ਬਰਨਾਲਾ, 22 ਅਗਸਤ (ਰਵਿੰਦਰ ਸ਼ਰਮਾ) : ਬਰਨਾਲਾ ਪੁਲਿਸ ਨੇ ਚੋਰ ਗਿਰੋਹ ਦਾ ਪਰਦਾਫ਼ਾਸ਼ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਕ ਗਿਰੋਹ ਦੇ ਤਿੰਨ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿੰਨ੍ਹਾਂ ਮੰਨਿਆਂ ਕਿ ਉਨ੍ਹਾਂ ਬਰਨਾਲਾ ’ਚ ਕਈ ਚੋਰੀਆਂ ਨੂੰ ਅੰਜ਼ਾਮ ਦਿੱਤਾ ਹੈ। ਥਾਣਾ ਸਿਟੀ 2 ਵਿਖੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਸਤਵੀਰ ਸਿੰਘ ਬੈਂਸ ਡੀ.ਐੱਸ.ਪੀ. ਸਿਟੀ, ਚਰਨਜੀਤ ਸਿੰਘ ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਨੇ ਲਛਮਣ ਦਾਸ ਵਾਸੀ ਗਲੀ ਨੰਬਰ 4 ਸੇਖਾ ਰੋਡ ਬਰਨਾਲਾ ਦੇ ਬਿਆਨਾਂ ਦੇ ਆਧਾਰ ’ਤੇ 19 ਅਗਸਤ ਨੂੰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਘਰ ’ਚ ਚੋਰੀ ਕਰਨ ਦਾ ਮਾਮਲਾ ਦਰਜ ਕੀਤਾ ਸੀ। ਥਾਣਾ ਮੁਖੀ ਚਰਨਜੀਤ ਸਿੰਘ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਰਾਜੀਵ ਕੁਮਾਰ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕੀਤੀ ਤੇ ਪਵਨਪ੍ਰੀਤ ਉਰਫ਼ ਪੀਤੂ ਵਾਸੀ ਭਦੌੜ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ਤੋਂ ਪੁੱਛ ਗਿੱਛ ਦੇ ਆਧਾਰ ’ਤੇ ਕਾਲਾ ਸਿੰਘ ਉਰਫ ਕਾਲੂ ਵਾਸੀ ਪਿੰਡ ਸਧਾਣਾ ਜ਼ਿਲ੍ਹਾ ਬਠਿੰਡਾ ਅਤੇ ਕਪੂਰ ਮੁਹੰਮਦ ਵਾਸੀ ਨੈਣੇਵਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹਨਾਂ ਤੋਂ ਪੁੱਛ ਗਿੱਛ ਅਤੇ ਨਿਸ਼ਾਨਦੇਹੀ ਦੇ ਆਧਾਰ ’ਤੇ 1 ਲੱਖ 38 ਹਜ਼ਾਰ ਦੀ ਨਗਦੀ ਬਰਾਮਦ ਕੀਤੀ ਗਈ ਤੇ ਗਹਿਣੇ ਵੀ ਬਰਾਮਦ ਕੀਤੇ ਗਏ। ਪਵਨਪ੍ਰੀਤ ਪ੍ਰੀਤੂ ਨੇ ਮੰਨਿਆ ਕਿ ਬੱਸ ਸਟੈਂਡ ਬਰਨਾਲਾ ਦੇ ਕੋਲ ਇੱਕ ਘਰ ’ਚ ਉਸ ਨੇ ਗਹਿਣੇ ਵੀ ਚੋਰੀ ਕੀਤੇ ਸਨ। ਇਹਨਾਂ ਮੁਲਜ਼ਮਾਂ ਤੋਂ ਪੁਲਿਸ ਨੇ ਕਰੀਬ ਚਾਰ ਤੋਲੇ ਸੋਨਾ ਵੀ ਬਰਾਮਦ ਕੀਤਾ ਹੈ। ਪੁਲਿਸ ਨੇ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Posted inਬਰਨਾਲਾ