ਮਾਨਸਾ, 21 ਅਗਸਤ (ਰਵਿੰਦਰ ਸ਼ਰਮਾ) : ਇੱਕ ਪਾਸੇ ਪੰਜਾਬ ਸਰਕਾਰ ਨਸ਼ਾ ਮੁਕਤ ਮੁਹਿੰਮ ਚਲਾ ਰਹੀ ਹੈ ਅਤੇ ਨਸ਼ੇ ਦਾ ਖਾਤਮਾ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਤਾਂ ਉਥੇ ਹੀ ਦੂਜੇ ਪਾਸੇ ਨੌਜਵਾਨ ਪੀੜ੍ਹੀ ਸ਼ਰੇਆਮ ਨਸ਼ਾ ਕਰਦੀ ਹੋਈ ਨਜ਼ਰ ਆ ਰਹੀ ਹੈ। ਨਸ਼ੇ ਦੀ ਓਵਰਡੋਜ ਦੇ ਨਾਲ ਪੰਜਾਬ ਦੇ ਵਿੱਚ ਨਿੱਤ ਦਿਨ ਮੌਤਾਂ ਹੋ ਰਹੀਆਂ ਹਨ ਅਤੇ ਪੰਜਾਬ ਦੀ ਜਵਾਨੀ ਨਿੱਤ ਦਿਨ ਸੜਕਾਂ ‘ਤੇ ਨਸ਼ੇ ਦੀ ਓਵਰਡੋਜ ਨਾਲ ਸੜਕਾਂ ਅਤੇ ਗਲੀਆਂ ਦੇ ਵਿੱਚ ਡਿੱਗੇ ਹੋਏ ਮਿਲਦੇ ਹਨ। ਮਾਨਸਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਲੜਕੀ ਸਮੇਤ ਤਿੰਨ ਨੌਜਵਾਨ ਚਿੱਟੇ ਦਾ ਸੇਵਨ ਕਰਦੇ ਹੋਏ ਕਾਬੂ ਕੀਤੇ ਗਏ। ਦਰਅਸਲ ਮਾਨਸਾ ਦੇ ਪਿੰਡ ‘ਚ ਜਿਸ ਵੇਲੇ ਸੜਕ ਕਿਨਾਰੇ ਦੋ ਮੁੰਡੇ ਅਤੇ ਇੱਕ ਕੁੜੀ ਨਸ਼ਾ ਕਰ ਰਹੇ ਸੀ ਤਾਂ ਮੁਹੱਲਾ ਵਾਸੀਆਂ ਨੇ ਮਾਨਸਾ ਦੇ ਵਿੱਚ ਨਸ਼ਿਆਂ ਦੇ ਖਿਲਾਫ ਆਵਾਜ਼ ਉਠਾਉਣ ਵਾਲੇ ਪਰਵਿੰਦਰ ਝੋਟੇ ਨੂੰ ਸੂਚਨਾ ਪਹੁੰਚਾਈ। ਜਿਸ ਤੋਂ ਬਾਅਦ ਤੁਰੰਤ ਹੀ ਪੁਲਿਸ ਪਾਰਟੀ ਨੂੰ ਲੈਕੇ ਪਰਵਿੰਦਰ ਸਿੰਘ ਮੌਕੇ ਉੱਤੇ ਪਹੁੰਚ ਗਿਆ। ਸਮਾਜ ਸੇਵੀ ਪਰਵਿੰਦਰ ਸਿੰਘ ਝੋਟੇ ਨੇ ਪੁਲਿਸ ਪਾਰਟੀ ਨੂੰ ਕਿਹਾ ਕਿ ‘ਇਨ੍ਹਾਂ ਬੱਚਿਆਂ ਨੂੰ ਕਾਬੂ ਕਰਨ ਦੀ ਬਜਾਏ ਉਨ੍ਹਾਂ ਲੋਕਾਂ ਤੱਕ ਪਹੁੰਚ ਕੀਤੀ ਜਾਵੇ ਜੋ ਲੋਕ ਇਨ੍ਹਾਂ ਬੱਚਿਆਂ ਨੂੰ ਨਸ਼ਾ ਵੇਚ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਕਾਬੂ ਕੀਤਾ ਜਾ ਸਕੇ, ਇਹ ਬੱਚੇ ਮੁਲਜ਼ਮ ਨਹੀਂ ਹਨ ਬਲਕਿ ਮਰੀਜ਼ ਹਨ ਜਿਨ੍ਹਾਂ ਨੂੰ ਇਲਾਜ ਦੀ ਲੋੜ ਹੈ ਅਤੇ ਪੁਲਿਸ ਇਨ੍ਹਾਂ ਦਾ ਟੈਸਟ ਕਰਵਾ ਕੇ ਡਾਕਟਰੀ ਸਹੂਲਤ ਦਿਵਾਏ।’ ਇਸ ਤੋਂ ਬਾਅਦ ਪੁਲਿਸ ਨੂੰ ਨਾਲ ਲੈਕੇ ਪਰਵਿੰਦਰ ਉਨ੍ਹਾਂ ਲੋਕਾਂ ਦੇ ਘਰ ਰੇਡ ਮਾਰਨ ਲਈ ਪਹੁੰਚਿਆ ਜਿਨਾਂ ਤੋਂ ਨੌਜਵਾਨ ਨਸ਼ਾ ਲੈਕੇ ਆਏ ਸਨ। ਪੁਲਿਸ ਨੇ ਮੌਕੇ ਦੀ ਜਾਂਚ ਪੜਤਾਲ ਕੀਤੀ ਅਤੇ ਮਾਮਲੇ ‘ਚ ਦੋ ਔਰਤਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਉਧਰ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਹੜਾ ਵੀ ਮੁਲਜ਼ਮ ਪਾਇਆ ਗਿਆ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਉਥੇ ਹੀ ਨਸ਼ਾ ਕਰਨ ਵਾਲੀ ਪੀੜਤ ਲੜਕੀ ਨੇ ਦੱਸਿਆ ਕਿ ਉਹ ਚੰਡੀਗੜ੍ਹ ਵਿਖੇ ਨਰਸਿੰਗ ਦਾ ਕੰਮ ਕਰਦੀ ਹੈ ਅਤੇ ਉਸ ਦੇ ਦੋਸਤਾਂ ਨੇ ਉਸ ਨੂੰ ਚਿੱਟੇ ਦੇ ਆਦੀ ਬਣਾ ਦਿੱਤਾ। ਉਹ ਪਿਛਲੇ ਦੋ ਮਹੀਨਿਆਂ ਤੋਂ ਮਾਨਸਾ ਆ ਕੇ ਲਗਾਤਾਰ ਨਸ਼ਾ ਕਰ ਰਹੀ ਹੈ।
