ਬਰਨਾਲਾ, 11 ਮਾਰਚ (ਰਵਿੰਦਰ ਸ਼ਰਮਾ) : ਬਰਨਾਲਾ ਜ਼ਿਲ੍ਹੇ ’ਚ ਅੱਜ ਮੈਡੀਕਲ ਸਟੋਰ ਦੇ ਮਾਲਕਾਂ ਨੇ ਪੁਲਿਸ ਦੀਆਂ ਛਾਪੇਮਾਰੀਆਂ ਦੇ ਵਿਰੋਧ ’ਚ ਤਿੰਨ ਘੰਟਿਆਂ ਲਈ ਸਮੂਹਿਕ ਹੜਤਾਲ ਕੀਤੀ ਗਈ। ਜਿਸ ਦੌਰਾਨ ਕੈਮਿਸਟਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਰੋਸ ਜ਼ਾਹਰ ਕੀਤਾ। ਇਹ ਹੜਤਾਲ ਦੁਪਹਿਰ 1 ਵਜੇ ਤੱਕ ਜਾਰੀ ਰਹੀ। ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਅਰੋੜਾ, ਹਰਦੀਪ ਸਿੰਘ, ਲਾਜਪਤ ਰਾਏ ਤੇ ਖੁਸ਼ਦੀਪ ਗਰਗ ਨੇ ਦੱਸਿਆ ਕਿ ਇਹ ਹੜ੍ਹਤਾਲ ਪੂਰੇ ਪੰਜਾਬ ’ਚ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬਰਨਾਲਾ ਜ਼ਿਲ੍ਹੇ ’ਚ ਸੈਂਕੜੇ ਮੈਡੀਕਲ ਸਟੋਰ ਹਨ, ਜਿਨ੍ਹਾਂ ਵਲੋਂ ਹੜਤਾਲ ’ਚ ਭਰਪੂਰ ਸਮਰਥਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਕੈਮਿਸਟਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਵੱਡੀ ਗਿਣਤੀ ’ਚ ਪੁਲਿਸ ਫ਼ੋਰਸ ਵਲੋਂ ਮੈਡੀਕਲ ਸਟੋਰਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।


