ਬਰਨਾਲਾ, 24 ਅਗਸਤ (ਰਵਿੰਦਰ ਸ਼ਰਮਾ) : ਟਰੱਕ ਯੂਨੀਅਨ ਬਰਨਾਲਾ ਦੀ ਕੰਡੇ ਵਾਲੀ ਬੇਸ਼ਕੀਮਤੀ ਜਗ੍ਹਾ ਨੂੰ ਕੌਡੀਆਂ ਦੇ ਭਾਅ ਲੀਜ਼ ‘ਤੇ ਦੇਣ ਦੇ ਮਾਮਲੇ ’ਚ ਅੱਜ ਟਰੱਕ ਯੂਨੀਅਨ ਦੇ ਪ੍ਰਧਾਨ ਹਰਦੀਪ ਸਿੱਧੂ ਦੇ ਬਿਆਨ ਨੇ ਬਰਨਾਲਾ ਜ਼ਿਲ੍ਹੇ ਦੀ ਸਿਆਸਤ ’ਚ ਭੂਚਾਲ ਲਿਆ ਦਿੱਤਾ ਹੈ ਕਿ ਇਸਜ ਜਗ੍ਹਾ ਨੂੰ ਸਿਰਫ਼ 6500 ਰੁਪਏ ਸਲਾਨਾ ’ਚ ਲੀਜ਼ ’ਤੇ ਦੇਣ ’ਚ ਉਨ੍ਹਾਂ ਦੀ ਨਹੀਂ ਸਗੋਂ ਸੰਸਦ ਮੈਂਬਰ ਮੀਤ ਹੇਅਰ ਤੇ ਓਐੱਸਡੀ ਹਸਨਪ੍ਰੀਤ ਭਾਰਦਵਾਜ ਦੀ ਮੁੱਖ ਭੂਮਿਕਾ ਸੀ। ਪ੍ਰਧਾਨ ਹਰਦੀਪ ਸਿੰਘ ਸਿੱਧੂ ਨੇ ਇੱਕ ਮੀਡੀਆ ਚੈਨਲ ਨਾਲ ਗੱਲਬਾਤ ਕਰਦੇ ਹੋਏ ਟਰੱਕ ਯੂਨੀਅਨ ਦੀ ਇਸ ਕੀਮਤੀ ਜਗ੍ਹਾ ਨੂੰ ਕੌਡੀਆਂ ਦੇ ਭਾਅ ਲੀਜ਼ ‘ਤੇ ਦੇਣ ਸਬੰਧੀ ਅਹਿਮ ਖੁਲਾਸੇ ਕੀਤੇ ਹਨ। ਸਿੱਧੂ ਨੇ ਕਿਹਾ ਕਿ ਜਿਸ ਵੇਲੇ ਬਰਨਾਲਾ ਕਚਹਿਰੀ ਵਿੱਚ ਵਸੀਕਾ ਨਵੀਸ ਦੀ ਦੁਕਾਨ ‘ਤੇ ਲਿਖਤ ਕੀਤੀ ਜਾ ਰਹੀ ਸੀ ਉਸ ਵੇਲੇ ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਸੀ ਪ੍ਰੰਤੂ ਹਸਨਪ੍ਰੀਤ ਨੇ ਕਿਹਾ ਕਿ ਇਹ ਸਿਰਫ਼ ਇੱਕ ਫਾਰਮੈਲਟੀ ਹੈ ਬਲਕਿ ਇਸ ਜਗ੍ਹਾ ਦੀ ਪੂਰੀ ਕੀਮਤ ਮਿਲੇਗੀ ਅਤੇ ਇੱਥੇ ਲੱਗ ਰਹੇ ਪੈਟਰੋਲ ਪੰਪ ਵਿੱਚ ਯੂਨੀਅਨ ਦੀ ਹਿੱਸੇਦਾਰੀ ਵੀ ਹੋਵੇਗੀ। ਪ੍ਰਧਾਨ ਸਿੱਧੂ ਨੇ ਦੱਸਿਆ ਕਿ ਉਹਨਾਂ ਨੂੰ ਇਹ ਵੀ ਕਿਹਾ ਗਿਆ ਕਿ “ਬਾਈ ਜੀ ਅਤੇ ਹਲਕਾ ਇੰਚਾਰਜ ਵੀ ਚਾਹੁੰਦੇ ਹਨ ਕਿ ਮਨਜੀਤ ਕੌਰ ਨਾਲ ਇਹ ਲਿਖਤ ਕੀਤੀ ਜਾਵੇ।
ਪ੍ਰਧਾਨ ਸਿੱਧੂ ਨੇ ਕਿਹਾ ਕਿ ਉਹਨਾਂ ਦਾ ਮਨ ਨਹੀਂ ਮੰਨਿਆ ਤੇ ਉਹਨਾਂ ਨੇ ਜਦੋਂ ਆਪਣੇ ਵਕੀਲ ਨਾਲ ਰਾਏ ਕੀਤੀ ਤਾਂ ਵਕੀਲ ਨੇ ਕਿਹਾ ਕਿ ਤੁਸੀਂ ਮੌਕੇ ‘ਤੇ ਹੀ ਐਗਰੀਮੈਂਟ ਰੱਦ ਕਰਨ ਦੀ ਲਿਖਤ ਵੀ ਕਰ ਲਵੋ ਜਿਸ ਤੋਂ ਬਾਅਦ ਉਹਨਾਂ ਨੇ ਪਹਿਲਾਂ ਐਗਰੀਮੈਂਟ ਰੱਦ ਕਰਨ ਵਾਲੀ ਲਿਖਤ ਕੀਤੀ ਤੇ ਫਿਰ 6500 ਵਾਲੀ ਲਿਖਤ ਉੱਪਰ ਦਸਤਖ਼ਤ ਕੀਤੇ। ਪ੍ਰਧਾਨ ਸਿੱਧੂ ਨੇ ਸਪੱਸ਼ਟ ਕਿਹਾ ਕਿ ਇਹ ਸਾਰੀ ਖੇਡ ਓਐਸਡੀ ਭਾਰਦਵਾਜ ਦੀ ਸੀ ਅਤੇ ਪਰਦੇ ਦੇ ਪਿੱਛੇ ਐਮਪੀ ਮੀਤ ਹੇਅਰ ਤੇ ਹਲਕਾ ਇੰਚਾਰਜ ਹਰਿੰਦਰ ਧਾਲੀਵਾਲ ਵੀ ਸਨ। ਪ੍ਰਧਾਨ ਹਰਦੀਪ ਸਿੰਘ ਸਿੱਧੂ ਦੇ ਇਹਨਾਂ ਦੋਸ਼ਾਂ ਤੋਂ ਬਾਅਦ ਖੁਦ “ਬਾਈ ਜੀ ਅਤੇ ਇੰਚਾਰਜ ਸਾਹਿਬ” ਅਤੇ ਓਐਸਡੀ ਸਾਹਿਬ ਦੋਸ਼ਾਂ ਦੇ ਕਟਹਿਰੇ ਵਿੱਚ ਖੜੇ ਹਨ। ਪ੍ਰਧਾਨ ਸਿੱਧੂ ਨੇ ਇਹ ਖੁਲਾਸਾ ਵੀ ਕੀਤਾ ਕਿ ਉਹਨਾਂ ਨੂੰ ਆਉਣ ਵਾਲੇ ਕੁਝ ਦਿਨਾਂ ਵਿੱਚ ਯੂਨੀਅਨ ਦੀ ਪ੍ਰਧਾਨਗੀ ਤੋਂ ਹਟਾਇਆ ਜਾ ਸਕਦਾ ਹੈ ਪ੍ਰੰਤੂ ਉਹਨਾਂ ਇਹ ਵੀ ਕਿਹਾ ਕਿ ਜਿਸ ਬੰਦੇ ਨੂੰ ਪ੍ਰਧਾਨ ਲਾਉਣ ਦੀ ਚਰਚਾ ਚੱਲ ਰਹੀ ਹੈ ਉਸ ਦਾ ਟਰਾਂਸਪੋਰਟ ਵਿੱਚ ਲੱਲਾ ਖੱਖਾ ਵੀ ਨਹੀਂ ਹੈ ਅਤੇ ਉਸ ਨੂੰ ਇਹ ਵੀ ਨਹੀਂ ਪਤਾ ਕਿ ਟਰੱਕ ਦੇ ਕਿੰਨੇ ਗੇਅਰ ਹੁੰਦੇ ਹਨ। ਪ੍ਰਧਾਨ ਸਿੱਧੂ ਨੇ ਇਹ ਖੁਲਾਸਾ ਵੀ ਕੀਤਾ ਕਿ ਉਹਨਾਂ ਨੂੰ ਜ਼ਬਰਦਸਤੀ ਹਟਾ ਕੇ ਜਿਹੜੇ ਦੋ ਬੰਦਿਆਂ ਵਿੱਚੋਂ ਕਿਸੇ ਇੱਕ ਨੂੰ ਪ੍ਰਧਾਨ ਲਾਉਣ ਦੀ ਚਰਚਾ ਹੈ ਉਹਨਾਂ ਵਿੱਚੋਂ ਇੱਕ ਅਕਾਲੀ ਪਿਛੋਕੜ ਦਾ ਹੈ ਅਤੇ ਇੱਕ ਕਾਂਗਰਸੀ ਪਿਛੋਕੜ ਦਾ ਹੈ। ਪ੍ਰਧਾਨ ਸਿੱਧੂ ਨੇ ਕਿਹਾ ਕਿ ਐਮਪੀ ਮੀਤ ਹੇਅਰ ਨੇ ਅੱਜ ਤੱਕ ਉਹਨਾਂ ਤੋਂ ਇੱਕ ਪੈਸੇ ਦੀ ਮੰਗ ਨਹੀਂ ਕੀਤੀ ਅਤੇ ਨਾ ਹੀ ਉਹਨਾਂ ਦੇ ਖੁਦ ਇੱਕ ਪੈਸੇ ਦਾ ਘਪਲਾ ਕੀਤਾ ਹੈ। ਪ੍ਰਧਾਨ ਸਿੱਧੂ ਨੇ ਇਹ ਵੀ ਮੰਨਿਆ ਕਿ ਮੋਹਾਲੀ ਵਿਖੇ ਉਹਨਾਂ ਦਾ ਮੀਤ ਹੇਅਰ ਤੇ ਹਰਿੰਦਰ ਧਾਲੀਵਾਲ ਦੇ ਨਾਲ ਇੱਕ ਕੀਮਤੀ ਪਲਾਟ ਵੀ ਸਾਂਝਾ ਹੈ। ਪ੍ਰਧਾਨ ਸਿੱਧੂ ਨੇ ਕਿਹਾ ਕਿ ਉਹਨਾਂ ਨੇ ਕੁਝ ਸਮਾਂ ਪਹਿਲਾਂ ਇਸ ਪਲਾਟ ਵਿੱਚੋਂ ਆਪਣੀ ਹਿੱਸੇਦਾਰੀ ਮੰਗ ਲਈ ਸੀ ਕਿਉਂਕਿ ਉਸ ਨੂੰ ਘਰੇਲੂ ਖਰਚੇ ਲਈ ਪੈਸੇ ਦੀ ਲੋੜ ਸੀ, ਸ਼ਾਇਦ ਇਸੇ ਕਰਕੇ ਵੱਡੇ ਆਗੂਆਂ ਨੇ ਉਹਨਾਂ ਤੋਂ ਨਜ਼ਰ ਫੇਰ ਲਈ ਹੈ।
ਪ੍ਰਧਾਨ ਸਿੱਧੂ ਨੇ ਕਿਹਾ ਕਿ ਮੀਤ ਹੇਅਰ ਨਾਲ ਉਹਨਾਂ ਦੀ ਨਿੱਕੇ ਹੁੰਦੇ ਤੋਂ ਗੂੜੀ ਯਾਰੀ ਹੈ ਪ੍ਰੰਤੂ ਅੱਜਕੱਲ੍ਹ ਮੀਤ ਹੇਅਰ ਉਹਨਾਂ ਦਾ ਫੋਨ ਨਹੀਂ ਚੁੱਕ ਰਹੇ। ਪ੍ਰਧਾਨ ਸਿੱਧੂ ਨੇ ਦੱਸਿਆ ਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਹੈ ਕਿ ਪੁਲਿਸ ਰਾਹੀਂ ਜ਼ਬਰਦਸਤੀ ਉਹਨਾਂ ਨੂੰ ਕਿਸੇ ਵੇਲੇ ਵੀ ਪ੍ਰਧਾਨਗੀ ਤੋਂ ਹਟਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਉਹ ਕਿਸੇ ਵੇਲੇ ਵੀ ਪ੍ਰਧਾਨਗੀ ਛੱਡਣ ਲਈ ਤਿਆਰ ਹਨ ਪ੍ਰੰਤੂ ਕਿਸੇ ਟਰੱਕ ਆਪਰੇਟਰ ਨੂੰ ਹੀ ਪ੍ਰਧਾਨ ਲਾਇਆ ਜਾਣਾ ਚਾਹੀਦਾ ਹੈ। ਪ੍ਰਧਾਨ ਸਿੱਧੂ ਨੇ ਇਹ ਖੁਲਾਸਾ ਵੀ ਕੀਤਾ ਕਿ ਉਹ ਪ੍ਰਧਾਨ ਲੱਗ ਕੇ ਵੀ ਰਾਜ਼ੀ ਨਹੀਂ ਸਨ ਉਹਨਾਂ ਨੂੰ ਧੱਕੇ ਨਾਲ ਪ੍ਰਧਾਨ ਬਣਾਇਆ ਗਿਆ ਪਰੰਤੂ ਹੁਣ ਪਤਾ ਨਹੀਂ ਅਜਿਹਾ ਕੀ ਹੋ ਗਿਆ ਕਿ ਉਹਨਾਂ ਨੂੰ ਧੱਕੇ ਨਾਲ ਹੀ ਹਟਾਉਣ ਦੀਆਂ ਵਿਉਂਤਾਂ ਹੋ ਰਹੀਆਂ ਹਨ, ਜਦ ਕਿ ਉਹਨਾਂ ਨੇ ਸੱਚ ਬੋਲਿਆ ਹੈ। ਪ੍ਰਧਾਨ ਹਰਦੀਪ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਕੰਡੇ ਵਾਲੀ ਜਗ੍ਹਾ ਸਿਰਫ਼ 6500 ਰੁਪਏ ਸਲਾਨਾ ਲੀਜ਼ ‘ਤੇ ਦੇਣ ਸਬੰਧੀ ਉਹਨਾਂ ਦੇ ਮਨ ‘ਚ ਕੋਈ ਬੇਈਮਾਨੀ ਹੁੰਦੀ ਤਾਂ ਉਹ ਇਹ ਲਿਖਤ ਰੱਦ ਕਰਵਾਉਣ ਸਬੰਧੀ ਬਰਾਬਰ ਨਵੀਂ ਲਿਖਤ ਨਾ ਕਰਦੇ। ਪ੍ਰਧਾਨ ਸਿੱਧੂ ਨੇ ਕਿਹਾ ਕਿ ਹੁਣ ਇਸ ਸਬੰਧੀ ਫੈਸਲਾ ਆਪਰੇਟਰਾਂ ਦੀ ਕਚਹਿਰੀ ਵਿੱਚ ਹੈ। ਪ੍ਰਧਾਨ ਸਿੱਧੂ ਨੇ ਕਿਹਾ ਕਿ ਉਹਨਾਂ ਨੂੰ ਪਤਾ ਹੈ ਕਿ ਸੱਚ ਬੋਲਣ ਦੀ ਕੀਮਤ ਚੁਕਾਉਣੀ ਪਵੇਗੀ ਪ੍ਰੰਤੂ ਉਹਨਾਂ ਨੇ ਆਪਣੇ ਪਰਿਵਾਰ ਦੀਆਂ ਰਵਾਇਤਾਂ ਮੁਤਾਬਕ ਸੱਚ ਬੋਲਿਆ ਹੈ।
