ਬਰਨਾਲਾ, 19 ਅਗਸਤ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿੰਡ ਪੰਡੋਰੀ ਵਿੱਚ ਖਾਲਿਸਤਾਨ ਜ਼ਿੰਦਾਬਾਦ ਨਾਰੇ ਲਿਖਣ ਵਾਲੇ ਤਿੰਨ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਮੰਗਲਵਾਰ ਬਾਅਦ ਦੁਪਹਿਰ ਪ੍ਰੈੱਸ ਕਾਨਫਰੰਸ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫਰਾਜ ਆਲਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਪੰਡੋਰੀ ’ਚ ਘਰਾਂ ਦੀਆਂ ਕੰਧਾਂ ’ਤੇ ਗੁਰਮੀਤ ਸਿੰਘ ਉਰਫ ਟਾਂਡੀ, ਗੁਰਸੇਵਕ ਸਿੰਘ ਉਰਫ ਮਣੀ ਅਤੇ ਕਿਰਪਾ ਸਿੰਘ ਨਿਵਾਸੀ ਮਹਿਲ ਖੁਰਦ ਜ਼ਿਲਾ ਸੰਗਰੂਰ ਨੇ ਖਾਲਿਸਤਾਨੀ ਨਾਅਰੇ ਲਿਖੇ ਸਨ। ਉਹਨਾਂ ਦੱਸਿਆ ਕਿ ਪੁੱਛ ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਅਮਰੀਕਾ ਵਿੱਚ ਰਹਿੰਦੇ ਸੁਰਿੰਦਰ ਸਿੰਘ ਠੀਕਰੀਵਾਲ ਨੇ ਉਹਨਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਅਜਿਹੀ ਘਟਨਾ ਕਰਵਾਈ ਹੈ। ਮੁਲਜ਼ਮਾਂ ਖਿਲਾਫ ਪੁਲਿਸ ਨੇ ਪੰਜਾਬ ਪ੍ਰਵੇਜ਼ਨ ਐਕਟ ਦੇ ਤਹਿਤ ਪਰਚਾ ਦਰਜ ਕੀਤਾ ਹੈ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਇਹਨਾਂ ਤੋਂ ਵਾਰਦਾਤ ’ਚ ਵਰਤਿਆ ਗਿਆ ਮੋਟਰਸਾਈਕਲ, ਦੋ ਸਪਰੇ ਕੇਨ ਖਾਲੀ, ਇੱਕ ਸਪਰੇ ਕੇਨ ਭਰਿਆ ਹੋਇਆ, ਪੰਜ ਮੋਬਾਈਲ ਫੋਨ, ਨਹਿੰਗਾਂ ਦੇ ਦੋ ਬਾਣੇ ਬਰਾਮਦ ਹੋਏ ਹਨ। ਦੱਸ ਦਈਏ ਕਿ 14-15 ਅਗਸਤ ਦੀ ਦਰਮਿਆਨੀ ਰਾਤ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿੰਡ ਵਿੱਚ ਕੰਧਾਂ ਦੇ ਉੱਪਰ ‘ਖਾਲਿਸਤਾਨ ਜਿੰਦਾਬਾਦ’ ਲਿਖਣ ਦੀ ਨਾਹਰੇ ਲਿਖਣ ਦੀ ਗੱਲ ਸਾਹਮਣੇ ਆਈ ਸੀ। ਪੁਲਿਸ ਨੇ ਕਿਹਾ ਕਿ ਇਹਨਾਂ ਤੋਂ ਪੁੱਛਗਿਛ ਜਾਰੀ ਹੈ। ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਐੱਸ.ਪੀ. ਬਰਨਾਲਾ ਅਸ਼ੋਕ ਕੁਮਾਰ, ਡੀ.ਐੱਸ.ਪੀ. ਰਜਿੰਦਰ ਪਾਲ ਸਿੰਘ, ਡੀ.ਐੱਸ.ਪੀ. ਜਤਿੰਦਰ ਪਾਲ ਸਿੰਘ, ਡੀ.ਐੱਸ.ਪੀ. ਬਲਜੀਤ ਸਿੰਘ, ਸੀ.ਆਈ.ਏ. ਸਟਾਫ ਦੇ ਇੰਚਾਰਜ਼ ਇੰਸਪੈਕਟਰ ਬਲਜੀਤ ਸਿੰਘ, ਥਾਣਾ ਮਹਿਲ ਕਲਾਂ ਦੇ ਐਸ ਐਚ ਓ ਸ਼ੇਰਵਿੰਦਰ ਸਿੰਘ ਵੀ ਹਾਜ਼ਰ ਸਨ।

Posted inਬਰਨਾਲਾ