Posted inਬਰਨਾਲਾ ਯੁੱਧ ਨਸ਼ਿਆਂ ਵਿਰੁੱਧ : ਬਰਨਾਲਾ ਪੁਲਿਸ ਨੇ ਨਸ਼ਾ ਤਸਕਰ ਮਾਂ-ਧੀ ਦੀ ਜਾਇਦਾਦ ’ਤੇ ਚਲਾਇਆ ਬੁਲਡੋਜ਼ਰ Posted by overwhelmpharma@yahoo.co.in Mar 10, 2025 – ਨਗਰ ਸੁਧਾਰ ਟਰੱਸਟ ਤੇ ਪੁਲਿਸ ਪ੍ਰਸ਼ਾਸਨ ਨੇ ਕੀਤੀ ਕਾਰਵਾਈ – ਨਸ਼ਾ ਤਸਕਰੀ ਛੱਡੋ ਜਾਂ ਪੰਜਾਬ ਛੱਡੋ : ਐੱਸ.ਐੱਸ.ਪੀ. ਮੁਹੰਮਦ ਸਰਫ਼ਰਾਜ ਆਲਮ ਬਰਨਾਲ, 10 ਮਾਰਚ (ਰਵਿੰਦਰ ਸ਼ਰਮਾ) : ਪੰਜਾਬ ਸਰਕਾਰ ਤੇ ਡੀ.ਜੀ.ਪੀ. ਪੰਜਾਬ ਵਲੋਂ ਨਸ਼ਿਆਂ ਖ਼ਿਲਾਫ਼ ਸਖ਼ਤੀ ਕਰਦਿਆਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਤਹਿਤ ਪੁਲਿਸ ਵਲੋਂ ਲਗਾਤਾਰ ਨਸ਼ਾ ਤਸਕਰਾਂ ’ਤੇ ਸ਼ਿਕੰਜ਼ਾ ਕਸਿਆ ਜਾ ਰਿਹਾ ਹੈ। ਜਿੱਥੇ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ, ਉੱਥੇ ਵੱਡੇ ਪੱਧਰ ’ਤੇ ਨਸ਼ਿਆਂ ਦੀ ਬਰਾਮਦਗੀ ਕੀਤੀ ਜਾ ਰਹੀ ਹੈ। ਹੋਰ ਸਖ਼ਤੀ ਕਰਦਿਆਂ ਪੁਲਿਸ ਵਲੋਂ ਹੁਣ ਨਸ਼ਾ ਤਸਕਰਾਂ ਦੀ ਸੰਪਤੀ, ਜੋ ਕਿ ਨਸ਼ੇ ਵੇਚ ਕੇ ਬਣਾਈ ਗਈ ਹੈ, ’ਤੇ ਵੀ ਬੁਲਡੋਜ਼ਰ ਚਲਾਏ ਜਾ ਰਹੇ ਹਨ। ਇਸੇ ਕੜੀ ਤਹਿਤ ਸੋਮਵਾਰ ਨੂੰ ਬਰਨਾਲਾ ’ਚ ਵੀ ਨਸ਼ਾ ਤਸਕਰਾਂ ਦੇ ਘਰ ’ਤੇ ਪੁਲਿਸ ਫੋਰਸ ਵਲੋਂ ਬੁਲਡੋਜ਼ਰ ਚਲਾਇਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਬਰਨਾਲਾ ਇੰਪਰੂਵਮੈਂਟ ਟਰੱਸਟ ਦੀ ਪੁਲਿਸ ਸਹਾਇਤਾ ਨਾਲ ਬਰਨਾਲਾ ਬਸ ਸਟੈਂਡ ਦੇ ਪਿੱਛੇ ਸਥਿਤ ਗੈਰਕਾਨੂੰਨੀ ਢੰਗ ਨਾਲ ਬਣਾਈ ਗਈ ਇਮਾਰਤ ਨੂੰ ਢਾਹ ਦਿੱਤਾ ਗਿਆ, ਜੋ ਕਿ ਨਸ਼ਾ ਤਸਕਰਾਂ ਦੀ ਸੀ। ਪੁਲਿਸ ਨੇ ਮੁਲਜ਼ਮ ਕਾਲੀ ਕੌਰ ਤੇ ਉਸ ਦੀ ਧੀ ਸਰਬੋ ਦੇ ਘਰ ਨੂੰ ਢਾਹੁਣ ਲਈ ਬੁਲਡੋਜ਼ਰ ਚਲਾਇਆ। ਐਸਐਸਪੀ ਨੇ ਦੱਸਿਆ ਕਿ ਕਾਲੀ ਕੌਰ ਦੇ ਖਿਲਾਫ 9 ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ’ਚੋਂ 7 ਐਨਡੀਪੀਐਸ ਐਕਟ ਅਧੀਨ ਹਨ, ਜਦਕਿ ਉਸਦੀ ਧੀ ਸਰਬੋ ਦੇ ਖਿਲਾਫ 7 ਮਾਮਲੇ ਹਨ, ਜਿਨ੍ਹਾਂ ’ਚੋਂ 6 ਐਨਡੀਪੀਐਸ ਐਕਟ ਅਧੀਨ ਦਰਜ ਹਨ। ਉਨ੍ਹਾਂ ਨੇ ਦੱਸਿਆ ਕਿ ਬਰਨਾਲਾ ਇੰਪਰੂਵਮੈਂਟ ਟਰੱਸਟ ਦੀ ਬੇਨਤੀ ’ਤੇ ਇਹ ਕਾਰਵਾਈ ਕੀਤੀ ਗਈ, ਜਿਸ ਨੇ ਗੈਰਕਾਨੂੰਨੀ ਕਬਜ਼ੇ ਨੂੰ ਹਟਾਉਣ ਲਈ ਪੁਲਿਸ ਸਹਾਇਤਾ ਮੰਗੀ ਸੀ। ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਭਾਰੀ ਪੁਲਿਸ ਬਲ ਮੌਜੂਦ ਸੀ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਟੀਮ ਬੱਸ ਸਟੈਂਡ ਦੇ ਪਿੱਛੇ ਪਹੁੰਚੀ ਤੇ ਨਸ਼ਾ ਤਸਕਰਾਂ ਦੀ ਸੰਪਤੀ ’ਤੇ ਕਾਰਵਾਈ ਕੀਤੀ। ਐਸਐਸਪੀ ਨੇ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ’ਤੇ ਨਹੀਂ ਬਖ਼ਸਿਆ ਜਾਵੇਗਾ ਤੇ ਭਵਿੱਖ ’ਚ ਵੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਜਾਰੀ ਰਹਿਣਗੀਆਂ। ਉਨ੍ਹਾਂ ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਨਸ਼ੇ ਵੇਚਣਾ ਬੰਦ ਕਰ ਦੇਣ ਜਾਂ ਫਿਰ ਪੰਜਾਬ ਛੱਡ ਕੇ ਚਲੇ ਜਾਣ। Post navigation Previous Post ਨਸ਼ਾ ਤਸਕਰਾਂ ਦੀ ਜਾਇਦਾਦ ’ਤੇ ਬਰਨਾਲਾ ਪੁਲਿਸ ਦਾ ਚੱਲਿਆ ਪੀਲਾ ਪੰਜ਼ਾNext Postਸਿਹਤ ਵਿਭਾਗ ਵੱਲੋਂ ਮਨਾਇਆ ਜਾ ਰਿਹੈ ਵਿਸ਼ਵ ਗਲੂਕੋਮਾ ਹਫ਼ਤਾ