ਬਰਨਾਲਾ, 24 ਅਗਸਤ (ਰਵਿੰਦਰ ਸ਼ਰਮਾ) : ਬਰਨਾਲਾ ਪੁਲਿਸ ਨੇ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਦੀ ਤਾਕ ’ਚ ਬਰਨਾਲਾ ਜ਼ਿਲ੍ਹੇ ’ਚ ਘੁੰਮ ਰਹੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਿਲ ਕੀਤੀ ਹੈ। ਬਾਅਦ ਦੁਪਹਿਰ ਪ੍ਰੈੱਸ ਕਾਨਫਰੰਸ ਕਰਦਿਆਂ ਐੱਸ.ਐੱਸ.ਪੀ. ਬਰਨਾਲਾ ਮੁਹੰਮਦ ਸਰਫ਼ਰਾਜ ਆਲਮ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਨੂੰ ਇੱਕ ਸੂਚਨਾ ਮਿਲੀ ਸੀ ਕਿ ਸਤਨਾਮ ਸਿੰਘ ਸੱਤੀ ਵਾਸੀ ਸੇਖਾ ਰੋਡ ਬਰਨਾਲਾ, ਗੁਰਪ੍ਰੀਤ ਸਿੰਘ ਗੁਰੀ ਵਾਸੀ ਨੇੜੇ ਬੱਸ ਸਟੈਂਡ ਭਦੌੜ, ਸ਼ਰਮ ਸਿੰਘ ਉਰਫ ਰਿੰਕੂ ਵਾਸੀ ਨਵੀਂ ਦਿੱਲੀ, ਦੀਪਕ ਸਿੰਘ ਵਾਸੀ ਜ਼ਿਲ੍ਹਾ ਕੈਂਥਲ ਹਰਿਆਣਾ ਨੇ ਮਿਲ ਕੇ ਇੱਕ ਗੈਂਗ ਬਣਾਇਆ ਹੋਇਆ ਹੈ। ਇਹ ਇੱਕ ਗੱਡੀ ਵਿੱਚ ਸਵਾਰ ਹਨ ਜੋ ਕਿ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਵਿੱਚ ਹਨ। ਪੁਲਿਸ ਨੇ ਸੂਚਨਾ ਦੇ ਆਧਾਰ ’ਤੇ ਬੜੀ ਮੁਸਤੈਦੀ ਨਾਲ ਇੰਨ੍ਹਾਂ ਮੁਲਜ਼ਮਾਂ ਨੂੰ ਘੇਰ ਕੇ ਜਦੋਂ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਪੁਲਿਸ ’ਤੇ ਗੋਲੀ ਚਲਾ ਦਿੱਤੀ। ਪਰ ਪੁਲਿਸ ਨੇ ਚਾਰੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਕੋਲੋਂ ਚਾਰ ਪਿਸਟਲ ਅਤੇ ਤਿੰਨ ਜਿੰਦਾ ਕਾਰਤੂਸ ਅਤੇ ਇੱਕ ਵਰਨਾ ਗੱਡੀ ਬਰਾਮਦ ਹੋਈ ਹੈ। ਮੁਲਜ਼ਮਾਂ ਤੋਂ ਹੋਰ ਪੁੱਛ ਗਿੱਛ ਕੀਤੀ ਜਾ ਰਹੀ ਹੈ ਤੇ ਹੋਰ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਹਨਾਂ ਦੱਸਿਆ ਕਿ ਸਤਨਾਮ ਸਿੰਘ ਸੱਤੀ ਜੋ ਕਿ ਇੱਕ ਪੇਸ਼ੇਵਰ ਅਪਰਾਧੀ ਹੈ ਇਸ ਉੱਤੇ ਪਹਿਲਾਂ ਵੀ ਲੁੱਟਮਾਰ, ਨਸ਼ਾ ਤਸਕਰੀ, ਸ਼ਰਾਬ ਵੇਚਣ, ਕੁੱਟ ਮਾਰ ਆਦੀ ਦੇ ਕੁੱਲ 22 ਪਰਚੇ ਦਰਜ ਹਨ। ਇਸ ਤੋਂ ਇਲਾਵਾ ਸ਼ਰਮ ਸਿੰਘ ’ਤੇ ਨਸ਼ਾ ਵੇਚਣ ਦਾ ਇੱਕ ਪਰਚਾ ਦਰਜ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਸਖਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਇਸ ਮੌਕੇ ਡੀਐੱਸਪੀ ਰਾਜਿੰਦਰਪਾਲ ਸਿੰਘ, ਡੀਐੱਸਪੀ ਸਿਟੀ ਸਤਵੀਰ ਸਿੰਘ ਬੈਂਸ, ਸੀਆਈਏ ਸਟਾਫ਼ ਦੇ ਇੰਚਾਰਜ਼ ਇੰਸ. ਬਲਜੀਤ ਸਿੰਘ ਸਣੇ ਵੱਡੀ ਗਿਣਤੀ ’ਚ ਪੁਲਿਸ ਮੁਲਾਜ਼ਮ ਹਾਜ਼ਰ ਸਨ।
