PM ਮੋਦੀ ਨੇ ਕੀਤਾ ਵਰਚੁਅਲੀ ਉਦਘਾਟਨ, ਜਲਦ ਏਅਰ ਇੰਡੀਆ ਕਰੇਗੀ ਸੇਵਾਵਾਂ ਦੀ ਸ਼ੁਰੂਆਤ

ਲੁਧਿਆਣਾ, 2 ਫ਼ਰਵਰੀ (ਰਵਿੰਦਰ ਸ਼ਰਮਾ) : ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਸਥਿਤ ਹਲਵਾਰਾ ਏਅਰਪੋਰਟ ਤੋਂ ਮਾਰਚ 2026 ਤੋਂ ਹਵਾਈ ਉਡਾਣਾਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਬੀਤੇ ਐਤਵਾਰ, 1 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਦੇ ਆਦਮਪੁਰ ਏਅਰਪੋਰਟ ਤੋਂ ਵਰਚੁਅਲ ਤਰੀਕੇ ਨਾਲ ਇਸ ਦਾ ਉਦਘਾਟਨ ਕੀਤਾ। ਏਅਰਪੋਰਟ ਅਥਾਰਟੀ ਆਫ ਇੰਡੀਆ ਨੇ ਸ਼ੁਰੂਆਤੀ ਤੌਰ ‘ਤੇ ਏਅਰ ਇੰਡੀਆ ਨੂੰ ਇੱਥੋਂ ਆਪਣੀਆਂ ਸੇਵਾਵਾਂ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਹੈ। ਏਅਰਲਾਈਨਜ਼ ਵੱਲੋਂ ਦਿੱਤੇ ਗਏ ਪ੍ਰਸਤਾਵ ਮੁਤਾਬਕ ਦਿੱਲੀ ਤੋਂ ਪਹਿਲੀ ਫਲਾਈਟ ਸਵੇਰੇ 7:00 ਵਜੇ ਹਲਵਾਰਾ ਵਿਖੇ ਉਤਰੇਗੀ ਅਤੇ ਇਸ ਤੋਂ ਬਾਅਦ ਸਵੇਰੇ 7:40 ਵਜੇ ਇਹ ਫਲਾਈਟ ਲੁਧਿਆਣਾ ਤੋਂ ਦਿੱਲੀ ਲਈ ਰਵਾਨਾ ਹੋਵੇਗੀ। ਦੂਜੀ ਫਲਾਈਟ ਦੁਪਹਿਰ 3:00 ਵਜੇ ਲੁਧਿਆਣਾ ਪੁੱਜੇਗੀ ਅਤੇ 3:40 ’ਤੇ ਦਿੱਲੀ ਵਾਪਰ ਪਰਤੇਗੀ।

ਸ਼ੁਰੂਆਤੀ ਪੜਾਅ ਵਿੱਚ ਰੋਜ਼ਾਨਾ ਦੋ ਫਲਾਈਟਾਂ ਲੁਧਿਆਣਾ ਤੋਂ ਦਿੱਲੀ ਜਾਣਗੀਆਂ ਅਤੇ ਦੋ ਹੀ ਦਿੱਲੀ ਤੋਂ ਵਾਪਸ ਆਉਣਗੀਆਂ, ਜਿਸ ਤੋਂ ਬਾਅਦ ਦੇਸ਼ ਦੇ ਹੋਰ ਰਾਜਾਂ ਲਈ ਵੀ ਹਵਾਈ ਸੇਵਾਵਾਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਦਿੱਲੀ ਅਤੇ ਲੁਧਿਆਣਾ ਵਿਚਕਾਰ ਸਫਰ ਦਾ ਸਮਾਂ ਲਗਭਗ 1 ਘੰਟਾ 20 ਮਿੰਟ ਰਹੇਗਾ ਅਤੇ ਅੰਦਾਜ਼ਨ ਟਿਕਟ ਦੀ ਕੀਮਤ 2800 ਤੋਂ 3500 ਰੁਪਏ ਦੇ ਵਿਚਕਾਰ ਹੋ ਸਕਦੀ ਹੈ, ਹਾਲਾਂਕਿ ਫਿਲਹਾਲ ਕੀਮਤਾਂ ਬਾਰੇ ਅੰਤਿਮ ਫੈਸਲਾ ਹੋਣਾ ਬਾਕੀ ਹੈ। ਮੁਸਾਫਰਾਂ ਨੂੰ ਉਡਾਣ ਭਰਨ ਤੋਂ ਘੱਟੋ-ਘੱਟ 2 ਘੰਟੇ ਪਹਿਲਾਂ ਹਵਾਈ ਅੱਡੇ ‘ਤੇ ਪਹੁੰਚਣਾ ਲਾਜ਼ਮੀ ਹੋਵੇਗਾ।
ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਦੱਸਿਆ ਕਿ ਹਲਵਾਰਾ ਨੂੰ ਅੰਤਰਰਾਸ਼ਟਰੀ ਹਵਾਈ ਅੱਡਾ ਬਣਾਉਣ ਲਈ ਕੰਮ ਤੇਜ਼ੀ ਨਾਲ ਜਾਰੀ ਹੈ ਅਤੇ ਟਰਮੀਨਲ ਬਿਲਡਿੰਗ ਦਾ ਨਿਰਮਾਣ ਮੁਕੰਮਲ ਹੁੰਦੇ ਹੀ ਅੰਤਰਰਾਸ਼ਟਰੀ ਉਡਾਣਾਂ ਵੀ ਸ਼ੁਰੂ ਕਰ ਦਿੱਤੀਆਂ ਜਾਣਗੀਆਂ, ਜਿਸ ਵਿੱਚ ਲਗਭਗ 2 ਸਾਲ ਦਾ ਸਮਾਂ ਲੱਗ ਸਕਦਾ ਹੈ। ਇਸ ਯੋਜਨਾ ਦੇ ਤਹਿਤ ਸਾਹਨੇਵਾਲ ਏਅਰਪੋਰਟ ਨੂੰ ਵੀ ਇੱਥੇ ਸ਼ਿਫਟ ਕੀਤਾ ਜਾਵੇਗਾ ਅਤੇ ਇਲਾਕੇ ਦੇ ਵਪਾਰੀਆਂ ਦੀ ਸਹੂਲਤ ਲਈ ਜਲਦੀ ਹੀ ਕਾਰਗੋ ਫਲਾਈਟਾਂ ਦੀ ਸ਼ੁਰੂਆਤ ਵੀ ਕੀਤੀ ਜਾਵੇਗੀ।
