ਬਰਨਾਲਾ, 1 ਸਤੰਬਰ (ਰਵਿੰਦਰ ਸ਼ਰਮਾ): ਜਿੱਥੇ ਸੂਬੇ ਭਰ ਵਿੱਚ ਲਗਾਤਾਰ ਹੋ ਰਹੇ ਮੀਂਹ ਨਾਲ ਹੜ੍ਹ ਆਉਣ ਕਾਰਨ ਭਾਰੀ ਨੁਕਸਾਨ ਹੋਇਆ ਹੈ, ਉੱਥੇ ਬਰਨਾਲਾ ਜ਼ਿਲ੍ਹੇ ਵਿੱਚ ਵੀ ਲਗਾਤਾਰ ਦੋ-ਤਿੰਨ ਦਿਨਾਂ ਤੋਂ ਹੋ ਰਹੀ ਬਾਰਿਸ਼ ਨੇ ਲੋਕਾਂ ਲਈ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਲਗਾਤਾਰ ਮੀਂਹ ਕਾਰਨ ਜਿੱਥੇ ਗਲੀਆਂ-ਮੁਹੱਲੇ ਪਾਣੀ ਨਾਲ ਭਰ ਗਏ ਹਨ, ਜਿਸ ਨਾਲ ਲੋਕਾਂ ਨੂੰ ਆਉਣ-ਜਾਣ ਵਿੱਚ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ, ਉੱਥੇ ਹੀ ਕਈ ਥਾਵਾਂ ‘ਤੇ ਗਰੀਬ ਲੋਕਾਂ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਜਿਸ ਕਾਰਨ ਉਹ ਬੇਘਰ ਹੋ ਗਏ ਹਨ। ਅਜਿਹਾ ਹੀ ਸੋਮਵਾਰ ਨੂੰ ਬਰਨਾਲਾ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਸੋਮਵਾਰ ਸਵੇਰ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਦੋ ਗਰੀਬ ਪਰਿਵਾਰਾਂ ਦੇ ਮਕਾਨ ਡਿੱਗ ਗਏ। ਪਹਿਲੇ ਮਾਮਲੇ ਵਿੱਚ, ਰਾਏਕੋਟ ਰੋਡ ਦੀ ਫਤਿਹ ਬਸਤੀ ਵਿੱਚ ਰਹਿਣ ਵਾਲੇ ਬਲਵੀਰ ਸਿੰਘ ਨੇ ਦੱਸਿਆ ਕਿ ਉਹ ਇੱਕ ਪ੍ਰਾਈਵੇਟ ਸਕੂਲ ਵਿੱਚ ਵੈਨ ਡਰਾਈਵਰ ਹਨ। ਉਨ੍ਹਾਂ ਨੇ ਕੁਝ ਸਾਲ ਪਹਿਲਾਂ ਚਾਰ ਕਮਰਿਆਂ ਦਾ ਮਕਾਨ ਬਣਵਾਇਆ ਸੀ। ਮੀਂਹ ਕਾਰਨ ਮਕਾਨ ਵਿੱਚ ਤਰੇੜਾਂ ਆ ਗਈਆਂ ਹਨ ਅਤੇ ਇੱਕ ਕਮਰਾ ਪੂਰੀ ਤਰ੍ਹਾਂ ਡਿੱਗ ਚੁੱਕਾ ਹੈ। ਬਾਕੀ ਕਮਰਿਆਂ ਵਿੱਚ ਵੀ ਮੀਂਹ ਦਾ ਪਾਣੀ ਚੋਅ ਰਿਹਾ ਹੈ। ਬਲਵੀਰ ਅਤੇ ਉਨ੍ਹਾਂ ਦਾ ਪਰਿਵਾਰ ਮਕਾਨ ਦੇ ਪੂਰੀ ਤਰ੍ਹਾਂ ਢਹਿ ਜਾਣ ਦੇ ਡਰ ਕਾਰਨ ਸਹਿਮਿਆ ਹੋਇਆ ਹੈ।

ਦੂਜਾ ਮਾਮਲਾ ਬਰਨਾਲਾ ਦੀ ਰਾਧਾ ਸੁਆਮੀ ਗਲੀ ਦਾ ਹੈ, ਜਿੱਥੇ ਬਲੌਰ ਸਿੰਘ ਦੇ ਇੱਕ ਕਮਰੇ ਦੀ ਛੱਤ ਡਿੱਗ ਗਈ। ਬਲੌਰ ਸਿੰਘ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਬੜੀ ਮੁਸ਼ਕਲ ਨਾਲ ਕਰ ਰਹੇ ਸਨ ਕਿ ਹੁਣ ਉਨ੍ਹਾਂ ਦੇ ਘਰ ਦਾ ਕਮਰਾ ਡਿੱਗ ਗਿਆ ਹੈ। ਉਨ੍ਹਾਂ ਦੱਸਿਆ ਕਿ ਦੂਜੇ ਕਮਰੇ ਉੱਤੇ ਤਿਰਪਾਲ ਪਾਈ ਗਈ ਹੈ, ਪਰ ਉਸ ਵਿੱਚੋਂ ਵੀ ਪਾਣੀ ਚੋਅ ਰਿਹਾ ਹੈ। ਦੋਵੇਂ ਪਰਿਵਾਰਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਸਥਿਤੀ ਦਾ ਜਾਇਜ਼ਾ ਲੈਣਗੇ ਅਤੇ ਇਸ ਤੋਂ ਬਾਅਦ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।

