‘ਪੜ੍ਹਾਉਣਾ ਸਾਡਾ ਫ਼ਰਜ਼, ਰਾਸ਼ਨ ਕਾਰਡਾਂ ਦੀ ਪੜਤਾਲ ਨਹੀਂ ਕਰਾਂਗੇ’—ਜਥੇਬੰਦੀਆਂ ਨੇ ਦਿੱਤੀ ਡੀ.ਸੀ. ਦਫ਼ਤਰ ਘੇਰਨ ਦੀ ਚਿਤਾਵਨੀ
ਬਰਨਾਲਾ, 18 ਸਤੰਬਰ (ਰਵਿੰਦਰ ਸ਼ਰਮਾ) : ਸਿੱਖਿਆ ਅਤੇ ਸਿਹਤ ਵਿੱਚ ਇਨਕਲਾਬੀ ਤਬਦੀਲੀਆਂ ਦੇ ਦਾਅਵੇ ਕਰਕੇ ਸੱਤਾ ਵਿੱਚ ਆਈ ਪੰਜਾਬ ਸਰਕਾਰ ਦੀ ਕਥਿਤ ‘ਸਿੱਖਿਆ ਕ੍ਰਾਂਤੀ’ ਦੀ ਜ਼ਮੀਨੀ ਹਕੀਕਤ ਉਸ ਵੇਲੇ ਬੇਪਰਦ ਹੋ ਗਈ, ਜਦੋਂ ਅਧਿਆਪਕ ਜਥੇਬੰਦੀਆਂ ਨੇ ਲਗਾਤਾਰ ਦੂਜੇ ਦਿਨ ਡਿਪਟੀ ਕਮਿਸ਼ਨਰ ਦਫ਼ਤਰ ਬਰਨਾਲਾ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ। ਅਧਿਆਪਕਾਂ ਨੇ ਸਕੂਲਾਂ ਵਿੱਚ ਪੜ੍ਹਾਈ ਠੱਪ ਕਰਵਾ ਕੇ ਥੋਪੀਆਂ ਜਾ ਰਹੀਆਂ ਰਾਸ਼ਨ ਕਾਰਡ ਵੈਰੀਫਿਕੇਸ਼ਨ ਸਮੇਤ ਸਮੁੱਚੀਆਂ ਗ਼ੈਰ-ਵਿਦਿਅਕ ਡਿਊਟੀਆਂ ਖ਼ਿਲਾਫ਼ ਆਰ-ਪਾਰ ਦੀ ਲੜਾਈ ਦਾ ਐਲਾਨ ਕਰਦਿਆਂ ਪ੍ਰਸ਼ਾਸਨ ਤੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਰੋਸ ਇਕੱਠ ਨੂੰ ਸੰਬੋਧਨ ਕਰਦਿਆਂ ਅਧਿਆਪਕ ਆਗੂਆਂ ਰਾਜੀਵ ਕੁਮਾਰ, ਪਰਮਿੰਦਰ ਸਿੰਘ, ਜਸਵੀਰ ਸਿੰਘ ਬੀਹਲਾ, ਤੇਜਿੰਦਰ ਸਿੰਘ ਤੇਜੀ, ਸੁਮਿਤ ਕੁਮਾਰ, ਮਲਵਿੰਦਰ ਸਿੰਘ, ਗੁਰਜੀਤ ਸਿੰਘ, ਨਿਰਮਲ ਚੁਹਾਣਕੇ, ਕੇਵਲ ਸਿੰਘ, ਅਮਰੀਕ ਸਿੰਘ, ਸੋਹਣ ਸਿੰਘ, ਸੁਖਬੀਰ ਸਿੰਘ, ਬਲਜਿੰਦਰ ਪ੍ਰਭੂ, ਸੁਖਵਿੰਦਰ ਪੂਨਮ, ਕਰਮਜੀਤ ਸਿੰਘ ਭੋਤਨਾ, ਸੰਦੀਪ ਕੁਮਾਰ, ਸੋਨਦੀਪ ਸਿੰਘ ਟੱਲੇਵਾਲ ਅਤੇ ਜੱਗਾ ਸਿੰਘ ਬੋਹਾ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਅਧਿਆਪਕਾਂ ਤੋਂ ਸਿਰਫ਼ ਪੜ੍ਹਾਈ ਦਾ ਕੰਮ ਲਿਆ ਜਾਵੇਗਾ ਅਤੇ ਉਨ੍ਹਾਂ ਦੀ ਕੋਈ ਵੀ ਗ਼ੈਰ-ਵਿਦਿਅਕ ਡਿਊਟੀ ਨਹੀਂ ਲਗਾਈ ਜਾਵੇਗੀ। ਪਰ ਹਕੀਕਤ ਇਹ ਹੈ ਕਿ ਜ਼ਿਲ੍ਹਾ ਬਰਨਾਲਾ ਵਿੱਚ ਅਧਿਆਪਕਾਂ ਨੂੰ ਪਰਾਲੀ ਸਾੜਨ ਤੋਂ ਰੋਕਣ, ਬੀ.ਐੱਲ.ਓ., ਜਨਗਣਨਾ, ਐੱਸ.ਆਰ.ਆਈ., ਤੀਰਥ ਯਾਤਰਾ ਦੀਆਂ ਬੱਸਾਂ ਰਵਾਨਾ ਕਰਨ, ਹੈਲਥ ਕਾਰਡ ਬਣਾਉਣ ਅਤੇ ਹੁਣ ਘਰ-ਘਰ ਜਾ ਕੇ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਕਰਨ ਵਰਗੇ ਗ਼ੈਰ-ਵਿਦਿਅਕ ਕੰਮਾਂ ਵਿੱਚ ਧੱਕ ਦਿੱਤਾ ਗਿਆ ਹੈ।
ਆਗੂਆਂ ਨੇ ਦੋਸ਼ ਲਾਇਆ ਕਿ ਜਮਾਤਾਂ ਛੱਡ ਕੇ ਅਧਿਆਪਕਾਂ ਨੂੰ ਸੜਕਾਂ ਤੇ ਦਫ਼ਤਰਾਂ ਦੇ ਕੰਮਾਂ ਵਿੱਚ ਝੋਕਣ ਕਾਰਨ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਗ਼ਰੀਬ ਵਰਗ ਦੇ ਬੱਚਿਆਂ ਦੀ ਪੜ੍ਹਾਈ ਦਾ ਵੱਡੇ ਪੱਧਰ ’ਤੇ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਾਗ਼ਜ਼ਾਂ ਅਤੇ ਲੋਕ-ਲੁਭਾਵਣੇ ਇਸ਼ਤਿਹਾਰਾਂ ਰਾਹੀਂ ਸਿੱਖਿਆ ਸੁਧਾਰਾਂ ਦਾ ਢੰਡੋਰਾ ਪਿੱਟ ਰਹੀ ਹੈ, ਜਦਕਿ ਜ਼ਮੀਨੀ ਪੱਧਰ ’ਤੇ ਸਕੂਲ ਅਧਿਆਪਕਾਂ ਤੋਂ ਸੱਖਣੇ ਹੋ ਰਹੇ ਹਨ।
ਅਧਿਆਪਕ ਆਗੂਆਂ ਨੇ ਦੋ-ਟੁੱਕ ਚਿਤਾਵਨੀ ਦਿੱਤੀ ਕਿ ਅਧਿਆਪਕਾਂ ਦਾ ਮੁੱਖ ਕੰਮ ਸਿਰਫ਼ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਹੈ, ਨਾ ਕਿ ਸਰਕਾਰੀ ਵਿਭਾਗਾਂ ਦੀ ਵਗਾਰ ਕੱਟਣਾ। ਜੇਕਰ ਰਾਸ਼ਨ ਕਾਰਡ ਵੈਰੀਫਿਕੇਸ਼ਨ ਸਮੇਤ ਤਮਾਮ ਗ਼ੈਰ-ਵਿਦਿਅਕ ਡਿਊਟੀਆਂ ਦੇ ਹੁਕਮ ਤੁਰੰਤ ਰੱਦ ਨਾ ਕੀਤੇ ਗਏ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਡੀ.ਸੀ. ਦਫ਼ਤਰ ਬਰਨਾਲਾ ਦਾ ਪੂਰਨ ਘਿਰਾਓ ਕੀਤਾ ਜਾਵੇਗਾ, ਜਿਸ ਦੀ ਸਿੱਧੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ।
ਇਸ ਰੋਸ ਪ੍ਰਦਰਸ਼ਨ ਵਿੱਚ ਕੁਲਦੀਪ ਕੌਰ, ਪਰਮਿੰਦਰ ਠੀਕਰੀਵਾਲ, ਜਸਵਿੰਦਰ ਸਿੰਘ ਖੁੱਡੀ, ਰਮਨਦੀਪ ਕੌਰ, ਮਨਜੀਤ ਕੌਰ, ਮੈਡਮ ਰੀਤੂ, ਸ਼ਰਨਜੀਤ ਸੈਂਪਲਾ, ਰਮਨਦੀਪ ਸਿੰਗਲਾ, ਬਲਵਿੰਦਰ ਸਿੰਘ ਦਾਨਗੜ੍ਹ, ਏਕਮਜੀਤ ਭੋਤਨਾ, ਜਗਜੀਤ ਸਿੰਘ ਗੁਰਮ, ਮਲਵਿੰਦਰ ਸਿੰਘ, ਅੰਮ੍ਰਿਤਪਾਲ, ਹਰਜਿੰਦਰ ਠੀਕਰੀਵਾਲ, ਬਲਜਿੰਦਰ ਕੌਰ, ਮਨਦੀਪ ਸਿੰਘ, ਰਾਜਨ ਅਰੋੜਾ, ਪਰਾਗ ਜੈਨ, ਸੁਰਜੀਤ ਸਿੰਘ, ਰਘੁਵੀਰ ਖੁੱਡੀ, ਚਰਨਜੀਤ ਸਿੰਘ ਉੱਪਲੀ, ਮਨਜੀਤ ਸਿੰਘ ਠੀਕਰੀਵਾਲ, ਵਲੈਤੀ ਪੁਰੀ ਅਤੇ ਗੁਰਤੇਜ ਬੀਹਲਾ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।
