ਗਰਦਨ ‘ਤੇ ਦਾਤ ਰੱਖ ਕੇ ਪਿਓ ਪੁੱਤ ਨੂੰ ਲੁੱਟਿਆ, ਹਥਿਆਰਾਂ ਨਾਲ ਲੈਸ ਛੇ ਬਦਮਾਸ਼ਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਲੁਧਿਆਣਾ, 9 ਮਾਰਚ (ਰਵਿੰਦਰ ਸ਼ਰਮਾ) : ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋਏ ਛੇ ਬਦਮਾਸ਼ਾਂ ਨੇ ਪਿਤਾ ਦੀ ਗਰਦਨ ਤੇ ਦਾਤ ਰੱਖ ਕੇ ਪਿਓ ਪੁੱਤ ਕੋਲੋਂ ਨਕਦੀ, ਆਈਫੋਨ ਅਤੇ ਮੋਬਾਈਲ ਫੋਨ ਲੁੱਟ ਲਿਆ । ਬਦਮਾਸ਼ਾਂ ਨੇ ਵਾਰਦਾਤ ਨੂੰ ਅੰਜਾਮ ਉਸ ਵੇਲੇ ਦਿੱਤਾ ਜਦੋਂ ਪਿਤਾ ਆਪਣੇ ਬੇਟੇ ਨੂੰ ਡੇਰਾ ਬਿਆਸ ਭੇਜਣ ਲਈ ਬੱਸ ਤੇ ਚੜਾਉਣ ਜਾ ਰਿਹਾ ਸੀ। ਜਾਣਕਾਰੀ ਦਿੰਦਿਆਂ ਸੈਕਟਰ 32 ਏ ਚੰਡੀਗੜ੍ਹ ਰੋਡ ਦੇ ਰਹਿਣ ਵਾਲੇ ਡੇਅਰੀ ਕਾਰੋਬਾਰੀ ਪਵਨ ਕੁਮਾਰ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਆਪਣੇ ਬੇਟੇ ਵਿਨੀਤ ਕੁਮਾਰ ਨੂੰ ਡੇਰਾ ਬਿਆਸ ਭੇਜਣ ਲਈ ਚੰਡੀਗੜ੍ਹ ਰੋਡ ਤੋਂ ਬੱਸ ਚੜਾਉਣ ਲਈ ਗਿਆ । ਸਕੂਟਰ ਸਵਾਰ ਦੋਵੇਂ ਪਿਓ ਪੁੱਤ ਅਜੇ ਵਰਧਮਾਨ ਫੈਕਟਰੀ ਦੇ ਲਾਗੇ ਹੀ ਪਹੁੰਚੇ ਸਨ ਕਿ ਨਕਾਬਪੋਸ਼ ਤਿੰਨ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ । ਆਪਣਾ ਬਚਾਅ ਕਰਨ ਲਈ ਪਵਨ ਕੁਮਾਰ ਨੇ ਜਿਵੇਂ ਹੀ ਸਕੂਟਰ ਵਾਪਸ ਮੋੜਿਆ ਤਾਂ ਪਿੱਛੇ ਤਿੰਨ ਹੋਰ ਨੌਜਵਾਨ ਖੜ੍ਹੇ ਸਨ । ਹਥਿਆਰਾਂ ਨਾਲ ਲੈਸ ਹੋਏ ਨਕਾਬਪੋਸ਼ ਬਦਮਾਸ਼ਾਂ ਚੋਂ ਇੱਕ ਨੇ ਪਵਨ ਕੁਮਾਰ ਦੀ ਗਰਦਨ ਤੇ ਦਾਤ ਰੱਖ ਦਿੱਤਾ । ਬਦਮਾਸ਼ਾਂ ਨੇ ਪਵਨ ਦੀ ਜੇਬ ਚੋਂ 12 ਹਜਾਰ ਰੁਪਏ ਦੀ ਨਕਦੀ, ਵਿਨੀਤ ਦੀ ਜੇਬ ਚੋਂ 10ਹਜਾਰ ਰੁਪਏ ਦੀ ਰਕਮ , ਆਈ ਫੋਨ ਅਤੇ ਮੋਬਾਈਲ ਫੋਨ ਕੱਢ ਲਿਆ।

ਵਿਰੋਧ ਕਰਨ ‘ਤੇ ਦਾਤ ਮਾਰਨ ਦੀ ਦਿੱਤੀ ਧਮਕੀ

ਪਵਨ ਕੁਮਾਰ ਨੇ ਦੱਸਿਆ ਕਿ ਜਿਵੇਂ ਹੀ ਬਦਮਾਸ਼ਾਂ ਨੇ ਉਨ੍ਹਾਂ ਨੂੰ ਘੇਰਿਆ ਤਾਂ ਉਨ੍ਹਾਂ ਨੇ ਸਕੂਟਰ ਵਾਪਸ ਮੋੜ ਕੇ ਬਦਮਾਸ਼ਾਂ ਦਾ ਵਿਰੋਧ ਕੀਤਾ । ਬਦਮਾਸ਼ਾਂ ਚੋਂ ਇੱਕ ਨੇ ਧਮਕੀ ਦਿੱਤੀ ਕਿ ਉਹ ਚੁੱਪ ਚਾਪ ਸਾਰਾ ਕੁਝ ਦੇ ਦੇ ਨੇ ਨਹੀਂ ਤਾਂ ਉਨ੍ਹਾਂ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਜਾਣਗੇ। ਆਪਣੀ ਜਾਨ ਬਚਾਉਂਦੇ ਹੋਏ ਪਵਨ ਅਤੇ ਵਿਨੀਤ ਨੇ ਬਦਮਾਸ਼ਾਂ ਨੂੰ ਨਕਦੀ ਅਤੇ ਮੋਬਾਈਲ ਫੋਨ ਦੇ ਦਿੱਤੇ ।

ਚੰਦ ਕਦਮਾਂ ਦੀ ਦੂਰੀ ਤੇ ਹੈ ਥਾਣਾ

ਬੀਤੇ ਦਿਨੀ ਤੜਕੇ 5 ਵਜੇ ਹੋਈ ਇਸ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ । ਹੈਰਾਨੀ ਦੀ ਤਾਂ ਗੱਲ ਇਹ ਹੈ ਕਿ ਜਿਸ ਥਾਂ ਤੇ ਵਾਰਦਾਤ ਵਾਪਰੀ ਉਥੋਂ ਚੰਦ ਕਦਮਾਂ ਦੀ ਦੂਰੀ ਤੇ ਥਾਣਾ ਡਿਵੀਜ਼ਨ ਨੰਬਰ ਸੱਤ ਹੈ । ਲੁਟੇਰੇ ਇਸ ਕਦਰ ਬੇਖੌਫ ਹਨ ਕਿ ਉਹ ਥਾਣੇ ਦੇ ਲਾਗੇ ਹੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਗੁਰੇਜ਼ ਨਹੀਂ ਕਰਦੇ । ਫਿਲਹਾਲ ਥਾਣਾ ਡਵੀਜ਼ਨ ਨੰਬਰ 7ਦੀ ਪੁਲਿਸ ਨੇ ਪਵਨ ਕੁਮਾਰ ਦੀ ਸ਼ਿਕਾਇਤ ਤੇ ਅਣਪਛਾਤੇ ਬਦਮਾਸ਼ਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.