– ਕੇਂਦਰ ਵਿੱਚ ਮਰੀਜ਼ਾਂ ਲਈ ਰਜਿਸਟ੍ਰੇਸ਼ਨ ਕਾਊਂਟਰ, ਵੇਟਿੰਗ ਹਾਲ ਵੀ ਹੋਵੇਗਾ
– ਕੇਂਦਰ ਦੀ ਉਸਾਰੀ ਲਈ ਹਰਿਆਲੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ
ਬਰਨਾਲਾ, 21 ਅਗਸਤ (ਰਵਿੰਦਰ ਸ਼ਰਮਾ) : ਸਿਵਲ ਹਸਪਤਾਲ ਬਰਨਾਲਾ ਵਿਖੇ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਲਈ ਕਾਊਂਟਰ ਅਤੇ ਏ.ਸੀ. ਵਾਲਾ ਵੇਟਿੰਗ ਹਾਲ ਮੁਹੱਈਆ ਕਰਵਾਉਣ ਲਈ 70 ਲੱਖ ਰੁਪਏ ਦੀ ਲਾਗਤ ਨਾਲ ਸੁਵਿਧਾ ਕੇਂਦਰ ਬਣਾਇਆ ਜਾਣਾ ਹੈ। ਇਹ ਮਰੀਜ਼ਾਂ/ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਇਲਾਜ ਲਈ ਰਜਿਸਟਰ ਕਰਾਉਣ ਵਿੱਚ ਮਦਦਗਾਰ ਹੋਵੇਗਾ ਅਤੇ ਉਹਨਾਂ ਨੂੰ ਵੇਟਿੰਗ ਰੂਮ ਦੀ ਵੀ ਸੁਵਿਧਾ ਮੁਹਈਆ ਕਰਵਾਈ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਬਰਨਾਲਾ ਡਾ: ਬਲਜੀਤ ਸਿੰਘ ਨੇ ਦੱਸਿਆ ਕਿ ਹਸਪਤਾਲ ਦੀ ਚਾਰਦੀਵਾਰੀ ਵਿੱਚ ਜਗ੍ਹਾ ਦੀ ਘਾਟ ਕਾਰਨ ਇਸ ਸੈਂਟਰ ਨੂੰ ਸਥਾਪਿਤ ਕਰਨ ਲਈ ਕੋਈ ਹੋਰ ਢੁੱਕਵੀਂ ਥਾਂ ਉਪਲਬਧ ਨਹੀਂ ਹੈ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਰੀਜ਼ਾਂ ਨੂੰ ਸੁਵਿਧਾ ਕੇਂਦਰ ਪਹੁੰਚਣ ‘ਚ ਕਿਸੇ ਪ੍ਰਕਾਰ ਦੀ ਸਮਸਿਆ ਨਹੀਂ ਆਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਹਸਪਤਾਲ ਦੀ ਚਾਰਦੀਵਾਰੀ ਵਿੱਚ ਕੋਈ ਵੀ ਅਸੁਰੱਖਿਅਤ ਇਮਾਰਤ ਨਹੀਂ ਹੈ, ਜਿਸ ਨੂੰ ਢਾਹ ਕੇ ਕੇਂਦਰ ਲਈ ਨਵੀਂ ਇਮਾਰਤ ਬਣਾਈ ਜਾ ਸਕਦੀ ਹੋਵੇ। ਉਨ੍ਹਾਂ ਕਿਹਾ ਕਿ ਐਸ.ਡੀ.ਐਮ ਬਰਨਾਲਾ ਅਤੇ ਸਿਹਤ ਵਿਭਾਗ ਨੇ ਸਿਵਲ ਹਸਪਤਾਲ ਬਚਾਓ ਕਮੇਟੀ ਨਾਲ ਦੋ ਵਾਰ ਗੱਲਬਾਤ ਕਰਕੇ ਉਨ੍ਹਾਂ ਨੂੰ ਮਰੀਜ਼ਾਂ/ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਇਸ ਸਹੂਲਤ ਦੀ ਸਖ਼ਤ ਲੋੜ ਬਾਰੇ ਦੱਸਿਆ ਹੈ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਬਰਨਾਲਾ ਨੇ ਕਮੇਟੀ ਮੈਂਬਰਾਂ ਨੂੰ ਨਾਲ ਲੈ ਕੇ 18 ਅਗਸਤ ਦੀ ਸ਼ਾਮ ਨੂੰ ਸਿਵਲ ਹਸਪਤਾਲ ਦਾ ਦੌਰਾ ਕਰਕੇ ਕੇਂਦਰ ਲਈ ਬਦਲਵੀਂ ਥਾਵਾਂ ਦੀ ਜਾਂਚ ਕੀਤੀ। ਹਾਲਾਂਕਿ, ਕਮੇਟੀ ਦੇ ਮੈਂਬਰਾਂ ਨੇ ਕੇਂਦਰ ਲਈ ਇੱਕ ਬਦਲਵੀਂ ਥਾਂ ਬਾਰੇ ਜਾਣਕਾਰੀ ਦਿੱਤੀ ਸੀ, ਜੋ ਕਿ ਅਮਲੀ ਤੌਰ ‘ਤੇ ਸੰਭਵ ਨਹੀਂ ਸੀ।
ਡਾ: ਬਲਜੀਤ ਸਿੰਘ ਨੇ ਦੱਸਿਆ ਕਿ ਪ੍ਰਸਤਾਵਿਤ ਸੁਵਿਧਾ ਕੇਂਦਰ ਵਿੱਚ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਕੁਰਸੀਆਂ, ਬੈਂਚ, ਪੀਣ ਵਾਲੇ ਪਾਣੀ, ਪਖਾਨੇ ਆਦਿ ਸਮੇਤ 65 ਸੀਟਾਂ ਵਾਲਾ ਏ.ਸੀ. ਹਾਲ ਹੋਵੇਗਾ। ਇਸ ਕੇਂਦਰ ਦੀ ਫੌਰੀ ਲੋੜ ਹੈ ਕਿਉਂਕਿ ਇਸ ਵੇਲੇ ਹਸਪਤਾਲ ਵਿੱਚ ਅਜਿਹੀ ਕੋਈ ਕੇਂਦਰਿਤ ਸਹੂਲਤ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਾਤਾਵਰਨ ਦੀ ਸੁਰੱਖਿਆ ਦੇ ਨਾਲ-ਨਾਲ ਸਿਵਲ ਹਸਪਤਾਲ ਵਿੱਚ ਓ.ਪੀ.ਡੀ. ਚ ਆਏ ਮਰੀਜ਼ਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ। ਐਕਸੀਅਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਬਰਨਾਲਾ ਸੰਜੇ ਜਿੰਦਲ ਨੇ ਦੱਸਿਆ ਕਿ ਸੈਂਟਰ ਨੂੰ ਇਸ ਤਰੀਕੇ ਨਾਲ ਡਿਜ਼ਾਇਨ ਕੀਤਾ ਗਿਆ ਹੈ ਕਿ ਪਾਰਕ ਵਿੱਚ ਕੋਈ ਦਰੱਖਤ ਨਹੀਂ ਪੁੱਟਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਕ ਦੇ ਦੋ-ਤਿਹਾਈ ਹਿਸੇ ਵਿਚ ਕੋਈ ਵੀ ਉਸਾਰੀ ਨਹੀਂ ਕੀਤੀ ਹਾਵੇਗੀ। ਪ੍ਰਸ਼ਾਸਨ ਨੇ ਹੋਰ ਢੁਕਵੇਂ ਖੇਤਰਾਂ ਵਿੱਚ ਰੁੱਖ ਲਗਾਉਣ ਦੀ ਤਜਵੀਜ਼ ਰੱਖੀ ਹੈ। ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਜੋ ਵੀ ਵਿਕਲਪ ਸੁਝਾਏ ਗਏ ਸਨ, ਉਨ੍ਹਾਂ ਨੂੰ ਘੋਖਿਆ ਗਿਆ ਅਤੇ ਇਸ ਦੀ ਗੈਰ-ਵਿਹਾਰਕਤਾ ਬਾਰੇ ਕਮੇਟੀ ਨੂੰ ਦੱਸਿਆ ਗਿਆ।