
ਬਰਨਾਲਾ, 26 ਅਗਸਤ (ਰਵਿੰਦਰ ਸ਼ਰਮਾ) : ਪੰਜਾਬ ਭਰ ਵਿੱਚ ਪਿਛਲੇ ਕਰੀਬ 48 ਘੰਟਿਆਂ ਤੋਂ ਵਰ੍ਹ ਰਹੇ ਭਾਰੀ ਮੀਂਹ ਨੇ ਸਾਰੇ ਪਾਸੇ ਜਲ ਥਲ ਕਰ ਦਿੱਤਾ ਹੈ। ਜੇਕਰ ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਵੱਲੋਂ ਲਗਾਤਾਰ ਹਰ ਘੰਟੇ ਹੀ ਮੈਸੇਜਾਂ ਰਾਹੀਂ ਭਾਰੀ ਮੀਹ ਦੀਆਂ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ। ਬਰਨਾਲੇ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਜਿੱਥੇ ਸ਼ਹਿਰ ਵਿੱਚ ਹਰ ਗਲੀ ਮੁਹੱਲੇ ’ਚ ਕਰੀਬ ਤਿੰਨ ਤੋਂ ਪੰਜ ਫੁੱਟ ਤੱਕ ਪਾਣੀ ਖੜਾ ਹੈ ਉੱਥੇ ਹੀ ਇਸ ਅੱਤ ਦੇ ਮੀਂਹ ਨੇ ਮੌਸਮ ਦੇ ਨਾਲ ਨਾਲ ਗਰੀਬਾਂ ਦੇ ਚੁੱਲ੍ਹੇ ਵੀ ਠੰਡੇ ਕਰ ਦਿੱਤੇ ਹਨ। ਜ਼ਿਲ੍ਹੇ ਵਿੱਚ ਕਈ ਥਾਵਾਂ ’ਤੇ ਮੀਂਹ ਕਾਰਨ ਭਾਰੀ ਨੁਕਸਾਨ ਦੀਆਂ ਖ਼ਬਰਾਂ ਵੀ ਹਨ, ਕਈ ਥਾਂਈ ਕੱਚੇ ਮਕਾਨ ਡਿੱਗ ਗਏ ਤੇ ਕਈ ਸੜਕਾਂ ਦਰੱਖ਼ਤ ਡਿੱਗਣ ਕਾਰਨ ਬਲਾਕ ਹੋ ਗਈਆਂ ਹਨ। ਸ਼ਹਿਰ ਤੋਂ ਹਾਈਵੇ ਤੇ ਜਾਣ ਵਾਲੇ ਜਿਆਦਾਤਰ ਰਸਤਿਆਂ ’ਤੇ ਪਾਣੀ ਭਰ ਚੁੱਕਿਆ ਹੈ। ਗਲੀਆਂ ਤੇ ਮੁਹੱਲਿਆਂ ’ਚ ਭਰੇ ਪਾਣੀ ਨੇ ਜਿੱਥੇ ਲੋਕਾਂ ਨੂੰ ਘਰਾਂ ’ਚ ਹੀ ਰਹਿਣ ਲਈ ਮਜ਼ਬੂਰ ਕਰ ਦਿੱਤਾ ਹੈ, ਉੱਥੇ ਹੀ ਕੰਮਕਾਜ਼ ਵੀ ਠੱਪ ਹੋ ਚੁੱਕੇ ਹਨ। ਕਈ ਕੰਮ ਅਜਿਹੇ ਹਨ, ਜਿੱਥੇ ਲੋਕਾਂ ਨੂੰ ਪਹੁੰਚਣਾ ਮਜ਼ਬੂਰੀ ਹੈ, ਪਰ ਆਪਣੀ ਮੰਜ਼ਿਲ ’ਤੇ ਪੁੱਜਣ ਲਈ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜ਼ਿਆਦਾਤਰ ਦੋਪਹੀਆ ਤੇ ਚਾਰ ਪਹੀਆ ਵਾਹਨ ਗਲੀਆਂ ਤੇ ਸੜਕਾਂ ’ਤੇ ਭਰੇ ਪਾਣੀ ’ਚ ਬੰਦ ਹੋ ਜਾਣ ਕਾਰਨ ਲੋਕਾਂ ਨੂੰ ਪੈਦਲ ਹੀ ਆਪਣੀਆਂ ਮੰਜ਼ਿਲਾਂ ਵੱਲ ਵੱਧਦੇ ਦੇਖਿਆ ਜਾ ਰਿਹਾ ਹੈ।
