ਪੰਜਾਬ, ਚੰਡੀਗੜ੍ਹ, ਪੰਚਕੁਲਾ ਵਰਗੇ ਸ਼ਹਿਰਾਂ ’ਚ ਹੁੰਦੀਆਂ ਹਨ ‘ਸਟ੍ਰੇਂਜਰ ਪਾਰਟਨਰ’, ‘ਬਲਾਈਂਡ ਫੋਲਡ ਮਸਤੀ’ ਅਤੇ ‘ਹਾਊਸ ਪਾਰਟੀਆਂ’, ਮੈਂਬਰਸ਼ਿਪ ਤੋਂ ਬਾਅਦ ਹੀ ਦਿੰਦੇ ਹਨ ਇਨਫੋਰਮੇਸ਼ਨ

ਚੰਡੀਗੜ੍ਹ, 31 ਜਨਵਰੀ (ਰਵਿੰਦਰ ਸ਼ਰਮਾ) : ਚੰਡੀਗੜ੍ਹ, ਪੰਚਕੂਲਾ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਸੋਸ਼ਲ ਮੀਡੀਆ ਰਾਹੀਂ ਇੱਕ ਖ਼ਤਰਨਾਕ ਅਤੇ ਇਤਰਾਜ਼ਯੋਗ ਨੈੱਟਵਰਕ ਚਲਾਇਆ ਜਾ ਰਿਹਾ ਹੈ। ਇਕ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ‘ਸਟ੍ਰੇਂਜਰ ਪਾਰਟਨਰ’, ‘ਬਲਾਈਂਡ ਫੋਲਡ ਮਸਤੀ’ ਅਤੇ ‘ਹਾਊਸ ਪਾਰਟੀ’ ਵਰਗੇ ਨਾਵਾਂ ਹੇਠ ਟੈਲੀਗ੍ਰਾਮ ਅਤੇ ਵਟਸਐਪ ’ਤੇ ਕਈ ਗਰੁੱਪ ਸਰਗਰਮ ਹਨ, ਜੋ ਨੌਜਵਾਨਾਂ ਨੂੰ ਅਣਜਾਣ ਸਾਥੀਆਂ ਨਾਲ ਮਿਲਣ ਅਤੇ ਗੁਪਤ ਪਾਰਟੀਆਂ ਕਰਨ ਦਾ ਲਾਲਚ ਦਿੰਦੇ ਹਨ।
ਇਹ ਗਰੁੱਪ ਸਿਰਫ਼ ਸ਼ਹਿਰਾਂ ਤੱਕ ਹੀ ਸੀਮਤ ਨਹੀਂ ਹਨ, ਸਗੋਂ ਇਹ ਮਨਾਲੀ ਅਤੇ ਸ਼ਿਮਲਾ ਵਰਗੇ ਪਹਾੜੀ ਇਲਾਕਿਆਂ ਵਿੱਚ ਵੀ ਅਜਿਹੀਆਂ ਪਾਰਟੀਆਂ ਦਾ ਆਯੋਜਨ ਕਰਦੇ ਹਨ ਜਿੱਥੇ ਅਸ਼ਲੀਲਤਾ ਅਤੇ ਨਸ਼ਿਆਂ ਦਾ ਖੁੱਲ੍ਹ ਕੇ ਪ੍ਰਦਰਸ਼ਨ ਕੀਤਾ ਜਾਂਦਾ ਹੈ। ਇਹਨਾਂ ਗਰੁੱਪਾਂ ਵਿੱਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਨੂੰ ‘ਸਰਪ੍ਰਾਈਜ਼ ਪਾਰਟੀਆਂ’ ਦੇ ਨਾਮ ‘ਤੇ ਗੁੰਮਰਾਹ ਕੀਤਾ ਜਾਂਦਾ ਹੈ, ਜਿਸ ਕਾਰਨ ਉਹ ਕਈ ਵਾਰ ਬਲੈਕਮੇਲਿੰਗ ਅਤੇ ਹੋਰ ਗੰਭੀਰ ਅਪਰਾਧਾਂ ਦਾ ਸ਼ਿਕਾਰ ਹੋ ਜਾਂਦੇ ਹਨ।
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਅਜਿਹੇ ਗਰੁੱਪਾਂ ਦੇ ਸੰਚਾਲਕ ਆਪਣੀ ਪਛਾਣ ਛੁਪਾ ਕੇ ਰੱਖਦੇ ਹਨ ਅਤੇ ਸਿਰਫ਼ ਭਰੋਸੇਯੋਗ ਮੈਂਬਰਾਂ ਨੂੰ ਹੀ ਪਾਰਟੀ ਦੀ ਲੋਕੇਸ਼ਨ ਭੇਜਦੇ ਹਨ। ਪੁਲਿਸ ਅਤੇ ਸਾਈਬਰ ਸੈੱਲ ਹੁਣ ਇਹਨਾਂ ਗਰੁੱਪਾਂ ’ਤੇ ਤਿੱਖੀ ਨਜ਼ਰ ਰੱਖ ਰਹੇ ਹਨ ਤਾਂ ਜੋ ਇਸ ਗੈਰ-ਕਾਨੂੰਨੀ ਧੰਦੇ ਨੂੰ ਨੱਥ ਪਾਈ ਜਾ ਸਕੇ। ਪ੍ਰਸ਼ਾਸਨ ਨੇ ਮਾਪਿਆਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ ’ਤੇ ਕਿਸੇ ਵੀ ਅਣਜਾਣ ਵਿਅਕਤੀ ਜਾਂ ਗਰੁੱਪ ਦੇ ਸੱਦੇ ‘ਤੇ ਅਜਿਹੀਆਂ ਥਾਵਾਂ ‘ਤੇ ਨਾ ਜਾਣ, ਕਿਉਂਕਿ ਇਹ ਸੁਰੱਖਿਆ ਦੇ ਲਿਹਾਜ਼ ਨਾਲ ਬਹੁਤ ਖ਼ਤਰਨਾਕ ਸਾਬਤ ਹੋ ਸਕਦਾ ਹੈ।
ਪੰਜਾਬ ’ਚ ਇਸ ਕਿਸਮ ਦੀਆਂ ਪਾਰਟੀਆਂ ਦੇ ਵੀਡਿਓ ਵਾਈਰਲ ਹੋ ਰਹੇ ਹਨ, ਜਿੰਨ੍ਹਾਂ ’ਚ ਨੌਜਵਾਨ ਮੁੰਡੇ ਕੁੜੀਆਂ ਇਕ ਦੂਜੇ ਤੋਂ ਅਣਜਾਨ ਹਨ। ਉਹ ਪਾਰਟੀ ’ਚ ਮਿਲਦੇ ਹਨ, ਫਿਰ ਅੱਖਾਂ ’ਤੇ ਪੱਟੀ ਬੰਨ੍ਹੇ ਹੋਏ ਹੀ ਇਕ ਦੂਜੇ ਨਾਲ ਗੱਲਬਾਤ ਕਰਦੇ ਹਨ। ਇਹ ਪਾਰਟੀਆਂ ਕਿੱਥੇ ਹੋਈਆਂ, ਇਸ ਬਾਰੇ ਕੋਈ ਸੂਚਨਾ ਨਹੀਂ ਦਿੱਤੀ ਜਾਂਦੀ। ਪਾਰਟੀ ’ਚ ਸ਼ਾਮਲ ਹੋਣ ਲਈ ਮੈਂਬਰਸ਼ਿਪ ਫ਼ੀਸ ਲਈ ਜਾਂਦੀ ਹੈ। ਪਾਰਟੀ ਦਾ ਕੰਮ ਇਨਾਂ ਸੀਕ੍ਰੇਟ ਰੱਖਿਆ ਗਿਆ ਹੈ ਕਿ ਮੈਂਬਰ ਤੋਂ ਇਲਾਵਾ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ। ਆਨਲਾਈਨ ਬੁਕਿੰਗ ਸਹੂਲਤ ਵੀ ਹੈ, ਪਰ ਜਾਣਕਾਰੀ ਸਿਰਫ਼ ਮੈਂਬਰਸ਼ਿਪ ਤੱਕ ਲਈ ਹੀ ਦਿੱਤੀ ਜਾਂਦੀ ਹੈ। ਹਾਲਾਂਕਿ ਇੰਨ੍ਹਾਂ ਪਾਰਟੀਆਂ ’ਚ ਸ਼ਾਮਲ ਹੋਣ ’ਤੇ ਖਤਰਾ ਵੀ ਹੈ।

