ਸਕੂਲਾਂ ਵਿੱਚ ਗੈਰ-ਵਿੱਦਿਅਕ ਡਿਊਟੀਆਂ ਦੇ ਨੋਟਿਸਾਂ ਦੀਆਂ ਕਾਪੀਆਂ ਸਾੜ ਕੇ ਕੀਤਾ ਵਿਰੋਧ
ਬਰਨਾਲਾ, 19 ਸਤੰਬਰ (ਰਵਿੰਦਰ ਸ਼ਰਮਾ) : ਰਾਸ਼ਨ ਕਾਰਡ ਵੈਰੀਫਿਕੇਸ਼ਨ ਲਈ ਅਧਿਆਪਕਾਂ ਦੀਆਂ ਲਗਾਈਆਂ ਗਈਆਂ ਗੈਰ-ਵਿੱਦਿਅਕ ਡਿਊਟੀਆਂ ਦੇ ਵਿਰੋਧ ਵਿੱਚ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਅੱਜ ਲਗਾਤਾਰ ਤੀਜੇ ਦਿਨ ਰੋਸ ਪ੍ਰਦਰਸ਼ਨ ਕੀਤਾ ਗਿਆ। ਅਧਿਆਪਕਾਂ ਨੇ ਸਕੂਲਾਂ ਵਿੱਚ ਇਨ੍ਹਾਂ ਡਿਊਟੀਆਂ ਸਬੰਧੀ ਜਾਰੀ ਕੀਤੇ ਨੋਟਿਸਾਂ ਦੀਆਂ ਕਾਪੀਆਂ ਸਾੜ ਕੇ ਆਪਣਾ ਰੋਸ ਦਰਜ ਕਰਵਾਇਆ।
ਇਸ ਮੌਕੇ ਅਧਿਆਪਕ ਆਗੂ ਨਰਿੰਦਰ ਸਹਿਣਾ, ਹਰਿੰਦਰ ਮੱਲ੍ਹੀ, ਰਾਜੀਵ ਕੁਮਾਰ, ਪਰਮਿੰਦਰ ਸਿੰਘ, ਜਸਵੀਰ ਸਿੰਘ ਬੀਹਲਾ, ਅਮਰਜੀਤ ਸਿੰਘ ਖ਼ਾਲਸਾ, ਪ੍ਰਦੀਪ ਕੁਮਾਰ , ਸੁਮਿਤ ਕੁਮਾਰ, ਮਾਲਵਿੰਦਰ ਸਿੰਘ, ਸੰਦੀਪ ਕੁਮਾਰ, ਨੇ ਕਿਹਾ ਕਿ ਲਗਾਤਾਰ ਗੈਰ-ਵਿੱਦਿਅਕ ਕੰਮਾਂ ਵਿੱਚ ਅਧਿਆਪਕਾਂ ਨੂੰ ਉਲਝਾਉਣ ਕਾਰਨ ਉਹ ਸਕੂਲਾਂ ਤੋਂ ਬਾਹਰ ਰਹਿਣ ਲਈ ਮਜਬੂਰ ਹੋ ਰਹੇ ਹਨ, ਜਿਸ ਦਾ ਸਿੱਧਾ ਅਸਰ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਪੈ ਰਿਹਾ ਹੈ। ਅਧਿਆਪਕਾਂ ਦਾ ਮੁੱਖ ਫਰਜ਼ ਬੱਚਿਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਦੇਣਾ ਹੈ, ਪਰ ਵੱਖ-ਵੱਖ ਗੈਰ-ਵਿੱਦਿਅਕ ਕੰਮਾਂ ਦੀਆਂ ਜ਼ਿੰਮੇਵਾਰੀਆਂ ਕਾਰਨ ਵਿੱਦਿਅਕ ਕੰਮ ਲਗਾਤਾਰ ਪ੍ਰਭਾਵਿਤ ਹੋ ਰਿਹਾ ਹੈ। ਆਗੂਆਂ ਨੇ ਕਿਹਾ ਕਿ ਇਸ ਸਮੇਂ ਸਕੂਲਾਂ ਵਿੱਚ ਸਤੰਬਰ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਹਨ। ਅਧਿਆਪਕਾਂ ਦੀ ਗੈਰ-ਮੌਜੂਦਗੀ ਕਾਰਨ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਪ੍ਰੀਖਿਆਵਾਂ ਦੀ ਤਿਆਰੀ ਅਤੇ ਲੋੜੀਂਦੀ ਅਕਾਦਮਿਕ ਸਹਾਇਤਾ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਪ੍ਰੀਖਿਆਵਾਂ ਦੇ ਨਤੀਜੇ ਤਿਆਰ ਕਰਨ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ ਅਧਿਆਪਕ ਜਥੇਬੰਦੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਰਾਸ਼ਨ ਕਾਰਡ ਵੈਰੀਫਿਕੇਸ਼ਨ ਨਾਲ ਸਬੰਧਤ ਅਧਿਆਪਕਾਂ ਦੀਆਂ ਡਿਊਟੀਆਂ ਤੁਰੰਤ ਰੱਦ ਕੀਤੀਆਂ ਜਾਣ ਅਤੇ ਉਨ੍ਹਾਂ ਨੂੰ ਸਕੂਲਾਂ ਵਿੱਚ ਰਹਿ ਕੇ ਵਿੱਦਿਅਕ ਕੰਮ ਕਰਨ ਦਿੱਤਾ ਜਾਵੇ। ਆਗੂਆਂ ਨੇ ਸਪੱਸ਼ਟ ਕੀਤਾ ਕਿ ਜੇਕਰ 21 ਸਤੰਬਰ ਤੱਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਮਸਲੇ ਦਾ ਕੋਈ ਯੋਗ ਹੱਲ ਨਾ ਕੱਢਿਆ ਗਿਆ ਤਾਂ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਅਗਲੇ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਅੱਜ ਦੇ ਐਕਸ਼ਨ ਵਿੱਚ ਦਲਜਿੰਦਰ ਸਿੰਘ ਪੰਡੋਰੀ , ਪਰਮਿੰਦਰ ਠੀਕਰੀਵਾਲ, ਨਿਰਮਲ ਸਿੰਘ ਚੁਹਾਣਕੇ, ਸ੍ਰੀ ਚੰਦ, ਸਿਕੰਦਰ ਸਿੰਘ, ਤੇਜਿੰਦਰ ਤੇਜੀ, ਜੱਗਾ ਸਿੰਘ, ਸੁਖਚੈਨ ਸਿੰਘ ਅਤੇ ਹੋਰ ਸੈਂਕੜੇ ਅਧਿਆਪਕਾਂ ਨੇ ਭਾਗ ਲਿਆ।
