ਬਰਨਾਲਾ, 26 ਅਗਸਤ (ਰਵਿੰਦਰ ਸ਼ਰਮਾ) : ਸੂਬੇ ਵਿੱਚ ਹੋ ਰਹੀ ਲਗਾਤਾਰ ਤੇਜ਼ ਬਰਸਾਤ ਨੇ ਜ਼ਿਲ੍ਹੇ ਦੇ ਕਈ ਇਲਾਕਿਆਂ ਵਿੱਚ ਤਬਾਹੀ ਮਚਾਈ ਹੈ। ਬਰਨਾਲਾ ਦੀ ਰਾਹੀ ਬਸਤੀ ਵਿੱਚ ਅੱਜ ਇੱਕ ਘਰ ਦਾ ਹਿੱਸਾ ਅਚਾਨਕ ਡਿੱਗ ਪਿਆ। ਹਾਦਸੇ ਦੌਰਾਨ ਭਾਂਵੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਘਰ ਢਹਿ ਜਾਣ ਕਾਰਨ ਪਰਿਵਾਰ ਨੂੰ ਕਾਫ਼ੀ ਵੱਡੇ ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਮਜ਼ਦੂਰ ਬੂਟਾ ਸਿੰਘ ਨੇ ਦੱਸਿਆ ਕਿ ਉਹ ਤਿੰਨ ਪਹੀਆ ਆਟੋ ਚਲਾ ਕੇ ਆਪਣੀ ਜ਼ਿੰਦਗੀ ਗੁਜ਼ਾਰਦਾ ਹੈ। ਉਸ ਦੀਆਂ ਤਿੰਨ ਧੀਆਂ ਅਤੇ ਇੱਕ ਪੁੱਤਰ ਹਨ। ਪਰਿਵਾਰ ਦੀ ਰੋਜ਼ੀ-ਰੋਟੀ ਉਸਦੀ ਮਿਹਨਤ ਨਾਲ ਹੀ ਚੱਲਦੀ ਹੈ। ਬੂਟਾ ਸਿੰਘ ਨੇ ਰੋਸ ਭਰੇ ਸੁਰ ਵਿੱਚ ਕਿਹਾ ਕਿ ਬਰਸਾਤ ਨੇ ਪਹਿਲਾਂ ਹੀ ਉਨ੍ਹਾਂ ਦੀਆਂ ਰੋਜ਼ਾਨਾ ਕਮਾਈਆਂ ਰੋਕ ਦਿੱਤੀਆਂ ਸਨ, ਕਿਉਂਕਿ ਬਰਸਾਤ ਵਾਲੇ ਦਿਨ ਆਟੋ ਚਲਾਉਣ ਮੁਸ਼ਕਲ ਹੋ ਜਾਂਦਾ ਹੈ। ਉਸਨੇ ਕਿਹਾ ਕਿ ਅੱਜ ਵੀ ਮੈਂ ਬਰਸਾਤ ਕਾਰਨ ਘਰ ਹੀ ਸੀ, ਨਹੀਂ ਤਾਂ ਆਟੋ ਚਲਾਉਣ ਗਇਆ ਹੁੰਦਾ। ਪਰ ਇਸੇ ਸਮੇਂ ਅਚਾਨਕ ਘਰ ਦੇ ਵਿਹੜੇ ਦੀ ਛੱਤ ਢਹਿ ਗਈ। ਰੱਬ ਦਾ ਸ਼ੁਕਰ ਹੈ ਕਿ ਬੱਚੇ ਹੋਰ ਕਮਰੇ ਵਿੱਚ ਸਨ ਅਤੇ ਅਸੀਂ ਬਚ ਗਏ। ਜੇ ਉਹ ਛੱਤ ਹੇਠ ਹੁੰਦੇ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਸੀ।

ਵਿਧਵਾ ਮੁਖਤਿਆਰ ਕੌਰ ਨੇ ਕਿਹਾ ਕਿ ਉਹ ਆਪਣਾ ਗੁਜ਼ਾਰਾ ਮਜ਼ਦੂਰੀ ਕਰਕੇ ਕਰਦੀ ਹੈ। ਉਹ ਆਪਣੇ ਪੁੱਤਰ ਤੋਂ ਵੱਖ ਰਹਿੰਦੀ ਹੈ ਅਤੇ ਇੱਕ ਛੋਟੇ ਘਰ ਵਿੱਚ ਰਹਿ ਰਹੀ ਸੀ। ਬਰਸਾਤ ਦੌਰਾਨ ਛੱਤ ਦਾ ਹਿੱਸਾ ਡਿੱਗਣ ਨਾਲ ਉਸਦੀ ਰਹਿਣ ਲਈ ਥਾਂ ਵੀ ਹੁਣ ਸੁਰੱਖਿਅਤ ਨਹੀਂ ਰਹੀ। ਮੁਖਤਿਆਰ ਕੌਰ ਨੇ ਰੋਂਦੇ ਹੋਏ ਦੱਸਿਆj ਕਿ ਮੈਂ ਹਰ ਰੋਜ਼ ਮਜ਼ਦੂਰੀ ਕਰਦੀ ਹਾਂ ਤਾਂ ਜੋ ਰੋਟੀ ਖਾ ਸਕਾਂ। ਸਰਕਾਰ ਸਾਡੀ ਮਦਦ ਕਰੇ ਤਾਂ ਹੀ ਕੁਝ ਹੋ ਸਕਦਾ ਹੈ। ਇਸ ਘਟਨਾ ਨਾਲ ਪੂਰੀ ਰਾਹੀ ਬਸਤੀ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਬਸਤੀ ਵਾਸੀਆਂ ਨੇ ਕਿਹਾ ਕਿ ਬਰਸਾਤ ਕਾਰਨ ਕਈ ਘਰ ਕਮਜ਼ੋਰ ਹੋ ਚੁੱਕੇ ਹਨ। ਜੇ ਜਲਦੀ ਹੀ ਮੁਰੰਮਤ ਜਾਂ ਸਹਾਇਤਾ ਨਹੀਂ ਮਿਲੀ ਤਾਂ ਹੋਰ ਵੱਡੇ ਹਾਦਸੇ ਹੋ ਸਕਦੇ ਹਨ। ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਬੂਟਾ ਸਿੰਘ ਅਤੇ ਮੁਖਤਿਆਰ ਕੌਰ ਵਰਗੇ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਆਰਥਿਕ ਸਹਾਇਤਾ ਅਤੇ ਮੁਆਵਜ਼ਾ ਦਿੱਤਾ ਜਾਵੇ।