ਗ੍ਰਿਫਤਾਰ `ਚੋਂ 2 ਮੁਲਜ਼ਮ ਮੋਗਾ ਤੇ ਸੰਗਰੂਰ ਜੇਲ ’ਚੋਂ ਪੋ੍ਰਟਕਸ਼ਨ ਵਰੰਟ ’ਤੇ ਲਿਆਂਦੇ
ਬਰਨਾਲਾ, 22 ਸਤੰਬਰ (ਰਵਿੰਦਰ ਸ਼ਰਮਾ) : ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਫਰਵਾਹੀ ਸਥਿਤ ਘਰ ਦੇ ਬਾਹਰ 12-13 ਸਤੰਬਰ ਦੀ ਰਾਤ ਨੂੰ ਹੋਈ ਫਾਇਰਿੰਗ ਦੇ ਮਾਮਲੇ ’ਚ ਬਰਨਾਲਾ ਪੁਲਿਸ, ਕਾਊਂਟਰ ਇੰਟੈਲੀਜੈਂਸ ਤੇ ਸੰਗਰੂਰ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ਦੋ ਮੁੱਖ ਸ਼ੂਟਰਾਂ ਸਣੇ ਹੁਣ ਤਕ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ 2 ਦੋ ਮੁਲਜ਼ਮ ਮੋਗਾ ਤੇ ਸੰਗਰੂਰ ਜੇਲ ’ਚੋਂ ਪੋ੍ਰਟਕਸ਼ਨ ਵਰੰਟ ’ਤੇ ਲਿਆਂਦਾ ਹੈ। ਪੁਲਿਸ ਅਨੁਸਾਰ ਮਾਮਲੇ ’ਚ ਸ਼ਾਮਲ ਹੋਰ ਮੁਲਜ਼ਮਾਂ ਦੀ ਪਛਾਣ ਤੇ ਗ੍ਰਿਫ਼ਤਾਰੀ ਲਈ ਜਾਂਚ ਜਾਰੀ ਹੈ। ਡੀਆਈਜੀ ਪਟਿਆਲਾ ਰੇਂਜ ਕੁਲਦੀਪ ਸਿੰਘ ਚਹਿਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮੰਗਲਵਾਰ ਤੜਕੇ ਸੰਗਰੂਰ-ਮਾਨਸਾ-ਬਰਨਾਲਾ ਰੋਡ ’ਤੇ ਸ਼ੱਕੀ ਮੁਲਜ਼ਮਾਂ ਦੇ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਬਰਨਾਲਾ-ਮਾਨਸਾ ਰੋਡ ’ਤੇ ਪੁਲਿਸ ਟੀਮਾਂ ਨੇ ਨਾਕਾਬੰਦੀ ਕਰਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਮੁਲਜ਼ਮਾਂ ਨੇ ਪੁਲਿਸ ਪਾਰਟੀ ’ਤੇ ਫਾਇਰਿੰਗ ਕਰ ਦਿੱਤੀ। ਜਵਾਬੀ ਕਾਰਵਾਈ ’ਚ ਦੋ ਮੁਲਜ਼ਮ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਗੁਰਵਿੰਦਰ ਸਿੰਘ ਤੇ ਗੁਰਪਿਆਰ ਸਿੰਘ ਜ਼ਿਲ੍ਹਾ ਸੰਗਰੂਰ ਵਜੋਂ ਹੋਈ ਹੈ। ਗੁਰਵਿੰਦਰ ਸਿੰਘ ਖ਼ਿਲਾਫ਼ ਪਹਿਲਾਂ ਵੀ ਕਰੀਬ ਪੰਜ ਮਾਮਲੇ ਦਰਜ ਦੱਸੇ ਜਾ ਰਹੇ ਹਨ। ਮੁਕਾਬਲੇ ਦੌਰਾਨ ਇਕ ਮੁਲਜ਼ਮ ਦੇ ਪੈਰ ’ਚ ਗੋਲੀ ਲੱਗੀ। ਜਦੋਂ ਕਿ ਦੂਜਾ ਬਾਈਕ ਤੋਂ ਡਿੱਗਣ ਕਾਰਨ ਜ਼ਖ਼ਮੀ ਹੋ ਗਿਆ ਤੇ ਉਸ ਦੀ ਲੱਤ ’ਤੇ ਸੱਟ ਲੱਗੀ। ਉੱਥੇ ਹੀ ਬੀਤੀ ਰਾਤ ਪੁਲਿਸ ਨੇ ਪਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਰਮਨਪ੍ਰੀਤ ਸਿੰਘ ਤੇ ਗੌਰਵ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਸ਼ੂਟਰਾਂ ਦੀ ਮਦਦ ਕੀਤੀ ਸੀ।
- ਮੁਲਜ਼ਮਾਂ ਤੋਂ ਹਥਿਆਰ ਤੇ ਬਾਈਕ ਬਰਾਮਦ: ਬਾਰੀਕੀ ਨਾਲ ਜਾਂਚ ਜਾਰੀ
ਐੱਸਪੀ (ਡੀ) ਸੰਜੀਵ ਗੋਇਲ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਦੋ ਪਿਸਤੌਲ ਤੇ ਬਿਨਾਂ ਨੰਬਰ ਪਲੇਟ ਵਾਲੀ ਬਾਈਕ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਸੰਗਰੂਰ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਇਕ ਹੋਰ ਮੁਲਜ਼ਮ ਤੋਂ ਦੇਸੀ ਪਿਸਤੌਲ ਬਰਾਮਦ ਕੀਤਾ ਹੈ। ਪੁਲਿਸ ਮਾਮਲੇ ’ਚ ਵਰਤੇ ਗਏ ਹਥਿਆਰਾਂ ਤੇ ਵਾਹਨਾਂ ਦੇ ਸਬੰਧ ’ਚ ਵੀ ਜਾਂਚ ਕਰ ਰਹੀ ਹੈ। ਅਧਿਕਾਰੀਆਂ ਅਨੁਸਾਰ ਫਾਇਰਿੰਗ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸ਼ੂਟਰਾਂ ਤੋਂ ਇਲਾਵਾ ਉਨ੍ਹਾਂ ਨੌਜਵਾਨਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਨੇ ਕਥਿਤ ਤੌਰ ’ਤੇ ਵਾਹਨ ਮੁਹੱਈਆ ਕਰਵਾਉਣ ਤੇ ਸੋਸ਼ਲ ਮੀਡੀਆ ਹੈਂਡਲਿੰਗ ਸਮੇਤ ਹੋਰ ਤਰੀਕਿਆਂ ਨਾਲ ਮੁਲਜ਼ਮਾਂ ਦੀ ਮਦਦ ਕੀਤੀ ਸੀ। - ਪੁਲਿਸ ਖੰਗਾਲ ਰਹੀ ਹੈ ਨੈੱਟਵਰਕ: ਲਿਆ ਜਾਵੇਗਾ ਪੁਲਿਸ ਰਿਮਾਂਡ
ਐੱਸਪੀ (ਡੀ) ਸੰਜੀਵ ਗੋਇਲ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ’ਚ ਮਾਮਲੇ ਦੇ ਤਾਰ ਕਥਿਤ ਤੌਰ ’ਤੇ ਡਰੱਗਜ਼ ਕਾਰਟੈਲ ਤੇ ਜਬਰਨ ਉਗਰਾਹੀ ਦੇ ਨੈੱਟਵਰਕ ਨਾਲ ਜੁੜੇ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਵਿਦੇਸ਼ ’ਚ ਬੈਠੇ ਅਪਰਾਧਿਕ ਨੈੱਟਵਰਕ ਨਾਲ ਮੁਲਜ਼ਮਾਂ ਦੇ ਸੰਪਰਕ ਤੇ ਫਾਇਰਿੰਗ ਦੇ ਪਿੱਛੇ ਦੇ ਉਦੇਸ਼ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਫਿਲਹਾਲ ਕਿਸੇ ਵਿਅਕਤੀ ਦਾ ਨਾਂ ਜਨਤਕ ਕਰਨਾ ਉਚਿਤ ਨਹੀਂ ਹੋਵੇਗਾ। ਰਿਮਾਂਡ ਦੌਰਾਨ ਪੁੱਛਗਿੱਛ ਤੋਂ ਬਾਅਦ ਮਾਮਲੇ ਦੀ ਤਸਵੀਰ ਹੋਰ ਸਪੱਸ਼ਟ ਹੋ ਸਕਦੀ ਹੈ। ਗ੍ਰਿਫ਼ਤਾਰ ਮੁਲਜ਼ਮ ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਖੇਤਰ ਤੇ ਆਸਪਾਸ ਦੇ ਪਿੰਡਾਂ ਨਾਲ ਸਬੰਧਤ ਹਨ। ਮਾਮਲੇ ’ਚ ਅਜੇ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ ਤੇ ਪੂਰੇ ਨੈੱਟਵਰਕ ਦੀ ਜਾਂਚ ਕੀਤੀ ਜਾ ਰਹੀ ਹੈ।
