‘ਆਪ’ ਨੇ ਕਿਹਾ : 33 ਨਾਗਰਿਕ ਗੁਜ਼ਰਾਤ ਦੇ, ਫ਼ਿਰ ਅੰਮ੍ਰਿਤਸਰ ’ਚ ਕਿਓ ਉਤਾਰੇ

ਅੰਮ੍ਰਿਤਸਰ : ਬੀਤੇ ਦਿਨੀਂ 104 ਭਾਰਤੀ ਨਾਗਰਿਕਾਂ ਨੂੰ ਅਮਰੀਕਾ ਨੇ ਡਿਪੋਰਟ ਕੀਤਾ, ਜਿੰਨ੍ਹਾਂ ਨੂੰ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਾਰਣ ਦੇ ਮਾਮਲੇ ’ਚ ਸਿਆਸਤ ਭਖ਼ ਗਈ ਹੈ। ਇਨ੍ਹਾਂ ਡਿਪੋਰਟ ਕੀਤੇ ਗਏ ਨਾਗਰਿਕਾਂ ਵਿੱਚ ਪੰਜਾਬ ਦੇ 31, ਹਰਿਆਣਾ ਦੇ 35, ਗੁਜਰਾਤ ਦੇ 33, ਯੂਪੀ ਦੇ 3 ਤੋਂ ਤੇ ਮਹਾਰਾਸ਼ਟਰ ਦੇ 2 ਲੋਕ ਸ਼ਾਮਲ ਹਨ। ਇਸ ਮਾਮਲੇ ’ਤੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਘੇਰਦਿਆਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਜਦੋਂ ਡਿਪੋਰਟ ਕੀਤੇ ਗਏ ਲੋਕ ਪੂਰੇ ਦੇਸ਼ ਦੇ ਸਨ ਤਾਂ ਫਿਰ ਜਹਾਜ਼ ਅੰਮ੍ਰਿਤਸਰ ‘ਚ ਹੀ ਕਿਉਂ ਉਤਾਰਿਆ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਹਮੇਸ਼ਾ ਹੀ ਪੰਜਾਬ ਨਾਲ ਵਿਤਕਰਾ ਕੀਤਾ ਹੈ ਤੇ ਇਸ ਜਹਾਜ਼ ਨੂੰ ਅੰਮ੍ਰਿਤਸਰ ਵਿੱਚ ਉਤਾਰ ਕੇ ਪੰਜਾਬੀਆਂ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੰਤਰੀ ਰੋੜਾ ਨੇ ਇਹ ਵੀ ਕਿਹਾ ਕਿ ਜੇਕਰ ਜਹਾਜ਼ ਦਿੱਲੀ ਜਾਂ ਕਿਸੇ ਹੋਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਿਆ ਹੁੰਦਾ ਤਾਂ ਇਸ ਨਾਲ ਕੇਂਦਰ ਸਰਕਾਰ ਲਈ ਨਮੋਸ਼ੀ ਪੈਦਾ ਹੋਣੀ ਸੀ ਕਿਉਂਕਿ ਸਰਕਾਰ ਅਮਰੀਕਾ ਨਾਲ ਆਪਣੇ ਚੰਗੇ ਸਬੰਧਾਂ ਦਾ ਮਾਣ ਕਰਦੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਨੂੰ ਚੁਣ ਕੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦੇ ਲੋਕ ਮੁੱਖ ਤੌਰ ‘ਤੇ ਗੈਰ-ਕਾਨੂੰਨੀ ਪਰਵਾਸ ਵਿਚ ਸ਼ਾਮਲ ਹਨ, ਜਿਸ ਕਾਰਨ ਸੂਬੇ ਦਾ ਅਕਸ ਖਰਾਬ ਹੋ ਰਿਹਾ ਹੈ। ਅਰੋੜਾ ਨੇ ਇਹ ਵੀ ਦੋਸ਼ ਲਾਇਆ ਕਿ ਕੇਂਦਰ ਸਰਕਾਰ ਪੰਜਾਬ ਵਿਰੁੱਧ ਨਾਂਹ-ਪੱਖੀ ਬਿਆਨਬਾਜ਼ੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਸਿਰਫ਼ ਇੱਕ ਜਹਾਜ਼ ਦੇ ਲੈਂਡਿੰਗ ਦਾ ਮਾਮਲਾ ਨਹੀਂ ਹੈ, ਸਗੋਂ ਇਸ ਪਿੱਛੇ ਇੱਕ ਵੱਡੀ ਸਾਜ਼ਿਸ਼ ਹੈ, ਜਿਸ ਵਿੱਚ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇਕਰ ਸਰਕਾਰ ਦੀ ਨੀਅਤ ਸਾਫ਼ ਹੁੰਦੀ ਤਾਂ ਇਹ ਜਹਾਜ਼ ਦਿੱਲੀ, ਮੁੰਬਈ ਜਾਂ ਕਿਸੇ ਹੋਰ ਵੱਡੇ ਹਵਾਈ ਅੱਡੇ ‘ਤੇ ਉਤਰ ਸਕਦਾ ਸੀ। ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨਾਗਰਿਕਾਂ ਦੇ ਕੁਝ ਪਰਿਵਾਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਮੋਟਾ ਕਰਜ਼ਾ ਲਿਆ ਸੀ ਅਤੇ ਹੁਣ ਉਹ ਡੂੰਘੇ ਸੰਕਟ ਵਿੱਚ ਹਨ।