ਐੱਸ.ਐੱਸ.ਪੀ ਮੁਹੰਮਦ ਸਰਫ਼ਰਾਜ ਆਲਮ ਦੀ ਅਗਵਾਈ ’ਚ ਬਰਨਾਲਾ ਪੁਲਿਸ ਨੇ ਕੀਤੀ ਚੈਕਿੰਗ
ਬਰਨਾਲਾ, 18 ਅਗਸਤ (ਰਵਿੰਦਰ ਸ਼ਰਮਾ) : ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਦੇ ਚਲਦੇ ਸੋਮਵਾਰ ਸਵੇਰੇ 9 ਵਜੇ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਰ ਆਲਮ ਆਈ.ਪੀ.ਐੱਸ ਦੀ ਅਗਵਾਈ ਹੇਠ ਬਰਨਾਲਾ ਪੁਲਿਸ ਵੱਲੋਂ ਨਸ਼ੇ ਲਈ ਸਭ ਤੋਂ ਵੱਧ ਬਦਨਾਮ ਸੈਂਸੀ ਬਸਤੀ ’ਚ ਆਪਰੇਸ਼ਨ ਕਾਸੋ ਤਹਿਤ ਸਰਚ ਅਪਰੇਸ਼ਨ ਚਲਾਇਆ ਗਿਆ। ਸਰਚ ਆਪਰੇਸ਼ਨ ਦੌਰਾਨ ਸਭ ਤੋਂ ਪਹਿਲਾਂ ਰਾਮਬਾਗ ਦੀ ਬੈਕਸਾਈਡ ਸਥਿਤ ਸੈਂਸੀ ਬਸਤੀ ਨੂੰ ਚਾਰੋਂ ਪਾਸਿਓਂ ਸੀਲ ਕਰ ਦਿੱਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਐੱਸ.ਐੱਸ.ਪੀ. ਮੁਹੰਮਦ ਸਰਫ਼ਰਾਜ ਆਲਮ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਮੁਖੀ ਵੱਲੋਂ ਸ਼ੁਰੂ ਕੀਤੀ ਗਈ ਨਸ਼ੇ ਦੇ ਵਿਰੁੱਧ ਮੁਹਿੰਮ ਦੇ ਤਹਿਤ ਸਮੇਂ ਸਮੇਂ ’ਤੇ ਸਰਚ ਆਪਰੇਸ਼ਨ ਚਲਾਏ ਜਾ ਰਹੇ ਹਨ। ਨਸ਼ੇ ਦੇ ਬਦਨਾਮ ਇਲਾਕਿਆਂ ’ਚ ਕਾਫੀ ਲੋਕ ਨਸ਼ਾ ਤਸਕਰੀ ਦੇ ਮਾਮਲੇ ਨਾਲ ਜੁੜੇ ਹੋਏ ਹਨ ਤੇ ਉਹਨਾਂ ’ਤੇ ਕਈ ਮਾਮਲੇ ਵੀ ਦਰਜ ਹਨ। ਇਸ ਨੂੰ ਲੈ ਕੇ ਅੱਜ ਸਵੇਰੇ 9 ਵਜੇ ਸਰਚ ਅਪਰੇਸ਼ਨ ਚਲਾਇਆ ਗਿਆ। ਜਿਸ ਦੇ ਵਿੱਚ ਵੱਡੀ ਗਿਣਤੀ ’ਚ ਪੁਲਿਸ ਮੁਲਾਜ਼ਮਾਂ ਨੇ ਘਰਾਂ ਦੀ ਚੈਕਿੰਗ ਕੀਤੀ। ਉਹਨਾਂ ਨੇ ਕਿਹਾ ਕਿ ਸਰਚ ਆਪਰੇਸ਼ਨ ਦੇ ਦੌਰਾਨ ਕੀ ਕੁਝ ਰਿਕਵਰੀ ਹੋਈ ਹੈ। ਉਹ ਬਹੁਤ ਹੀ ਜਲਦ ਉਸਦੇ ਬਾਰੇ ਖੁਲਾਸਾ ਕਰਨਗੇ। ਇਹ ਸਰਚ ਆਪਰੇਸ਼ਨ ਇਸੇ ਤਰੀਕੇ ਦੇ ਨਾਲ ਲਗਾਤਾਰ ਜਾਰੀ ਰਹਿਣਗੇ।

ਐੱਸ.ਐੱਸ.ਪੀ. ਮੁਹੰਮਦ ਸਰਫ਼ਰਾਜ ਆਲਮ ਨੇ ਕਿਹਾ ਕਿ ਪੁਲਿਸ ਵੱਲੋਂ ਸਰਚ ਆਪ੍ਰੇਸ਼ਨ ਭਵਿੱਖ ’ਚ ਵੀ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਾਂ ਤਾਂ ਨਸ਼ਾ ਤਸਕਰੀ ਛੱਡ ਦਿਓ ਜਾਂ ਫ਼ਿਰ ਜ਼ਿਲ੍ਹਾ ਬਰਨਾਲਾ ਛੱਡ ਦਿਓ, ਕਿਉਂਕਿ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਲਗਾਤਾਰ ਸਖ਼ਤੀ ਕੀਤੀ ਜਾ ਰਹੀ ਹੈ ਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਦੌਰਾਨ ਐੱਸ.ਪੀ. (ਐੱਚ) ਰਾਜੇਸ਼ ਛਿੱਬਰ, ਡੀ.ਐੱਸ.ਪੀ. ਸਿਟੀ ਸਤਵੀਰ ਸਿੰਘ ਬੈਂਸ, ਡੀ.ਐੱਸ.ਪੀ. ਰਜਿੰਦਰਪਾਲ ਸਿੰਘ, ਡੀ.ਐੱਸ.ਪੀ. ਪਰਮਜੀਤ ਸਿੰਘ, ਥਾਣਾ ਸਿਟੀ 1 ਦੇ ਮੁਖੀ ਮਨਪ੍ਰੀਤ ਕੌਰ, ਥਾਣਾ ਧਨੌਲਾ ਦੇ ਮੁਖੀ ਲਖਬੀਰ ਸਿੰਘ ਸਣੇ ਵੱਡੀ ਗਿਣਤੀ ’ਚ ਪੁਲਿਸ ਮੁਲਾਜ਼ਮ ਹਾਜ਼ਰ ਸਨ।