ਬਰਨਾਲਾ, 21 ਅਗਸਤ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਦੇ ਥਾਣਾ ਰੂੜੇਕੇ ਕਲਾਂ ਦੀ ਮਹਿਲਾ ਐੱਸ.ਐੱਚ.ਓ. ’ਤੇ ਇਕ ਔਰਤ ਨੂੰ ਨਜਾਇਜ਼ ਹਿਰਾਸਤ ਵਿੱਚ ਰੱਖਣ ਅਤੇ ਕੁੱਟਮਾਰ ਕਰਨ ਦੇ ਦੋਸ਼ ਲੱਗੇ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਸਿਵਲ ਹਸਪਤਾਲ ਬਰਨਾਲਾ ਵਿੱਚ ਜੇਰੇ ਇਲਾਜ ਸੰਦੀਪ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਖੁੱਡੀ ਪੱਤੀ ਧੌਲਾ ਨੇ ਦੱਸਿਆ ਕਿ ਪਿੰਡ ਧੌਲਾ ਵਿਖੇ ਇੱਕ ਪਲਾਟ ਦੇ ਨਾਲ ਸੰਬੰਧਿਤ ਉਹਨਾਂ ਦਾ ਪਿੰਡ ਦੇ ਹੀ ਕਿਸੇ ਹੋਰ ਵਿਅਕਤੀ ਨਾਲ ਝਗੜਾ ਚੱਲ ਰਿਹਾ ਹੈ, ਜਿਸ ਸਬੰਧੀ 16 ਅਗਸਤ ਨੂੰ ਉਸਦੇ ਪਤੀ ਕੁਲਦੀਪ ਸਿੰਘ ਅਤੇ ਕੁਝ ਹੋਰ ਵਿਅਕਤੀਆਂ ਦੀ ਦੂਜੀ ਧਿਰ ਦੇ ਕੁਲਦੀਪ ਸਿੰਘ ਨਾਲ ਝਗੜੇ ਵਾਲੀ ਜਗ੍ਹਾ ‘ਤੇ ਲੜਾਈ ਹੋਈ। ਇਸ ਲੜਾਈ ਵਿੱਚ ਦੂਜੀ ਧਿਰ ਦੇ ਕੁਲਦੀਪ ਸਿੰਘ ਦੇ ਸੱਟਾਂ ਲੱਗੀਆਂ, ਜੋ ਹਸਪਤਾਲ ਵਿੱਚ ਦਾਖ਼ਲ ਹੈ ਅਤੇ ਉਸਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਰੂੜੇਕੇ ਕਲਾਂ ਦੀ ਪੁਲਿਸ ਨੇ ਸੰਦੀਪ ਕੌਰ ਦੇ ਪਤੀ ਕੁਲਦੀਪ ਸਿੰਘ ਅਤੇ ਪੰਜ ਹੋਰ ਜਣਿਆਂ ਦੇ ਖ਼ਿਲਾਫ਼ ਬੀਐਨਐਸ ਐਕਟ 2023 ਦੀ ਧਾਰਾ 115(2), 118(1), 303(2),190 ਅਤੇ 191(3) ਤਹਿਤ ਮੁਕੱਦਮਾ 18 ਅਗਸਤ ਨੂੰ ਦਰਜ ਕੀਤਾ ਗਿਆ।
ਸੰਦੀਪ ਕੌਰ ਨੇ ਦੱਸਿਆ ਕਿ ਮੁਕੱਦਮਾ ਦਰਜ ਹੋਣ ਤੋਂ ਬਾਅਦ ਉਸ ਦਾ ਪਤੀ ਕੁਲਦੀਪ ਸਿੰਘ ਘਰੋਂ ਕਿਧਰੇ ਚਲਿਆ ਗਿਆ ਪ੍ਰੰਤੂ ਥਾਣਾ ਰੂੜੇਕੇ ਕਲਾਂ ਦੀ ਪੁਲਿਸ ਨੇ ਉਸ ਨੂੰ (ਸੰਦੀਪ ਕੌਰ ਨੂੰ) ਥਾਣੇ ਬਿਠਾ ਲਿਆ ਪ੍ਰੰਤੂ ਮੋਹਤਬਰਾਂ ਨੇ ਉਸ ਨੂੰ ਛੁਡਵਾਇਆ। ਜਿਸ ਤੋਂ ਬਾਅਦ ਉਹ ਪੁਲਿਸ ਤੋਂ ਡਰਦੀ ਆਪਣੇ ਬੱਚਿਆਂ ਸਮੇਤ ਆਪਣੀ ਭੂਆ ਕੋਲ ਪਿੰਡ ਮੂਲੋਵਾਲ ਚਲੀ ਗਈ। ਸੰਦੀਪ ਕੌਰ ਨੇ ਦੱਸਿਆ ਕਿ ਬੀਤੀ ਰਾਤ ਵਕਤ ਤਕਰੀਬਨ 9 ਵਜੇ ਥਾਣਾ ਰੂੜੇਕੇ ਕਲਾਂ ਦੀ ਐੱਸਐੱਚਓ ਰੇਨੂ ਪਰੋਚਾ ਸਮੇਤ ਚਾਰ ਪੰਜ ਹੋਰ ਮੁਲਾਜ਼ਮ ਦੋ ਗੱਡੀਆਂ ‘ਤੇ ਮੂਲੋਵਾਲ ਉਸਦੀ ਭੂਆ ਦੇ ਘਰ ਆਏ ਅਤੇ ਉਸਨੂੰ ਕੁੱਟਮਾਰ ਕਰਦੇ ਹੋਏ ਗੱਡੀ ’ਚ ਬਿਠਾ ਕੇ ਲੈ ਗਏ। ਸੰਦੀਪ ਕੌਰ ਨੇ ਇਹ ਵੀ ਦੋਸ਼ ਲਗਾਏ ਕਿ ਭਾਵੇਂ ਕਿ ਉਸ ਨੂੰ ਮੂਲੋਵਾਲ ਤੋਂ ਵਕਤ ਕਰੀਬ 9 ਵਜੇ ਪੁਲਿਸ ਐੱਸਐੱਚਓ ਰੇਨੂ ਪਰੋਚਾ ਦੀ ਅਗਵਾਈ ਹੇਠ ਲੈ ਕੇ ਆਈ ਪਰ ਸਾਰੀ ਰਾਤ ਉਸਨੂੰ ਸੜਕਾਂ ‘ਤੇ ਘੁਮਾਉਂਦੇ ਰਹੇ ਅਤੇ ਸਵੇਰੇ ਕਰੀਬ ਤਿੰਨ ਚਾਰ ਵਜੇ ਥਾਣਾ ਰੂੜੇਕੇ ਕਲਾਂ ਲੈ ਕੇ ਆਏ। ਸੰਦੀਪ ਕੌਰ ਨੇ ਕਿਹਾ ਕਿ ਇਸ ਦੌਰਾਨ ਰਸਤੇ ਵਿੱਚ ਐੱਸਐੱਚਓ ਨੇ ਉਸ ਦੀ ਕਈ ਵਾਰ ਕੁੱਟਮਾਰ ਕੀਤੀ, ਜਿਸ ਦੀਆਂ ਸੱਟਾਂ ਵੀ ਸੰਦੀਪ ਕੌਰ ਨੇ ਪੱਤਰਕਾਰਾਂ ਨੂੰ ਦਿਖਾਈਆਂ। ਸੰਦੀਪ ਕੌਰ ਨੇ ਦੋਸ਼ ਲਗਾਏ ਕਿ ਉਸਦੇ ਪਤੀ ਅਤੇ ਪੰਜ ਹੋਰ ਜਣਿਆਂ ਦੇ ਖ਼ਿਲਾਫ਼ ਲੜਾਈ ਝਗੜੇ ਸਬੰਧੀ ਮੁਕੱਦਮੇ ਵਿੱਚ ਉਸ ਦਾ ਨਾਮ ਨਹੀਂ ਹੈ ਪ੍ਰੰਤੂ ਫਿਰ ਵੀ ਥਾਣਾ ਰੂੜੇਕੇ ਕਲਾਂ ਦੀ ਪੁਲਿਸ ਨੇ ਐਸਐਚਓ ਦੀ ਅਗਵਾਈ ਹੇਠ ਉਸ ਨੂੰ ਰਾਤ ਭਰ ਨਜਾਇਜ਼ ਹਿਰਾਸਤ ਵਿੱਚ ਰੱਖਿਆ ਤੇ ਕੁੱਟਮਾਰ ਕੀਤੀ। ਅੱਜ ਸਵੇਰੇ ਜਦੋਂ ਕਿਸੇ ਰਾਹੀਂ ਇਸ ਘਟਨਾ ਦਾ ਮਜ਼ਦੂਰ ਆਗੂ ਕਾਮਰੇਡ ਮੱਖਣ ਸਿੰਘ ਰਾਮਗੜ੍ਹ ਨੂੰ ਪਤਾ ਲੱਗਿਆ ਤਾਂ ਉਹਨਾਂ ਪਿੰਡ ਦੇ ਕਿਸੇ ਵਿਅਕਤੀ ਨੂੰ ਨਾਲ ਲੈ ਕੇ ਸੰਦੀਪ ਕੌਰ ਨੂੰ ਛੁਡਵਾਇਆ ਅਤੇ ਉਸ ਦੀਆਂ ਸੱਟਾਂ ਨੂੰ ਵੇਖਦੇ ਹੋਏ ਸਿਵਲ ਹਸਪਤਾਲ ਬਰਨਾਲਾ ਦਾਖਲ ਕਰਵਾਇਆ। ਸੰਦੀਪ ਕੌਰ ਨੇ ਪੱਤਰਕਾਰਾਂ ਨੂੰ ਇਹ ਵੀ ਦੱਸਿਆ ਕਿ ਜਿਸ ਪਲਾਟ ਦਾ ਝਗੜਾ ਹੈ ਉਸ ਦੀ ਰਜਿਸਟਰੀ ਉਹਨਾਂ ਦੇ ਨਾਮ ਹੈ ਅਤੇ ਇੰਤਕਾਲ ਵੀ ਉਹਨਾਂ ਦੇ ਨਾਮ ਦਰਜ ਹੋ ਚੁੱਕਿਆ ਹੈ ਪਰ ਦੂਜੀ ਧਿਰ ਵੱਲੋਂ ਉਹਨਾਂ ਨੂੰ ਕਬਜ਼ਾ ਨਹੀਂ ਕਰਨ ਦਿੱਤਾ ਜਾ ਰਿਹਾ।
ਜਿਸ ਵੇਲੇ ਸਿਵਿਲ ਹਸਪਤਾਲ ਪੱਤਰਕਾਰ ਸੰਦੀਪ ਕੌਰ ਨਾਲ ਗੱਲਬਾਤ ਕਰ ਰਹੇ ਸਨ ਤਾਂ ਉਸ ਵੇਲੇ ਉੱਥੇ ਮਜ਼ਦੂਰ ਆਗੂ ਭਗਵੰਤ ਸਿੰਘ ਸਮਾਓ, ਕਾਮਰੇਡ ਮੱਖਣ ਰਾਮਗੜ੍ਹ ਅਤੇ ਹੋਰ ਆਗੂ ਵੀ ਪੁੱਜੇ ਹੋਏ ਸਨ ਜਿਨਾਂ ਨੇ ਪੁਲਿਸ ਦੀ ਇਸ ਗੁੰਡਾਗਰਦੀ ਤੇ ਧੱਕੇਸ਼ਾਹੀ ਦੀ ਨਿੰਦਾ ਕਰਦੇ ਹੋਏ ਐਸਐਸਪੀ ਬਰਨਾਲਾ ਤੋਂ ਮੰਗ ਕੀਤੀ ਕਿ ਜਦੋਂ ਮੁਕਦਮੇ ਵਿੱਚ ਸੰਦੀਪ ਕੌਰ ਦਾ ਨਾਮ ਹੀ ਦਰਜ ਨਹੀਂ ਤਾਂ ਉਸ ਨੂੰ ਨਜਾਇਜ਼ ਹਰਾਸਤ ਵਿੱਚ ਰੱਖ ਕੇ ਨਜਾਇਜ਼ ਤਸ਼ੱਦਦ ਕਰਨ ਵਾਲੀ ਐੱਸਐੱਚਓ ਤੇ ਉਸਦੇ ਨਾਲ ਹਾਜ਼ਰ ਹੋਰ ਪੁਲਿਸ ਮੁਲਾਜ਼ਮਾਂ ‘ਤੇ ਕਾਰਵਾਈ ਕੀਤੀ ਜਾਵੇ। ਕਾਮਰੇਡ ਭਗਵੰਤ ਸਿੰਘ ਨੇ ਕਿਹਾ ਕਿ ਜਦੋਂ ਦਰਜ ਮੁਕਦਮੇ ਵਿੱਚ ਔਰਤ ਸੰਦੀਪ ਕੌਰ ਦਾ ਨਾਮ ਹੀ ਨਹੀਂ ਤਾਂ ਉਸ ਨੂੰ ਨਜਾਇਜ਼ ਹਿਰਾਸਤ ਵਿੱਚ ਰੱਖ ਕੇ ਕੁੱਟਮਾਰ ਕਰਨਾ ਸਿਰੇ ਦੀ ਗੁੰਡਾਗਰਦੀ ਹੈ। ਕਾਮਰੇਡ ਭਗਵੰਤ ਸਿੰਘ ਅਤੇ ਕਾਮਰੇਡ ਮੱਖਣ ਸਿੰਘ ਰਾਮਗੜ੍ਹ ਨੇ ਕਿਹਾ ਕਿ ਜੇਕਰ ਜ਼ਿਲ੍ਹਾ ਪੁਲਿਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਵੇਗੀ ਤਾਂ ਉਹ ਸੰਦੀਪ ਕੌਰ ਨੂੰ ਇਨਸਾਫ ਦਵਾਉਣ ਲਈ ਜਨਤਕ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਵੀ ਕਰਨਗੇ। ਇੱਕ ਮਹਿਲਾ ਐਸਐਚਓ ਵੱਲੋਂ ਇੱਕ ਮਹਿਲਾ ਨੂੰ ਹੀ ਨਜਾਇਜ਼ ਹਿਰਾਸਤ ਵਿੱਚ ਰੱਖਣ ਅਤੇ ਕੀਤੇ ਤਸ਼ੱਦਦ ਸਬੰਧੀ ਜਦ ਪੱਖ ਜਾਨਣ ਲਈ ਐਸਐਚਓ ਥਾਣਾ ਰੂੜੇਕੇ ਰੇਨੂ ਪਰੋਚਾ ਨਾਲ ਫੋਨ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੰਪਰਕ ਨਹੀਂ ਹੋ ਸਕਿਆ। ਇਸ ਮਾਮਲੇ ਸਬੰਧੀ ਪੱਖ ਜਾਨਣ ਲਈ ਡੀਐਸਪੀ ਤਪਾ ਗੁਰਵਿੰਦਰ ਸਿੰਘ ਨਾਲ ਵੀ ਫੋਨ ਕੀਤਾ ਪ੍ਰੰਤੂ ਉਹਨਾਂ ਨੇ ਵੀ ਫੋਨ ਨਹੀਂ ਚੁੱਕਿਆ ਜਿਸ ਤੋਂ ਬਾਅਦ ਪੁਲਿਸ ਦਾ ਪੱਖ ਜਾਣਨ ਲਈ ਐਸਐਸਪੀ ਬਰਨਾਲਾ ਮਹੰਮਦ ਸਰਫਰਾਜ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ ਅਤੇ ਅੱਜ ਕੁਝ ਮੋਹਤਬਰ ਵਿਅਕਤੀ ਸੰਦੀਪ ਕੌਰ ਨੂੰ ਥਾਣੇ ‘ਚੋਂ ਲੈ ਆਏ ਹਨ। ਜਦੋਂ ਐਸਐਸਪੀ ਨੂੰ ਇਹ ਦੱਸਿਆ ਗਿਆ ਕਿ ਉਹ ਔਰਤ ਇਸ ਵੇਲੇ ਸਿਵਿਲ ਹਸਪਤਾਲ ਵਿੱਚ ਦਾਖਲ ਹੈ ਤੇ ਉਸਦੇ ਕਾਫੀ ਗੰਭੀਰ ਸੱਟਾਂ ਲੱਗੀਆਂ ਹੋਈਆਂ ਨੇ ਤਾਂ ਐਸਐਸਪੀ ਨੇ ਕਿਹਾ ਕਿ ਉਹ ਇਸ ਦੀ ਪੜ੍ਹਤਾਲ ਕਰਵਾਉਣਗੇ।
