Posted inਨਵੀਂ ਦਿੱਲੀ ਸਰਕਾਰ ਨੇ ਕਿਓਂ ਕੀਤੇ 83 ਹਜ਼ਾਰ WhatsApp ਖ਼ਾਤੇ ਬੰਦ? Posted by overwhelmpharma@yahoo.co.in Mar 14, 2025 ਨਵੀਂ ਦਿੱਲੀ, 14 ਮਾਰਚ (ਰਵਿੰਦਰ ਸ਼ਰਮਾ) : ਕੇਂਦਰ ਸਰਕਾਰ ਸਾਈਬਰ ਧੋਖਾਧੜੀ ਦੇ ਖ਼ਿਲਾਫ਼ ਲਗਾਤਾਰ ਕਾਰਵਾਈ ਕਰ ਰਹੀ ਹੈ। ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਰਾਜ ਸਭਾ ਨੂੰ ਦੱਸਿਆ ਕਿ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (I4C) ਨੇ ਡਿਜੀਟਲ ਗ੍ਰਿਫ਼ਤਾਰੀ ਦੇ ਮਾਮਲਿਆਂ ’ਚ ਸ਼ਾਮਲ 3962 ਤੋਂ ਵੱਧ ਸਕਾਈਪ ਆਈਡੀ ਅਤੇ 83,668 ਵ੍ਹਟਸਐਪ ਖਾਤਿਆਂ ਦੀ ਪਛਾਣ ਅਤੇ ਬਲਾਕ ਕਰ ਦਿੱਤੇ ਹਨ। I4C ਸਾਈਬਰ ਅਪਰਾਧੀਆਂ ‘ਤੇ ਨਜ਼ਰ ਰੱਖਣ ਲਈ ਗ੍ਰਹਿ ਮੰਤਰਾਲੇ ਦਾ ਵਿਸ਼ੇਸ਼ ਵਿੰਗ ਹੈ। ਗ੍ਰਹਿ ਰਾਜ ਮੰਤਰੀ ਸੰਜੇ ਬੰਦੀ ਕੁਮਾਰ ਨੇ ਦ੍ਰਵਿੜ ਮੁਨੇਤਰ ਕੜਗਮ (ਡੀਐੱਮਕੇ) ਦੇ ਸੰਸਦ ਮੈਂਬਰ ਤਿਰੁਚੀ ਸ਼ਿਵ ਦੇ ਸਵਾਲ ’ਤੇ ਇਹ ਲਿਖਤੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਾਈਬਰ ਅਪਰਾਧੀਆਂ ਨੇ ਇਨ੍ਹਾਂ ਖ਼ਾਤਿਆਂ ਦੀ ਵਰਤੋਂ ਈਡੀ, ਸੀਬੀਆਈ ਵਰਗੀਆਂ ਏਜੰਸੀਆਂ ਦੇ ਅਧਿਕਾਰੀ ਵਜੋਂ ਕਰ ਕੇ ਧੋਖਾਧੜੀ ਕੀਤੀ ਸੀ। ਸਰਕਾਰ ਨੇ 7.81 ਲੱਖ ਤੋਂ ਵੱਧ ਸਿਮ ਕਾਰਡ ਕੀਤੇ ਬਲਾਕ ਇਸ ਤੋਂ ਇਲਾਵਾ 28 ਫਰਵਰੀ 2025 ਤੱਕ 7.81 ਲੱਖ ਤੋਂ ਵੱਧ ਸਿਮ ਕਾਰਡ ਅਤੇ 2.08 ਲੱਖ ਤੋਂ ਵੱਧ IMEI ਨੰਬਰ ਬਲਾਕ ਕੀਤੇ ਜਾ ਚੁੱਕੇ ਹਨ। ਜ਼ਿਕਰਯੋਗ ਹੈ ਕਿ 13.36 ਲੱਖ ਤੋਂ ਵੱਧ ਸ਼ਿਕਾਇਤਾਂ ਦੇ ਆਧਾਰ ’ਤੇ 4386 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਣ ਤੋਂ ਬਚ ਗਿਆ ਹੈ। ਗ੍ਰਹਿ ਰਾਜ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਦੂਰਸੰਚਾਰ ਸੇਵਾ ਪ੍ਰਦਾਤਾ (ਟੀਐਸਪੀ) ਨੇ ਅੰਤਰਰਾਸ਼ਟਰੀ ਧੋਖਾਧੜੀ ਵਾਲੀਆਂ ਕਾਲਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਰੋਕਣ ਲਈ ਇੱਕ ਪ੍ਰਣਾਲੀ ਤਿਆਰ ਕੀਤੀ ਹੈ। ਜਦੋਂ ਅਜਿਹੀਆਂ ਕਾਲਾਂ ਆਉਂਦੀਆਂ ਹਨ ਤਾਂ ਮੋਬਾਈਲ ਡਿਸਪਲੇਅ ਵਿੱਚ ਭਾਰਤ ਦਾ ਨੰਬਰ ਦਿਖਾਇਆ ਜਾਂਦਾ ਹੈ ਜਦੋਂ ਕਿ ਕਾਲ ਕਿਤੇ ਵਿਦੇਸ਼ ਤੋਂ ਆ ਰਹੀ ਹੈ। ਟੀਐਸਪੀ ਨੂੰ ਅਜਿਹੀਆਂ ਕਾਲਾਂ ਨੂੰ ਬਲਾਕ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇੱਕ ਸਾਲ ਵਿੱਚ 30 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਰਿਜ਼ਰਵ ਬੈਂਕ ਦੀ ਰਿਪੋਰਟ ਮੁਤਾਬਕ 2023 ਦੌਰਾਨ ਦੇਸ਼ ਵਿੱਚ 30 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਹੋਈ ਹੈ। ਇਸ ਦੇ ਨਾਲ ਹੀ, ਪਿਛਲੇ 10 ਸਾਲਾਂ ਵਿੱਚ ਬੈਂਕਾਂ ਨੇ ਸਾਈਬਰ ਧੋਖਾਧੜੀ ਦੇ 65,017 ਮਾਮਲੇ ਦਰਜ ਕੀਤੇ, ਜਿਸ ਵਿੱਚ ਕੁੱਲ 4.69 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ। Post navigation Previous Post ਨਾਬਾਲਗ ਲੜਕੀ ਨਾਲ ਜਬਰ-ਜਨਾਹ ਕਰਨ ਵਾਲੇ ਨੂੰ ਉਮਰ ਕੈਦNext Postਹੋਲਾ ਮੁਹੱਲਾ ’ਤੇ ਗਏ ਕਬੱਡੀ ਖਿਡਾਰੀ ਦੀ ਹਾਰਟ ਅਟੈਕ ਨਾਲ ਮੌਤ