ਬਰਨਾਲਾ, 4 ਸਤੰਬਰ (ਰਵਿੰਦਰ ਸ਼ਰਮਾ) : ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਬਾਰਿਸ਼ ਵਿੱਚ ਬਰਨਾਲਾ ਤੋਂ ਇੱਕ ਹੋਰ ਘਰ ਦੀ ਛੱਤ ਡਿੱਗ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਧਨੌਲਾ ਰੋਡ ’ਤੇ ਦਸ਼ਮੇਸ਼ ਨਗਰ ਦੇ ਨਿਵਾਸੀ ਅਮਰਜੀਤ ਸਿੰਘ ਪੁੱਤਰ ਨਿਰੰਜਨ ਸਿੰਘ ਦੇ ਘਰ ਦੀ ਛੱਤ ਭਾਰੀ ਬਾਰਿਸ਼ ਕਾਰਨ ਗਿਰ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਮਰਜੀਤ ਸਿੰਘ ਨੇ ਦੱਸਿਆ ਕਿ ਭਾਰੀ ਬਰਸਾਤ ਕਾਰਨ ਬੀਤੀ ਰਾਤ ਉਹਨਾਂ ਦੇ ਘਰ ਦੀ ਛੱਤ ਗਿਰ ਗਈ। ਜਿਸ ਨਾਲ ਘਰ ਵਿੱਚ ਪਿਆ ਸਾਰਾ ਸਮਾਨ ਨੁਕਸਾਨਿਆ ਗਿਆ, ਜਿਸ ਵਿੱਚ ਟੀਵੀ, ਕੰਪਿਊਟਰ ਤੋਂ ਇਲਾਵਾ ਹੋਰ ਘਰੇਲੂ ਸਮਾਨ ਵੀ ਸ਼ਾਮਲ ਸੀ। ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਉਹਨਾਂ ਪ੍ਰਸ਼ਾਸਨ ਅੱਗੇ ਬੇਨਤੀ ਕਰਦਿਆਂ ਕਿਹਾ ਕਿ ਉਹ ਇੱਕ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ। ਜਿਸ ਨੇ ਬੜੀ ਮੁਸ਼ਕਿਲ ਨਾਲ ਆਪਣਾ ਘਰ ਬਣਾਇਆ ਸੀ ਪ੍ਰੰਤੂ ਕੁਦਰਤੀ ਆਪਦਾ ਵਿੱਚ ਸਭ ਕੁਝ ਬਰਬਾਦ ਹੋ ਗਿਆ। ਇਸ ਲਈ ਪ੍ਰਸ਼ਾਸਨ ਉਸਨੂੰ ਆਪਣਾ ਘਰ ਦੁਬਾਰਾ ਬਣਾਉਣ ਲਈ ਮੁਆਵਜ਼ਾ ਪ੍ਰਦਾਨ ਕਰੇ।

