ਬਰਨਾਲਾ, 19 ਅਗਸਤ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਅਧੀਨ ਆਉਂਦੇ ਧਨੌਲਾ ਥਾਣੇ ਦੇ ਥਾਣੇਦਾਰ ਨੂੰ ਵਿਜੀਲੈਂਸ ਬਿਊਰੋ ਵੱਲੋਂ ਵੱਢੀ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਬਰਨਾਲਾ ਦੇ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਮੁਦਈ ਜੋਗਾ ਸਿੰਘ ਵਾਸੀ ਬਡਬਰ ਨੇ ਰਿਸ਼ਵਤ ਮੰਗਣ ਸਬੰਧੀ ਵਿਜੀਲੈਂਸ ਬਿਊਰੋ ਬਰਨਾਲਾ ਕੋਲ ਸ਼ਿਕਾਇਤ ਦਿੱਤੀ ਸੀ। ਜਿਸ ‘ਤੇ ਤੁਰੰਤ ਕਾਰਵਾਈ ਕਰਦਿਆਂ ਥਾਣਾ ਧਨੌਲਾ ‘ਚ ਤਾਇਨਾਤ ਥਾਣੇਦਾਰ ਸੁਖਦੇਵ ਸਿੰਘ ਨੂੰ 8000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜੋਗਾ ਸਿੰਘ ਬਾਸੀ ਬਡਬਰ ਦੇ ਪੁੱਤਰ ਨਿਰਮਲ ਸਿੰਘ ਦੇ ਖ਼ਿਲਾਫ਼ ਐਨਡੀਪੀਐਸ ਦਾ ਇੱਕ ਮਾਮਲਾ ਦਰਜ਼ ਕੀਤਾ ਗਿਆ ਸੀ। ਜਿਸ ‘ਤੇ ਧਨੌਲਾ ਪੁਲਿਸ ਨੇ ਉਨ੍ਹਾਂ ਦੇ ਘਰ ਰੇਡ ਕਰਕੇ ਪਰਿਵਾਰ ਦੇ ਤਿੰਨ ਮੋਬਾਈਲ ਆਪਣੇ ਕਬਜ਼ੇ ਵਿੱਚ ਲੈ ਲਏ ਸੀ। ਜਿਸ ਨੂੰ ਉਨ੍ਹਾਂ ਦੇ ਪੁੱਤਰ ਨਿਰਮਲ ਸਿੰਘ ਖਿਲਾਫ਼ ਦਰਜ਼ ਕੀਤੇ ਮਾਮਲੇ ’ਚ ਸ਼ਾਮਲ ਨਹੀਂ ਕੀਤਾ ਗਿਆ ਸੀ। ਪਰਿਵਾਰ ਵੱਲੋਂ ਪੁਲਿਸ ਤੋਂ ਮੋਬਾਇਲ ਵਾਪਸ ਮੰਗੇ ਜਾ ਰਹੇ ਸੀ ਜਿਸ ’ਤੇ ਏ.ਐੱਸ.ਆਈ. ਸੁਖਦੇਵ ਸਿੰਘ ਨੇ ਰਿਸ਼ਵਤ ਦੇ ਤੌਰ ‘ਤੇ 10000 ਰੁਪਏ ਮੰਗੇ ਸਨ। ਜਿਸ ਦਾ ਸੌਦਾ 8000 ਰੁਪਏ ਵਿੱਚ ਤੈਅ ਹੋ ਗਿਆ ਸੀ। ਉਨਾਂ ਦੇ ਪਿੰਡ ਦੇ ਹੀ ਇੱਕ ਸਤਵਿੰਦਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਬਡਬਰ ਨੇ ਥਾਣੇਦਾਰ ਨੂੰ ਰਿਸ਼ਵਤ ਦਵਾਉਣ ਵਿੱਚ ਵਿਚੋਲਗੀ ਦਾ ਰੋਲ ਅਦਾ ਕੀਤਾ ਸੀ। ਜਿਸ ਨੂੰ ਵੀ ਵਿਜੀਲੈਂਸ ਨੇ ਥਾਣੇਦਾਰ ਨਾਲ ਹੀ ਗਿਰਫ਼ਤਾਰ ਕਰ ਲਿਆ ਹੈ। ਵਿਜੀਲੈਂਸ ਦੇ ਏਐਸਆਈ ਸਤਿਗੁਰ ਸਿੰਘ ਨੇ ਦੱਸਿਆ ਕਿ ਪੁਲਿਸ ਨਾਲ ਰਿਸ਼ਵਤ ਦਵਾਉਣ ਦੀ ਵਿਚੋਲਗੀ ਕਰਨ ਵਾਲੇ ਸਤਵਿੰਦਰ ਸਿੰਘ ਖਿਲਾਫ਼ ਪਹਿਲਾਂ ਵੀ ਇੱਕ ਵਿਚੋਲਗੀ ਦਾ ਹੀ ਮਾਮਲਾ ਦਰਜ਼ ਹੈ। ਵਿਜੀਲੈਂਸ ਬਿਊਰੋ ਬਰਨਾਲਾ ਨੇ ਏਐਸਆਈ ਸੁਖਦੇਵ ਸਿੰਘ ਤੇ ਉਸ ਦੇ ਨਿੱਜੀ ਸਾਥੀ ਸਤਵਿੰਦਰ ਸਿੰਘ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

Posted inਬਰਨਾਲਾ