ਬਰਨਾਲਾ, 23 ਅਗਸਤ (ਰਵਿੰਦਰ ਸ਼ਰਮਾ) : ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਬਰਨਾਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਿਲ ਹੋਈ, ਜਦੋਂ ਪੁਲਿਸ ਨੇ ਬਰਨਾਲਾ ’ਚ ਮੋਬਾਈਲ ਅਸੈਂਸਰੀ ਦੇ ਵੱਡੇ ਕਾਰੋਬਾਰੀ ਤੇ ਉਸਦੇ ਸਾਥੀ ਨੂੰ 5 ਕਿਲੋ ਅਫ਼ੀਮ ਸਣੇ ਗ੍ਰਿਫ਼ਤਾਰ ਕੀਤਾ। ਸ਼ਨਿੱਚਰਵਾਰ ਬਾਅਦ ਦੁਪਹਿਰ ਪ੍ਰੈੱਸ ਕਾਨਫਰੰਸ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਆਈ.ਪੀ.ਐੱਸ. ਨੇ ਦੱਸਿਆ ਕਿ ਐੱਸ.ਪੀ. ਅਸ਼ੋਕ ਸ਼ਰਮਾ, ਡੀ.ਐੱਸ.ਪੀ. ਰਾਜਿੰਦਰਪਾਲ ਸਿੰਘ ਦੀ ਅਗਵਾਈ ਹੇਠ ਸੀ.ਆਈ.ਏ. ਸਟਾਫ਼ ਦੇ ਇੰਚਾਰਜ਼ ਇੰਸ. ਬਲਜੀਤ ਸਿੰਘ ਨੂੰ ਇਹ ਵੱਡੀ ਕਾਮਯਾਬੀ ਮਿਲੀ। ਇੰਸ. ਬਲਜੀਤ ਸਿੰਘ ਨੂੰ ਇਤਲਾਹ ਮਿਲੀ ਕਿ ਗਗਨਦੀਪ ਸਿੰਘ ਉਰਫ਼ ਗਗਨ ਪੁੱਤਰ ਜਗਤਾਰ ਸਿੰਘ ਵਾਸੀ ਕੱਟੂ ਰੋਡ, ਉੱਪਲੀ ਅਤੇ ਸੁਮਿਤ ਕੁਮਾਰ ਪੁੱਤਰ ਵਿਪਨ ਕੁਮਾਰ ਵਾਸੀ ਕੇ.ਵੀ. ਕੰਪਲੈਕਸ ਦੀ ਬੈਕ ਸਾਈਡ, ਬਰਨਾਲਾ ਦੋਵੇਂ ਜਾਣੇ ਬਾਹਰਲੀ ਸਟੇਟ ਵਿੱਚੋ ਅਫ਼ੀਮ ਲਿਆਕੇ ਬਰਨਾਲਾ ਅਤੇ ਇਸਦੇ ਆਸ-ਪਾਸ ਦੇ ਪਿੰਡਾਂ ਵਿੱਚ ਵੇਚਣ ਦਾ ਧੰਦਾ ਕਰਦੇ ਹਨ, ਜੋ ਅੱਜ ਵੀ ਦੋਵੇਂ ਜਾਣੇ ਆਪਣੀ ਸਵਿਫਟ ਕਾਰ ਨੰਬਰੀ HR-120-1116 ਰੰਗ ਗਰੇਅ ਵਿੱਚ ਅਫ਼ੀਮ ਰੱਖਕੇ ਬਰਨਾਲਾ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਵੇਚਣ ਦੀ ਤਾਕ ਵਿੱਚ ਹਨ। ਇਸ ਇਤਲਾਹ ਦੇ ਆਧਾਰ ’ਤੇ ਮੁਕੱਦਮਾ ਨੰਬਰ 128 ਮਿਤੀ 21-08-2025 ਅ/ਧ 18/61/85 ਐਨ.ਡੀ.ਪੀ.ਐਸ. ਐਕਟ ਥਾਣਾ ਬਰਨਾਲਾ ਦਰਜ ਰਜਿਸਟਰ ਕਰਵਾਇਆ ਗਿਆ। ਦੌਰਾਨੇ ਤਫਤੀਸ਼ ਇੰਸਪੈਕਟਰ ਕੁਲਦੀਪ ਸਿੰਘ ਸੀ.ਆਈ.ਏ. ਸਟਾਫ਼ ਬਰਨਾਲਾ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਮੁਲਜ਼ਮ ਗਗਨਦੀਪ ਸਿੰਘ ਉਰਫ਼ ਗਗਨ ਅਤੇ ਸੁਮਿਤ ਕੁਮਾਰ ਨੂੰ ਲਿੰਕ ਰੋਡ, ਫਰਵਾਹੀ ਤੋਂ ਹਸਬ ਜਾਬਤਾ ਗ੍ਰਿਫ਼ਤਾਰ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ ਕੁੱਲ 2 ਕਿਲੋਗ੍ਰਾਮ ਅਫ਼ੀਮ ਬ੍ਰਾਮਦ ਕਰਵਾਈ ਗਈ। ਮੁਲਜ਼ਮ ਸੁਮਿਤ ਕੁਮਾਰ ਦੀ ਨਿਸ਼ਾਨਦੇਹੀ ’ਤੇ 3 ਕਿਲੋਗ੍ਰਾਮ ਅਫ਼ੀਮ ਹੋਰ ਬ੍ਰਾਮਦ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਇੰਸ. ਬਲਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਕੁੱਲ 5 ਕਿਲੋਗ੍ਰਾਮ ਅਫ਼ੀਮ ਤੇ 1 ਸਵਿਫਟ ਕਾਰ ਰੰਗ ਗਰੇਅ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਗਗਨਦੀਪ ਸਿੰਘ ਉਰਫ਼ ਗਗਨ ਪਿੰਡ ਉੱਪਲੀ, ਥਾਣਾ ਧਨੌਲਾ ਵਿਖੇ ਆਰ.ਐੱਮ.ਪੀ. ਡਾਕਟਰ ਵਜੋਂ ਕੰਮ ਕਰਦਾ ਹੈ ਅਤੇ ਮੁਲਜ਼ਮ ਸੁਮਿਤ ਕੁਮਾਰ ਹੰਡਿਆਇਆ ਬਾਜ਼ਾਰ, ਬਰਨਾਲਾ ਵਿਖੇ ਮੋਬਾਇਲ ਫੋਨਾਂ ਦੇ ਸਪੇਅਰ ਪਾਰਟ ਦੀ ਦੁਕਾਨ ਕਰਦਾ ਹੈ। ਗਗਨਦੀਪ ਸਿੰਘ ਉਰਫ ਗਗਨ ਖ਼ਿਲਾਫ਼ ਪਹਿਲਾਂ ਵੀ 2 ਮਾਮਲੇ ਥਾਣਾ ਧਨੌਲਾ ਵਿਖੇ ਦਰਜ ਹਨ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਪਾਸੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
