ਕਰਜ਼ ਸਮੇਤ ਰਾਸ਼ੀ ਵਾਪਸ ਭਰ ਦਿੱਤੀ ਫਿਰ ਵੀ ਉਹਨਾਂ ਦੇ ਖਾਤਿਆਂ ਤੇ ਕਰਜ ਰਾਸ਼ੀ ਖੜੀ ਹੈ – ਕਿਸਾਨ ਆਗੂ
ਬਰਨਾਲਾ, 28 ਅਗਸਤ (ਰਵਿੰਦਰ ਸ਼ਰਮਾ) : ਦੀ ਬਹੁਮਤ ਵੀ ਸਹਿਕਾਰੀ ਸਭਾ ਹਰੀਗੜ੍ਹ ਦੇ ਵੱਡੀ ਗਿਣਤੀ ਚ ਇਕੱਤਰ ਹੋਏ ਲੋਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਭਾ ਦੇ 500 ਦੇ ਕਰੀਬ ਖਾਤੇਦਾਰ ਹਨ। ਅੱਜ ਸਹਿਕਾਰੀ ਕਰਮਚਾਰੀਆਂ ਵੱਲੋਂ ਇਹ ਸਭਾ ਦੀ ਚੋਣ ਰੱਖੀ ਗਈ ਸੀ। ਇਕੱਤਰ ਲੋਕਾਂ ਨੇ ਦੱਸਿਆ ਕਿ ਇੱਥੇ 180 ਖਾਤੇ ਛੱਡਣ ਉਪਰੰਤ ਬਾਕੀ ਸਭ ਤੋਂ ਲਈ ਗਈ ਕਰਜ ਦੀ ਰਾਸ਼ੀ ਵਾਪਸ ਭਰ ਦੇਣ ਦੇ ਬਾਵਜੂਦ ਵੀ ਤਕਰੀਬਨ ਦੋ ਕਰੋੜ ਰੁਪਏ ਦੀ ਰਾਸ਼ੀ ਖਾਤੇਦਾਰਾਂ ਸਿਰ ਖੜੀ ਦਿਖਾਈ ਗਈ ਹੈ। ਉਹਨਾਂ ਦੱਸਿਆ ਕਿ ਇਸ ਸੁਸਾਇਟੀ ਦਾ ਪਹਿਲਾ ਸਕੱਤਰ ਮੇਘ ਰਾਜ ਸੀ ਬਾਅਦ ਵਿੱਚ ਉਸ ਨੇ ਆਪਣੇ ਸਪੁੱਤਰ ਬਲਵੀਰ ਸਿੰਘ ਨੂੰ ਇੱਥੇ ਤੈਨਾਤ ਕਰਵਾ ਦਿੱਤਾ ਸੀ। ਉਹਨਾਂ ਦੱਸਿਆ ਕਿ ਪਹਿਲਾਂ ਮੇਘ ਰਾਜ ਦੇ ਹਿਸਾਬ ਵਿੱਚ ਵੀ ਫਰਕ ਹੋਣ ਦੇ ਚਰਚੇ ਚਲਦੇ ਰਹੇ ਬਾਅਦ ਵਿੱਚ ਬਲਵੀਰ ਸਿੰਘ ਨੇ ਤਾਂ ਇਸ ਫਰਕ ਦੇ ਗਰਾਫ ਨੂੰ ਅਸਮਾਨ ਤੱਕ ਪਹੁੰਚਾ ਦਿੱਤਾ। ਉਹਨਾਂ ਦੱਸਿਆ ਕਿ ਲੋਕ ਦੋ ਕਰੋੜ ਰੁਪਏ ਦੇ ਕਰੀਬ ਰਾਸ਼ੀ ਲੈ ਕੇ ਵਾਪਸ ਅਦਾ ਕਰ ਚੁੱਕੇ ਹਨ ਪ੍ਰੰਤੂ ਅੱਜ ਵੀ ਵੱਡਾ ਵਿਆਜ ਪੈਣ ਉਪਰੰਤ ਉਹਨਾਂ ਦੇ ਖਾਤਿਆਂ ਤੇ ਸਿਰ ਭਾਰੀ ਰਾਸ਼ੀ ਖੜੀ ਹੈ। ਲੋਕਾਂ ਦੇ ਹਜੂਮ ਦੀ ਅਗਵਾਈ ਕਰ ਰਹੇ ਸੰਤ ਬਾਬਾ ਅਤਰ ਸਿੰਘ ਲੰਗਰ ਕਮੇਟੀ ਦੇ ਪ੍ਰਧਾਨ ਬਹਾਦਰ ਸਿੰਘ ਮੱਖਣ ਸਿੰਘ ਦੁਲਟ ਰਜਿੰਦਰ ਸਿੰਘ ਦਰਸ਼ਨ ਸਿੰਘ ਗੁਰਪਿਆਰ ਸਿੰਘ ਅਤੇ ਪ੍ਰੇਮ ਸ਼ਰਮਾ ਨੇ ਦੱਸਿਆ ਕਿ ਅੱਜ ਇਸੇ ਕਰਕੇ ਸੁਸਾਇਟੀ ਦੀ ਚੋਣ ਰੋਕੀ ਗਈ ਹੈ ਕਿ ਪਹਿਲਾਂ ਖਾਤਿਆਂ ਤੇ ਪੈਸੇ ਭਰਨ ਦੇ ਬਾਵਜੂਦ ਖੜਾ ਭਾਰ ਕਲੀਅਰ ਕੀਤਾ ਜਾਵੇ। ਲੋਕਾਂ ਦੇ ਹਜੂਮ ਨੇ ਦੱਸਿਆ ਕਿ ਕੁਝ ਖਪਤਕਾਰਾਂ ਦੀ ਮੌਤ ਹੋ ਚੁੱਕੀ ਹੈ ਅਤੇ ਭਾਰ ਰਾਸ਼ੀ ਅਦਾ ਕਰਨ ਦੇ ਬਾਵਜੂਦ ਵੀ ਉਹਨਾਂ ਸਿਰ ਖੜਾ ਹੈ। ਕੁਝ ਲੋਕਾਂ ਨੇ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਲਈ ਕਰਜ਼ ਲਏ ਅਤੇ ਕਰਜ਼ ਸਮੇਤ ਰਾਸ਼ੀ ਵਾਪਸ ਭਰ ਦਿੱਤੀ ਫਿਰ ਵੀ ਉਹਨਾਂ ਦੇ ਖਾਤਿਆਂ ਤੇ ਕਰਜ ਰਾਸ਼ੀ ਖੜੀ ਹੈ। ਲੋਕਾਂ ਨੇ ਦੱਸਿਆ ਕਿ ਇੱਥੇ ਆਡਿਟ ਇੰਸਪੈਕਟਰ ਤੱਕ ਦਾ ਪੜਦੇ ਪਿੱਛੇ ਰਹਿ ਕੇ ਕੁਟਾਪਾ ਕਰਵਾ ਦੇਣ ਦੇ ਬਾਵਜੂਦ ਵੀ ਘਪਲਿਆਂ ਨੂੰ ਜੱਗ ਜਾਰ ਨਹੀਂ ਹੋਣ ਦਿੱਤਾ ਗਿਆ। ਉਹਨਾਂ ਨੇ ਇੱਥੋਂ ਤੱਕ ਵੀ ਆਖਿਆ ਕਿ ਸੁਸਾਇਟੀ ਦੇ 11 ਪਿੰਡ ਦੇ ਮੈਂਬਰ ਚੁਣੇ ਹੋਏ ਹਨ। ਜਿਨਾਂ ਵਿੱਚੋਂ ਬਹੁਤੇ ਇਸ ਪੜਤਾਲ ਲਈ ਲਗਾਤਾਰ ਯਤਨ ਕਰਦੇ ਰਹੇ। ਪਰੰਤੂ ਦਸਤਾਵੇਜ਼ਾਂ ਵਿੱਚ ਰੱਖੀਆਂ ਗਈਆਂ ਖਾਮੀਆਂ ਕਰਕੇ ਉਨ੍ਹਾਂ ਦੇ ਹੌਸਲੇ ਵੀ ਦਬਾ ਲਏ ਗਏ। ਉਕਤ ਜਥੇਬੰਦੀਆਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕਰਦਿਆਂ ਕਿਹਾ ਕਿ ਵਿਜੀਲੈਂਸ ਦੀ ਵਿਸ਼ੇਸ਼ ਟੀਮ ਭੇਜ ਕੇ ਇੱਕ ਇੱਕ ਪਰਤ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਅਤੇ ਲੋਕਾਂ ਨੂੰ ਇਨਸਾਫ ਦਵਾਇਆ ਜਾਵੇ।

Posted inਬਰਨਾਲਾ
