ਬਰਨਾਲਾ, 29 ਅਗਸਤ (ਰਵਿੰਦਰ ਸ਼ਰਮਾ) : ਪਿੰਡ ਕੋਟਦੂਨਾ ਦੀ ਨਹਿਰ ਕੋਲ ਇੱਕ ਮੋਟਰਸਾਈਕਲ ਨੰਬਰ 31S 0913 ਤੇ ਸਵਾਰ ਤਿੰਨ ਵਿਅਕਤੀ ਦੇ ਜਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੜਕ ਸੁਰਕਸ਼ਾ ਫੋਰਸ ਟੀਮ ਦੇ ਇੰਚਾਰਜ ਏਐਸਆਈ ਅਮਰੀਕ ਸਿੰਘ ਨੇ ਦੱਸਿਆ ਕਿ ਸਾਨੂੰ ਇੱਕ ਸੂਚਨਾ ਪ੍ਰਾਪਤ ਹੋਈ ਕਿ ਨਹਿਰ ਦੇ ਨੇੜੇ ਇੱਕ ਮੋਟਰ ਸਾਈਕਲ ਤੇ ਤਿੰਨ ਵਿਅਕਤੀ ਸੜਕ ਕਿਨਾਰੇ ਖਤਾਨਾ ਵਿੱਚ ਡਿੱਗੇ ਪਏ ਹਨ। ਸਾਡੀ ਟੀਮ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰਦੇ ਹੋਏ ਤਿੰਨਾਂ ਜਖਮੀਆਂ ਨੂੰ ਮੁਢਲੀ ਸਹਾਇਤਾ ਦਿੱਤੀ ਅਤੇ ਸਰਕਾਰੀ ਗੱਡੀ ਰਾਹੀਂ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ। ਜਖਮੀਆਂ ਦੀ ਪਹਿਚਾਣ ਮੋਟਰਸਾਈਕਲ ਚਾਲਕ ਸ਼ਰਨਜੀਤ ਸਿੰਘ ਵਾਸੀ ਗੁਰਨੇ ਕਲਾ (ਮਾਨਸਾ) ਮਨਪ੍ਰੀਤ ਸਿੰਘ ਵਾਸੀ ਮੱਤੀ (ਮਾਨਸਾ) ਅਤੇ ਰਜਿੰਦਰ ਸਿੰਘ ਵਾਸੀ ਬੁਢਲਾਡਾ(ਮਾਨਸਾ) ਦੇ ਤੌਰ ’ਤੇ ਕੀਤੀ ਗਈ। ਜਖਮੀਆਂ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਮੋਟਰਸਾਈਕਲ ਨੂੰ ਖਤਾਨਾ ਵਿੱਚੋਂ ਕੱਢ ਕੇ ਟਰੈਫਿਕ ਚਾਲੂ ਕਰਵਾ ਦਿੱਤੀ ਗਈ। ਏਐਸਆਈ ਅਮਰੀਕ ਸਿੰਘ ਨੇ ਦੱਸਿਆ ਕਿ ਇਹ ਤਿੰਨੋਂ ਵਿਅਕਤੀ ਟਰਾਈਡੈਂਟ ਫੈਕਟਰੀ ਦੇ ਵਰਕਰ ਹਨ। ਰਾਤ ਦੀ ਡਿਊਟੀ ਕਰਕੇ ਵਾਪਸ ਇੱਕ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਆਪੋ ਆਪਣੇ ਘਰ ਜਾ ਰਹੇ ਸੀ। ਰਾਤ ਦੀ ਡਿਊਟੀ ਹੋਣ ਕਾਰਨ ਮੋਟਰਸਾਈਕਲ ਚਾਲਕ ਦੀ ਅੱਖ ਲੱਗ ਗਈ, ਜਿਸ ਕਾਰਨ ਇਹਨਾਂ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਮੋਟਰਸਾਈਕਲ ਖਤਾਨਾ ਵਿੱਚ ਜਾ ਕੇ ਇੱਕ ਦਰਖਤ ਨਾਲ ਟਕਰਾ ਗਿਆ। ਇਹ ਤਿੰਨੋਂ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਤੇ ਮੋਟਰਸਾਈਕਲ ਦਾ ਵੀ ਕਾਫੀ ਨੁਕਸਾਨ ਹੋ ਗਿਆ। ਮੌਕੇ ’ਤੇ ਜਖਮੀਆਂ ਦੀ ਦੇਖਭਾਲ ਲਈ ਟਰਾਈਡੈਂਟ ਦਾ ਮੁਲਾਜ਼ਮ ਪਰਮਿੰਦਰ ਸਿੰਘ ਸਿਵਲ ਹਸਪਤਾਲ ਧਨੌਲਾ ਵਿਖੇ ਆਇਆ। ਇਹਨਾਂ ਜਖਮੀਆਂ ਦਾ ਜੋ ਸਮਾਨ ਐਸਐਸਐਫ ਦੀ ਟੀਮ ਕੋਲ ਸੀ, ਉਹ ਪਰਮਿੰਦਰ ਸਿੰਘ ਦੇ ਹਵਾਲੇ ਕਰ ਦਿੱਤਾ ਗਿਆ। ਇਸ ਮੌਕੇ ਏਐਸਆਈ ਅਮਰੀਕ ਸਿੰਘ ਤੋਂ ਇਲਾਵਾ ਸਿਪਾਹੀ ਗੁਰਪ੍ਰੀਤ ਸਿੰਘ ਤੇ ਸਿਪਾਹੀ ਸਤਵੀਰ ਸਿੰਘ ਹਾਜ਼ਰ ਸਨ।

Posted inਬਰਨਾਲਾ
