Posted inਬਰਨਾਲਾ ਪੱਖੋਂ ਕਲਾਂ ਵਿਖੇ ਘਰ ’ਚ ਜ਼ਬਰਦਸਤ ਧਮਾਕਾ, ਮਚਿਆ ਹੜਕੰਪ Posted by overwhelmpharma@yahoo.co.in Mar 15, 2025 ਬਰਨਾਲਾ, 15 ਮਾਰਚ (ਰਵਿੰਦਰ ਸ਼ਰਮਾ) : ਬਰਨਾਲਾ ਜ਼ਿਲ੍ਹੇ ਦੇ ਪਿੰਡ ਪੱਖੋ ਕਲਾਂ ਦੇ ਇਕ ਘਰ ਵਿਚ ਜ਼ਬਰਦਸਤ ਧਮਾਕਾ ਹੋ ਗਿਆ। ਇਹ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਮਕਾਨ ਦੀਆਂ ਤਿੰਨ ਛੱਤਾਂ ਉੱਡ ਗਈਆਂ ਤੇ ਪੂਰਾ ਇਲਾਕਾ ਕੰਬ ਗਿਆ। ਧਮਾਕੇ ਤੋਂ ਬਾਅਦ ਇਕ ਕਮਰੇ ਵਿਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਕਾਰਣ ਘਰ ਦਾ ਮਾਲਕ ਬੁਰੀ ਤਰ੍ਹਾਂ ਝੁਲਸ ਗਿਆ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਧਮਾਕੇ ਦੇ ਕਾਰਣਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਇਸ ਘਟਨਾ ਵਿਚ ਲਗਭਗ 8 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਹ ਵੀ ਪਤਾ ਲੱਗਾ ਹੈ ਕਿ ਹਾਦਸੇ ਵਿਚ ਜ਼ਖਮੀ ਹੋਇਆ ਹਰਮੇਲ ਸਿੰਘ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਹੈ। ਭਾਵੇਂ ਧਮਾਕੇ ਦੇ ਕਾਰਨਾਂ ਦਾ ਪੱਕੇ ਤੌਰ ‘ਤੇ ਅਜੇ ਪਤਾ ਨਹੀਂ ਲੱਗ ਰਿਹਾ ਹੈ ਪਰ ਲੋਕਾਂ ਅਨੁਸਾਰ ਇਨਵਰਟਰ, ਗੈਸ ਸਿਲੰਡਰ ਤੋਂ ਗੈਸ ਲੀਕ ਕਾਰਨ ਇਹ ਧਮਾਕਾ ਹੋਇਆ ਹੈ। ਇਹ ਧਮਾਕਾ ਕਿੰਨਾ ਸ਼ਕਤੀਸ਼ਾਲੀ ਸੀ, ਇਸ ਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਧਮਾਕੇ ਕਾਰਨ ਮਕਾਨ ਦੀਆਂ ਤਿੰਨ ਛੱਤਾਂ ਉਡ ਗਈਆਂ ਅਤੇ ਸਾਰਾ ਸਮਾਨ ਨੁਕਸਾਨਿਆ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਪੀੜਤ ਪਰਿਵਾਰ ਦੀ ਆਰਥਿਕ ਸਹਾਇਤਾ ਦੀ ਮੰਗ ਕੀਤੀ। ਜਿਵੇਂ ਇਹ ਧਮਾਕੇ ਦੀ ਸੂਚਨਾ ਮਿਲੀ ਤਾਂ ਥਾਣਾ ਰੂੜੇਕੇ ਕਲਾਂ ਦੇ ਮੁਖੀ ਗੁਰਮੇਲ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਤੇ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਲਏ ਜਾ ਰਹੇ ਹਨ, ਜਿੰਨ੍ਹਾਂ ਦੇ ਆਧਾਰ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਧਮਾਕੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਡੂੰਘਾਈ ਨਾਲ ਜਾਂਚ ਕਰ ਰਿਪੋਰਟ ਤਿਆਰ ਕੀਤੀ ਜਾਵੇਗੀ। Post navigation Previous Post ਲੁਧਿਆਣਾ ’ਚ ਹੋਲੀ ਖੇਡਣ ਗਏ 3 ਵਿਦਿਆਰਥੀਆਂ ਦੀ ਸੜਕ ਹਾਦਸੇ ’ਚ ਮੌਤNext Postਧਨੌਲਾ ਜ਼ਮੀਨ ਮਾਮਲਾ: ਪੜਤਾਲ ਲਈ ਤਿੰਨ ਮੈਂਬਰੀ ਕਮੇਟੀ ਗਠਿਤ