ਬਰਨਾਲਾ, 16 ਜਨਵਰੀ (ਰਵਿੰਦਰ ਸ਼ਰਮਾ) : ਐਫ.ਸੀ.ਆਈ. (FCI) ਦੇ ਡਿਪੂ ਨੰਬਰ ਦੋ ਵਿੱਚ ਸ਼ੈੱਲਰ ਐਸੋਸੀਏਸ਼ਨ ਦੇ ਦੋ ਧੜੇ ਆਪਸ ਵਿੱਚ ਭਿੜ ਗਏ। ਸ਼ੈੱਲਰ ਐਸੋਸੀਏਸ਼ਨ ਦਾ ਇਹ ਝਗੜਾ ਹੁਣ ਪੁਲਿਸ ਤੱਕ ਪਹੁੰਚ ਗਿਆ ਹੈ ਅਤੇ ਇੱਕ ਧੜੇ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ। ਇਸ ਮਾਮਲੇ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਇੱਕ ਧੜੇ ਦੇ ਆਗੂ ਸੋਹਨ ਮਿੱਤਲ ਨੇ ਦੱਸਿਆ ਕਿ ਉਹ ਐਫ.ਸੀ.ਆਈ. ਦੇ ਡਿਪੂ ਨੰਬਰ 2 ਵਿੱਚ ਚੌਲ ਲਗਾਉਣ ਲਈ ਗਏ ਸਨ। ਉੱਥੇ ਦੂਜੇ ਧੜੇ ਦੇ ਇੱਕ ਸ਼ੈੱਲਰ ਮਾਲਕ ਨੇ ਮਾਰ ਦੇਣ ਦੀ ਨੀਅਤ ਨਾਲ ਉਹਨਾਂ ਉੱਪਰ ਪਿਸਤੌਲ ਤਾਣ ਦਿੱਤੀ ਅਤੇ ਧੱਕਾ ਮਾਰ ਕੇ ਹੇਠਾਂ ਸੁੱਟ ਦਿੱਤਾ। ਮਿੱਤਲ ਨੇ ਦੱਸਿਆ ਕਿ ਉਹਨਾਂ ਦੇ ਸਾਥੀਆਂ ਨੇ ਬੜੀ ਮੁਸ਼ਕਿਲ ਨਾਲ ਉਹਨਾਂ ਦਾ ਬਚਾਅ ਕੀਤਾ। ਇਸ ਸਬੰਧੀ ਗੱਲਬਾਤ ਕਰਦਿਆਂ ਸ਼ੈੱਲਰ ਐਸੋਸੀਏਸ਼ਨ ਦੇ ਆਗੂ ਸੋਮਨਾਥ ਸਹੋਰੀਆ ਅਤੇ ਪ੍ਰਵੀਨ ਮਿੱਤਲ ਸੰਘੇੜਾ ਨੇ ਕਿਹਾ ਕਿ ਅਸੀਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ। ਉਹਨਾਂ ਮੰਗ ਕੀਤੀ ਕਿ ਪੁਲਿਸ ਨੂੰ ਉੱਥੋਂ ਦੀ ਸੀ.ਸੀ.ਟੀ.ਵੀ. ਫੁਟੇਜ ਹਾਸਲ ਕਰਨੀ ਚਾਹੀਦੀ ਹੈ। ਕਾਰਵਾਈ ਨਾ ਹੋਣ ਕਾਰਨ ਉਹ ਐਸ.ਐਸ.ਪੀ. ਬਰਨਾਲਾ ਨੂੰ ਮਿਲਣ ਲਈ ਉਹਨਾਂ ਦੇ ਦਫ਼ਤਰ ਪਹੁੰਚੇ।
ਗੋਦਾਮਾਂ ਦੇ ਬਾਹਰ ਹੁੰਦੀ ਹੈ ਸੁਰੱਖਿਆ, ਪਿਸਤੌਲ ਅੰਦਰ ਕਿਵੇਂ ਜਾਵੇਗੀ – ਜਵੰਧਾ
ਦੂਜੇ ਪਾਸੇ, ਦੂਜੇ ਧੜੇ ਦੇ ਸ਼ੈੱਲਰ ਐਸੋਸੀਏਸ਼ਨ ਦੇ ਪ੍ਰਧਾਨ ਅਜੈਬ ਸਿੰਘ ਜਵੰਧਾ ਨੇ ਕਿਹਾ ਕਿ ਡਿਪੂ ਦੇ ਬਾਹਰ ਸਖ਼ਤ ਸੁਰੱਖਿਆ ਤੈਨਾਤ ਹੁੰਦੀ ਹੈ ਅਤੇ ਹਰ ਵਿਅਕਤੀ ਦੀ ਤਲਾਸ਼ੀ ਲੈ ਕੇ ਹੀ ਅੰਦਰ ਜਾਣ ਦਿੱਤਾ ਜਾਂਦਾ ਹੈ। ਅਜਿਹੇ ਵਿੱਚ ਕੋਈ ਵੀ ਵਿਅਕਤੀ ਡਿਪੂ ਦੇ ਅੰਦਰ ਪਿਸਤੌਲ ਨਹੀਂ ਲੈ ਜਾ ਸਕਦਾ। ਉਹਨਾਂ ਕਿਹਾ ਕਿ ਉੱਥੇ ਦੋਵਾਂ ਧਿਰਾਂ ਵਿਚਕਾਰ ਮਾਮੂਲੀ ਤਕਰਾਰ ਹੋਈ ਸੀ।
ਕੀ ਕਹਿੰਦੇ ਹਨ ਪੁਲਿਸ ਅਧਿਕਾਰੀ
ਜਦੋਂ ਇਸ ਸਬੰਧੀ ਬੱਸ ਸਟੈਂਡ ਚੌਂਕੀ ਦੇ ਇੰਚਾਰਜ ਗੁਰਸਿਮਰਨਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹਨਾਂ ਕੋਲ ਲਿਖਤੀ ਸ਼ਿਕਾਇਤ ਪਹੁੰਚ ਗਈ ਹੈ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Posted inਬਰਨਾਲਾ