– ਨਸ਼ਿਆਂ ਤੇ ਔਰਤਾਂ ਖ਼ਿਲਾਫ਼ ਗੀਤ ਗਾਉਣ ਦਾ ਵਿਰੋਧ
– ਫ਼ਿਲਮ ਫ਼ੇਅਰ ’ਚ ਅਵਾਰਡ ਸ਼ੌਅ ’ਚ ਹਨੀ ਸਿੰਘ ਦੀ ਪੇਸ਼ਕਾਰੀ ਦੇਣ ਦਾ ਗਾਇਕ ਜਸਬੀਰ ਸਿੰਘ ਜੱਸੀ ਨੇ ਵੀ ਜਤਾਇਆ ਵਿਰੋਧ
ਚੰਡੀਗੜ੍ਹ, 21 ਅਗਸਤ (ਰਵਿੰਦਰ ਸ਼ਰਮਾ) : ਮੋਹਾਲੀ ‘ਚ 23 ਅਗਸਤ ਨੂੰ ਹੋਣ ਵਾਲੇ ਫਿਲਮਫੇਅਰ ਅਵਾਰਡ ਤੋਂ ਪਹਿਲਾਂ ਪੰਜਾਬੀ ਗਾਇਕ ਯੋ-ਯੋ ਹਨੀ ਸਿੰਘ ਖਿਲਾਫ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਿਕਾਇਤ ਕੀਤੀ ਗਈ ਹੈ। ਇਸ ਮਾਮਲੇ ਵਿੱਚ ਚੰਡੀਗੜ੍ਹ ਦੇ ਪ੍ਰੋ. ਪੰਡਿਤ ਰਾਓ ਧਰਨੇਵਰ ਨੇ ਸੀ.ਐਮ. ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਕਿਹਾ ਹੈ ਕਿ ਜੇਕਰ ਗਾਇਕ ਨੂੰ ਗਾਉਣ ਦੀ ਇਜਾਜ਼ਤ ਦੇਣੀ ਹੈ ਤਾਂ ਉਸ ਤੋਂ ਲਿਖਤੀ ਭਰੋਸਾ ਲਿਆ ਜਾਵੇ ਕਿ ਉਹ ਆਪਣੇ ਸ਼ਰਾਬ, ਨਸ਼ੇ ਅਤੇ ਔਰਤਾਂ ਦਾ ਅਪਮਾਨ ਕਰਨ ਵਾਲੇ ਯੂਟਿਊਬ ਗੀਤਾਂ ਨੂੰ ਹਟਾ ਦੇਵੇਗਾ। ਜੇਕਰ ਉਹ ਅਜਿਹਾ ਨਹੀਂ ਕਰਦਾ ਤਾਂ ਉਸ ਨੂੰ ਗਾਉਣ ਦਾ ਮੌਕਾ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਪੱਤਰ ਵਿੱਚ ਕਿਹਾ ਹੈ ਕਿ ਤੁਹਾਡੇ ਵੱਲੋਂ ਨਸ਼ਿਆਂ ਖਿਲਾਫ ਜੋ ਜੰਗ ਛੇੜੀ ਗਈ ਹੈ, ਉਸ ਨੂੰ ਦੇਖਦੇ ਹੋਏ ਇਹ ਜ਼ਰੂਰੀ ਹੈ।
ਪ੍ਰੋ. ਰਾਓ ਨੇ ਲਿਖਿਆ ਹੈ ਕਿ ਹਨੀ ਸਿੰਘ ਦੇ ਕਈ ਗੀਤ ਸ਼ਰਾਬ, ਨਸ਼ੇ ਅਤੇ ਗੰਨ ਕਲਚਰ ਨੂੰ ਉਤਸ਼ਾਹਿਤ ਕਰਦੇ ਹਨ। ਇੰਨਾ ਹੀ ਨਹੀਂ, ਯੂਟਿਊਬ ‘ਤੇ ਔਰਤਾਂ ਦਾ ਅਪਮਾਨ ਕਰਨ ਵਾਲੇ ਗੀਤ ਵੀ ਮੌਜੂਦ ਹਨ। ਪੰਜਾਬ ਮਹਿਲਾ ਕਮਿਸ਼ਨ ਨੇ ਅਸ਼ਲੀਲ ਸ਼ਬਦਾਵਲੀ ਦੀ ਵਰਤੋਂ ਕਰਨ ਲਈ ਹਨੀ ਸਿੰਘ ਨੂੰ ਨੋਟਿਸ ਭੇਜਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਕਮਿਸ਼ਨ ਅੱਗੇ ਪੇਸ਼ ਹੋਣ ਦੇ ਹੁਕਮ ਦਿੱਤੇ ਸਨ। ਪਰ ਅਜੇ ਤੱਕ ਹਨੀ ਸਿੰਘ ਕਮਿਸ਼ਨ ਅੱਗੇ ਪੇਸ਼ ਨਹੀਂ ਹੋਏ ਹਨ। ਇਸ ਦੇ ਨਾਲ ਹੀ ਕਮਿਸ਼ਨ ਨੇ ਪੁਲਿਸ ਨੂੰ ਇਸ ਮਾਮਲੇ ‘ਚ ਰਿਪੋਰਟ ਦੇਣ ਲਈ ਵੀ ਕਿਹਾ ਸੀ।

ਯੋ-ਯੋ ਹਨੀ ਸਿੰਘ ਦੇ ਫਿਲਮਫੇਅਰ ਅਵਾਰਡ ਵਿੱਚ ਪੇਸ਼ਕਾਰੀ ਲਾਫ ਪੰਜਾਬੀ ਗਾਇਕ ਜਸਬੀਰ ਸਿੰਘ ਜੱਸੀ ਵੀ ਖੁੱਲ੍ਹ ਕੇ ਸਾਹਮਣੇ ਆਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ੋਅ ਹੋਣਾ ਚੰਗੀ ਗੱਲ ਹੈ ਅਤੇ ਉਹ ਸਵਾਗਤ ਕਰਦੇ ਹਨ, ਪਰ ਹਨੀ ਸਿੰਘ ਵਰਗੇ ਕਲਾਕਾਰਾਂ ਨੂੰ ਸਟੇਜ ਦੇਣਾ ਗਲਤ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਹਨੀ ਸਿੰਘ ਦੇ ਗੀਤ ਬੱਚਿਆਂ ਨੂੰ ਸ਼ਰਾਬ ਅਤੇ ਨਸ਼ਿਆਂ ਵੱਲ ਧੱਕਦੇ ਹਨ ਅਤੇ ਔਰਤਾਂ ਦਾ ਅਪਮਾਨ ਕਰਦੇ ਹਨ। ਇੱਥੋਂ ਤੱਕ ਕਿ ਹਨੀ ਸਿੰਘ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਲੋਕਾਂ ਦੀਆਂ ਨਸਲਾਂ ਦੇ ਡੀ.ਐਨ.ਏ. ਵਿੱਚ ਨਸ਼ਾ ਘੋਲ ਦੇਣਗੇ।
ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਪੰਜਾਬ ਸਰਕਾਰ ਨਸ਼ਿਆਂ ਖਿਲਾਫ ਮੁਹਿੰਮ ਚਲਾ ਰਹੀ ਹੈ ਤਾਂ ਅਜਿਹੇ ਕਲਾਕਾਰ ਨੂੰ ਪੇਸ਼ਕਾਰੀ ਦੇਣ ਦੀ ਇਜਾਜ਼ਤ ਕਿਉਂ ਦਿੱਤੀ ਜਾ ਰਹੀ ਹੈ। ਜੱਸੀ ਨੇ ਕਿਹਾ ਕਿ ਨਿਮਰ ਰਹਿਣਾ ਕਮਜ਼ੋਰੀ ਨਹੀਂ ਹੈ ਅਤੇ ਉਹ ਕਿਸੇ ਵੀ ਤਰ੍ਹਾਂ ਦੀ ਤੁਲਨਾ ਜਾਂ ਚੁਣੌਤੀ ਨੂੰ ਸਵੀਕਾਰ ਕਰਨ ਲਈ ਤਿਆਰ ਹਨ।
ਅੰਤ ਵਿੱਚ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਅਜਿਹੇ ਕਲਾਕਾਰਾਂ ਦਾ ਵਿਰੋਧ ਕਰਨ ਦੀ ਅਪੀਲ ਕੀਤੀ, ਕਿਉਂਕਿ ਇਹ ਬੱਚਿਆਂ ਦੇ ਦਿਮਾਗ ਨੂੰ ਪ੍ਰਦੂਸ਼ਿਤ ਕਰ ਰਹੇ ਹਨ। ਉਨ੍ਹਾਂ ਸਾਫ਼ ਕਿਹਾ ਕਿ ਦੋਸਤੀ ਆਪਣੀ ਥਾਂ ਹੈ, ਪਰ ਜਦੋਂ ਗੱਲ ਪੰਜਾਬ ਦੀ ਹੋਵੇਗੀ ਤਾਂ ਉਹ ਹਮੇਸ਼ਾ ਪੰਜਾਬ ਦੇ ਨਾਲ ਖੜ੍ਹੇ ਰਹਿਣਗੇ।