Posted inਲੁਧਿਆਣਾ ਲੁਧਿਆਣਾ ’ਚ ਹੋਲੀ ਖੇਡਣ ਗਏ 3 ਵਿਦਿਆਰਥੀਆਂ ਦੀ ਸੜਕ ਹਾਦਸੇ ’ਚ ਮੌਤ Posted by overwhelmpharma@yahoo.co.in Mar 15, 2025 ਲੁਧਿਆਣਾ, 15 ਮਾਰਚ (ਰਵਿੰਦਰ ਸ਼ਰਮਾ) : ਲੁਧਿਆਣਾ ਦੇ ਤਾਜਪੁਰ ਰੋਡ ’ਤੇ ਬੇਹੱਦ ਦੁਖਦਾਈ ਘਟਨਾ ਵਾਪਰੀ। ਹੋਲੀ ਖੇਡਣ ਜਾ ਰਹੇ 18 ਸਾਲ ਦੇ ਤਿੰਨ ਵਿਦਿਆਰਥੀਆਂ ਦੀ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਦੋ ਲੜਕੇ ਲੁਧਿਆਣਾ ਦੇ ਹੀ ਇੱਕ ਸਕੂਲ ਵਿੱਚ 12ਵੀਂ ਜਮਾਤ ਦੇ ਵਿਦਿਆਰਥੀ ਸਨ ਜਦਕਿ ਇੱਕ ਲੜਕਾ ਅੰਮ੍ਰਿਤਸਰ ਦੇ ਸਕੂਲ ’ਚ 12ਵੀਂ ਜਮਾਤ ’ਚ ਹੀ ਪੜ੍ਹਦਾ ਸੀ। ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੇ ਵਿਦਿਆਰਥੀਆਂ ਦੀਆਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ ਸੱਤ ਦੀ ਪੁਲਿਸ ਨੇ ਮੁਹੱਲਾ ਗੁਰੂ ਨਾਨਕ ਅਸਟੇਟ ਸਾਹਿਬਾਣਾ ਰੋਡ ਦੇ ਵਾਸੀ ਸਬੋਧ ਲਾਲ ਦੀ ਸ਼ਿਕਾਇਤ ’ਤੇ ਅਣਪਛਾਤੇ ਟਿੱਪਰ ਚਾਲਕ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਸਬੋਧ ਲਾਲ ਦਾ ਬੇਟਾ ਅੰਕੁਸ਼ ਆਪਣੇ ਦੋਸਤ ਆਕਾਸ਼ਦੀਪ ਸਿੰਘ ਅਤੇ ਸੁਦਰਮ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਹੋਲੀ ਖੇਡਣ ਜਾ ਰਿਹਾ ਸੀ। 18 ਸਾਲਾਂ ਦੇ ਤਿੰਨੋਂ ਵਿਦਿਆਰਥੀ ਜਿਵੇਂ ਹੀ ਤਾਜਪੁਰ ਰੋਡ ਦੀ ਦਸ਼ਮੇਸ਼ ਡੇਅਰੀ ਨੇੜੇ ਪਹੁੰਚੇ ਤਾਂ ਇੱਕ ਤੇਜ਼ ਰਫਤਾਰ ਟਿੱਪਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਮੌਕੇ ’ਤੇ ਮੌਜੂਦ ਕੁਝ ਲੋਕਾਂ ਮੁਤਾਬਕ ਕੇਂਦਰੀ ਜੇਲ੍ਹ ਵਾਲੇ ਪਾਸਿਓਂ ਆ ਰਹੇ ਟਿੱਪਰ ਦੀ ਰਫ਼ਤਾਰ ਬਹੁਤ ਜ਼ਿਆਦਾ ਤੇਜ਼ ਸੀ। ਹਾਦਸਾ ਇੰਨ੍ਹਾਂ ਭਿਆਨਕ ਸੀ ਕਿ ਟਿੱਪਰ ਦੇ ਹੇਠਾਂ ਆਉਣ ਕਾਰਨ ਤਿੰਨਾਂ ਵਿਦਿਆਰਥੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਂਚ ਅਧਿਕਾਰੀ ਪ੍ਰੇਮ ਚੰਦ ਨੇ ਦੱਸਿਆ ਕਿ ਅੰਕੁਸ਼ ਅਤੇ ਆਕਾਸ਼ਦੀਪ ਲੁਧਿਆਣਾ ਦੇ ਇੱਕ ਸਕੂਲ ਵਿੱਚ ਪੜ੍ਹਦੇ ਸਨ । ਜਦਕਿ ਸੁਦਰਮ ਅੰਮ੍ਰਿਤਸਰ ਵਿੱਚ ਪੜ੍ਹਾਈ ਕਰ ਰਿਹਾ ਸੀ । ਸੁਦਰਮ ਆਪਣੇ ਦੋਸਤਾਂ ਨਾਲ ਹੋਲੀ ਮਨਾਉਣ ਲਈ ਅੰਮ੍ਰਿਤਸਰ ਤੋਂ ਲੁਧਿਆਣਾ ਆਇਆ ਸੀ ਅਤੇ ਤਿੰਨੋਂ ਲੜਕੇ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਏ । ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ’ਚ ਅਣਪਛਾਤੇ ਟਿੱਪਰ ਚਾਲਕ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਜਲਦੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਵੇਗੀ। Post navigation Previous Post ਸੰਗਰੂਰ ਦੇ ਸਰਕਾਰੀ ਹਸਪਤਾਲ ’ਚ ਸਲਾਈਨ ਗਲੂਕੋਜ਼ ਦੇਣ ਤੋਂ ਬਾਅਦ 15 ਔਰਤਾਂ ਦੀ ਵਿਗੜੀ ਹਾਲਤNext Postਪੱਖੋਂ ਕਲਾਂ ਵਿਖੇ ਘਰ ’ਚ ਜ਼ਬਰਦਸਤ ਧਮਾਕਾ, ਮਚਿਆ ਹੜਕੰਪ