ਵਿਆਹ ਵਿੱਚ ਛਤਰ ਸਾਹਿਬ ਅਤੇ ਚੌਰ ਸਾਹਿਬ ਦੀ ਮਰਯਾਦਾ ਦੇ ਉਲਟ ਕੀਤੀ ਸੀ ਵਰਤੋਂ
ਅੰਮ੍ਰਿਤਸਰ, 3 ਫ਼ਰਵਰੀ (ਰਵਿੰਦਰ ਸ਼ਰਮਾ) : ਆਪਣੇ ਵਿਆਹ ਵਿੱਚ ਬੈਂਡ-ਵਾਜਾ ਟੀਮ ਦੇ ਨਾਲ ਸਿੱਖ ਮਰਯਾਦਾ ਦੀਆਂ ਧੱਜੀਆਂ ਉਡਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਗੋਵਿੰਦ ਸਿੰਘ ਸੰਧੂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਸਾਹਮਣੇ ਪੇਸ਼ ਹੋਏ। ਗੋਵਿੰਦ ਸਿੰਘ ਨੇ ਜਥੇਦਾਰ ਗੜਗੱਜ ਦੇ ਸਾਹਮਣੇ ਆਪਣੀ ਗਲਤੀ ਲਈ ਲਿਖਤੀ ਮਾਫ਼ੀ ਮੰਗੀ। ਜਥੇਦਾਰ ਗੜਗੱਜ ਨੇ ਕਿਹਾ ਕਿ ਤਖ਼ਤਾਂ ਦੇ ਸਿੰਘ ਸਾਹਿਬਾਨ ਦੀ ਅਗਲੀ ਮੀਟਿੰਗ ਵਿੱਚ ਇਸ ਮਸਲੇ ‘ਤੇ ਵਿਚਾਰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਗੋਵਿੰਦ ਵੱਲੋਂ ਚੌਰ ਸਾਹਿਬ ਕਰਵਾਉਣ ਦੀ ਤਸਵੀਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕਰਦੇ ਹੋਏ ਇਸ ‘ਤੇ ਇਤਰਾਜ਼ ਜਤਾਇਆ ਸੀ। ਵਲਟੋਹਾ ਨੇ ਗੋਵਿੰਦ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਸੀ ਕਿ ਵਿਆਹ ਦੀਆਂ ਇਨ੍ਹਾਂ ਰਸਮਾਂ ਵਿੱਚ ਧਾਰਮਿਕ ਪ੍ਰਤੀਕਾਂ ਛਤਰ ਸਾਹਿਬ ਅਤੇ ਚੌਰ ਸਾਹਿਬ ਦੀ ਮਰਯਾਦਾ ਦੇ ਉਲਟ ਵਰਤੋਂ ਕੀਤੀ ਗਈ ਹੈ, ਕਿਉਂਕਿ ਇਹ ਸੇਵਾ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਲਈ ਹੀ ਕੀਤੀ ਜਾ ਸਕਦੀ ਹੈ।
ਹਾਲ ਹੀ ਵਿੱਚ ਗੋਵਿੰਦ ਦਾ ਵਿਆਹ ਚੰਡੀਗੜ੍ਹ ਦੇ ਇੱਕ ਨਿੱਜੀ ਫਾਰਮ ਹਾਊਸ ਵਿੱਚ ਹੋਇਆ ਸੀ। ਵਲਟੋਹਾ ਨੇ ਕਿਹਾ ਕਿ ਇਹ ਕਾਰਾ ਪੂਰੀ ਤਰ੍ਹਾਂ ਮਰਯਾਦਾ ਦੇ ਖਿਲਾਫ ਹੈ। ਮਾਮਲਾ ਗਰਮਾਉਂਦੇ ਹੀ ਬੀਤੇ ਕੱਲ੍ਹ ਪਹਿਲਾਂ ਗੋਵਿੰਦ ਨੇ ਸੋਸ਼ਲ ਮੀਡੀਆ ‘ਤੇ ਮਾਫ਼ੀ ਮੰਗੀ ਅਤੇ ਸੋਮਵਾਰ ਨੂੰ ਚੁੱਪ-ਚਾਪ ਜਥੇਦਾਰ ਗੜਗੱਜ ਦੇ ਸਾਹਮਣੇ ਪੇਸ਼ ਹੋ ਗਏ। ਗੋਵਿੰਦ ਨੇ ਸਵੀਕਾਰ ਕੀਤਾ ਹੈ ਕਿ ਇਹ ਕਾਰਾ ਗਲਤ ਸੀ ਅਤੇ ਇਸ ਰਸਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਨਾ ਸਮਝਿਆ ਜਾਵੇ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੋਈ ਨਾ ਹੈ ਅਤੇ ਨਾ ਹੀ ਹੋ ਸਕਦਾ ਹੈ।
