਾਲ ਦੇ ਕਿਸਾਨ ਦੀ ਮੌਤ ਹੋਣ ਦੇ ਮਾਮਲੇ ’ਚ ਪੁਲਿਸ ਵੱਲੋਂ ਕਮਿਸ਼ਨ ਏਜੰਟ ਪਰਿਵਾਰ ਖ਼ਿਲਾਫ਼ ਸਖ਼ਤ ਕਾਰਵਾਈ ਨਾ ਕਰਨ ਦਾ ਦੋਸ਼ ਲਗਾਉਂਦਿਆਂ ਐਤਵਾਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਧਨੌਲਾ ਰੋਡ ’ਤੇ ਟੀ ਪੁਆਇੰਟ ਨੇੜੇ ਧਰਨਾ ਲਗਾਉਂਦਿਆਂ ਸੜਕ ਨੂੰ ਜਾਮ ਕਰ ਦਿੱਤਾ ਗਿਆ। ਜਿੱਥੇ ਵੱਡੀ ਗਿਣਤੀ ’ਚ ਹਾਜ਼ਰ ਕਿਸਾਨਾਂ ਨੇ ਪ੍ਰਸ਼ਾਸਨ ਖ਼ਿਲਾਫ਼ ਜੰਮਕੇ ਰੋਸ ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕਿਸਾਨ ਦਰਸ਼ਨ ਸਿੰਘ ਵਾਸੀ ਠੀਕਰੀਵਾਲ ਦੀ ਮੌਤ ਹੋ ਗਈ ਸੀ। ਜਿਸਦੇ ਪਰਿਵਾਰ ਵੱਲੋਂ ਆਪਣੇ ਕਮਿਸ਼ਨ ਏਜੰਟ ਪਰਿਵਾਰ ’ਤੇ ਉਸਦੇ ਪਿਤਾ ਨੂੰ ਮਰਨ ਲਈ ਮਜਬੂਰ ਕਰਨ ਦਾ ਦੋਸ਼ ਲਗਾਇਆ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਕਮਿਸ਼ਨ ਏਜੰਟ ਬਲੈਤੀ ਰਾਮ, ਉਸਦੇ ਪੁੱਤਰ ਰਾਹੁਲ ਬਾਂਸਲ, ਬਲੈਤੀ ਰਾਮ ਦੇ ਭਰਾ ਰਾਕੇਸ਼ ਕੁਮਾਰ ਅਤੇ ਉਸਦੇ ਪੁੱਤਰ ਅਨਿਲ ਬਾਂਸਲ ਵਿਰੁੱਧ ਦਰਸ਼ਨ ਸਿੰਘ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ। ਮ੍ਰਿਤਕ ਕਿਸਾਨ ਦਰਸ਼ਨ ਸਿੰਘ ਦੇ ਪੁੱਤਰ ਮਨਜੀਤ ਸਿੰਘ ਨੇ ਪੁਲਿਸ ਨੂੰ ਬਿਆਨ ਦਿੱਤਾ ਕਿ ਉਸਦੇ ਪਿਤਾ ਦਰਸ਼ਨ ਸਿੰਘ ਦੀ ਉਮਰ ਲਗਭਗ 60 ਸਾਲ ਸੀ। ਉਸਦੇ ਕਮਿਸ਼ਨ ਏਜੰਟਾਂ ਕੋਲ ਪੁਰਾਣੇ ਖਾਤੇ ਸਨ। ਉਸਦੀ ਫਸਲ ਦੇ ਲਗਭਗ 15 ਲੱਖ ਰੁਪਏ ਉਨ੍ਹਾਂ ਕੋਲ ਜਮ੍ਹਾ ਸਨ। ਉਸਨੇ ਆਪਣੀ ਭੈਣ ਦੇ ਵਿਆਹ ਲਈ ਪੈਸੇ ਮੰਗੇ ਸਨ। ਪਰ ਕਮਿਸ਼ਨ ਏਜੰਟ ਪੈਸੇ ਨਹੀਂ ਦੇ ਰਹੇ ਸਨ। ਉਸਦਾ ਪਿਤਾ ਮਾਨਸਿਕ ਤੌਰ ‘ਤੇ ਪਰੇਸ਼ਾਨ ਸੀ ਕਿ ਹੁਣ ਉਸਦਾ ਵਿਆਹ ਕਿਵੇਂ ਹੋਵੇਗਾ। ਕਿਸਾਨਾਂ ਦਾ ਦੋਸ਼ ਹੈ ਕਿ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਢਿੱਲੀ ਕਾਰਵਾਈ ਕਰਦਿਆਂ ਗ੍ਰਿਫਤਾਰੀ ਨਹੀਂ ਕੀਤੀ। ਸਿਰਫ ਖ਼ਾਨਾਪੂਰਤੀ ਕਰਦਿਆਂ ਪਰਚਾ ਦਰਜ ਕੀਤਾ ਹੈ। ਜਦਕਿ ਮੁਲਜ਼ਮ ਖੁੱਲੇ ਆਮ ਘੁੰਮ ਰਹੇ ਹਨ। ਕਿਸਾਨਾਂ ਚਿਤਾਵਨੀ ਦਿੱਤੀ ਜਦ ਤੱਕ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ ਅਤੇ ਕਿਸਾਨ ਨੇ ਜੋ ਆੜਤੀਏ ਤੋਂ 15 ਲੱਖ ਰੁਪਏ ਦੇ ਕਰੀਬ ਲੈਣੇ ਸਨ, ਉਹ ਨਹੀਂ ਮਿਲਦੇ ਉਦੋਂ ਤੱਕ ਨਾ ਤਾਂ ਉਹ ਆਪਣਾ ਸੰਘਰਸ਼ ਬੰਦ ਕਰਨਗੇ ਅਤੇ ਨਾ ਹੀ ਮ੍ਰਿਤਕ ਕਿਸਾਨ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਜੇਕਰ ਪ੍ਰਸ਼ਾਸਨ ਦੀ ਕਾਰਵਾਈ ਇਸੇ ਤਰ੍ਹਾਂ ਰਹੀ ਤਾਂ ਸੰਘਰਸ਼ ਹੋਰ ਵੱਡਾ ਕੀਤਾ ਜਾਵੇਗਾ।

Posted inਬਰਨਾਲਾ