ਬਰਨਾਲਾ, 22 ਅਗਸਤ (ਰਵਿੰਦਰ ਸ਼ਰਮਾ) : ਚੋਰਾਂ ਦੁਆਰਾ ਸਰਕਾਰੀ ਹਸਪਤਾਲ ਹੰਡਿਆਇਆ ਦੇ ਬੰਦ ਪਏ ਹਿੱਸੇ ਵਿਚੋਂ ਬਹੁਤ ਸਾਰਾ ਸਮਾਨ ਚੋਰੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਬਾਰੇ ਪੱਤਰਕਾਰਾਂ ਨੂੰ ਸਾਂਝੇ ਤੌਰ ਤੇ ਜਾਣਕਾਰੀ ਦਿੰਦੇ ਹੋਏ ਮਲਟੀ ਪਰਪਸ ਹੈਲਥ ਵਰਕਰ (ਫੀਮੇਲ) ਅੰਮ੍ਰਿਤ ਪਾਲ ਕੌਰ, ਲਖਵਿੰਦਰ ਕੌਰ ਤੇ ਮਲਟੀ ਪਰਪਸ ਹੈਲਥ ਵਰਕਰ (ਮੇਲ) ਅਮਰਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਸਫਾਈ ਕਰਮਚਾਰੀ ਨੇ ਸਫਾਈ ਕਰਦੇ ਸਮੇਂ ਦੇਖਿਆ ਕਿ ਹਸਪਤਾਲ ਦੀਆਂ ਦੋਨੋਂ ਪੁਰਾਣੀਆਂ ਬਿਲਡਿੰਗਾਂ ਦੇ ਤਾਲੇ ਤੋੜੇ ਪਏ ਹਨ ਤਾਂ ਅਸੀਂ ਅੰਦਰ ਜਾ ਕੇ ਦੇਖਿਆ ਕਿ ਦੋਨਾਂ ਬਿਲਡਿੰਗਾਂ ਵਿੱਚੋਂ ਕਾਫੀ ਸਮਾਨ ਚੋਰੀ ਹੋ ਚੁੱਕਾ ਸੀ। ਜਿਸ ਵਿੱਚ ਛੱਤ ਵਾਲੇ ਪੰਜ ਪੱਖੇ, ਇਕ ਟੇਬਲ, ਇੱਕ ਕੁਰਸੀ, ਇਕ ਖਰਾਬ ਪਿਆ ਇਨਵਰਟਰ ਤੇ ਬੈਟਰੀ, ਖਰਾਬ ਗੀਜ਼ਰ, ਇਕ ਛੋਟਾ ਗੈਸ ਸਲੰਡਰ, ਦੋ ਵੇਟਿੰਗ ਮਸ਼ੀਨਾਂ ਅਤੇ ਹੋਰ ਅਜਿਹਾ ਬਹੁਤ ਸਾਰਾ ਸਮਾਨ ਜੋ ਵਰਤੋ ਵਿੱਚ ਨਹੀਂ ਆ ਰਿਹਾ ਸੀ, ਚੋਰੀ ਹੋ ਚੁੱਕਿਆ ਸੀ। ਉਹਨਾਂ ਦੱਸਿਆ ਕਿ ਹਸਪਤਾਲ ਵਿੱਚ ਪਹਿਲਾਂ ਵੀ ਸਮਰਸੀਬਲ ਮੋਟਰ ਦੀ ਤਾਰ ਅਤੇ ਕੱਟੇ ਹੋਏ ਦਰਖਤਾਂ ਦੀ ਚੋਰੀ ਹੋ ਚੁੱਕੀ ਹੈ। ਇਸ ਚੋਰੀ ਦੀ ਅਤੇ ਇਸ ਤੋਂ ਪਹਿਲਾਂ ਹੋਈ ਸਾਰੀਆਂ ਚੋਰੀਆਂ ਦੀਆਂ ਜਾਣਕਾਰੀ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਲਗਾਤਾਰ ਦਿੰਦੇ ਆ ਰਹੇ ਹਾਂ। ਉਹਨਾਂ ਕਿਹਾ ਕਿ ਆਸ ਪਾਸ ਦੇ ਲੋਕਾਂ ਦੇ ਦੱਸਣ ਅਨੁਸਾਰ ਸ਼ਾਮ ਨੂੰ ਬਹੁਤ ਸਾਰੇ ਸ਼ਰਾਬੀ ਹਸਪਤਾਲ ਅੰਦਰ ਬੈਠ ਕੇ ਸ਼ਰਾਬ ਆਦਿ ਪੀਂਦੇ ਦੇਖੇ ਗਏ ਹਨ। ਉਹਨਾਂ ਕਿਹਾ ਕਿ ਇਸ ਚੋਰੀ ਦੀ ਲਿਖਤ ਸ਼ਿਕਾਇਤ ਪੁਲਿਸ ਚੌਂਕੀ ਹੰਡਿਆਇਆ ਵਿਖੇ ਦਰਜ ਕਰਵਾ ਦਿੱਤੀ ਗਈ। ਇਸ ਮੌਕੇ ਇਹਨਾਂ ਨਾਲ ਆਸ਼ਾ ਵਰਕਰ ਪਵਨਦੀਪ ਕੌਰ, ਮਨਦੀਪ ਕੌਰ, ਜਸਵੀਰ ਕੌਰ, ਸਰਬਜੀਤ ਕੌਰ, ਪਰਮਜੀਤ ਕੌਰ, ਕਮਲਜੀਤ ਕੌਰ ਆਦੀ ਵੀ ਹਾਜ਼ਰ ਸਨ। ਇਸ ਬਾਰੇ ਗੱਲਬਾਤ ਕਰਦੇ ਤਫਤੀਸ਼ੀ ਅਫਸਰ ਏਐਸਆਈ ਗੁਰਮੇਲ ਸਿੰਘ ਨੇ ਦੱਸਿਆ ਕਿ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।

Posted inਬਰਨਾਲਾ