Posted inPunjab Sangrur ਅਮਰੀਕਾ ਤੋਂ ਡਿਪੋਰਟ ਹੋਇਆ ਗੁਰਨੇ ਖੁਰਦ ਦਾ 25 ਸਾਲਾਂ ਨੌਜਵਾਨ ਘਰ ਪਰਤਣ ਮਗਰੋਂ ਡਿਪਰੈਸ਼ਨ ਦਾ ਸ਼ਿਕਾਰ Posted by overwhelmpharma@yahoo.co.in February 7, 2025No Comments ਲਹਿਰਾਗਾਗਾ : ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਨੌਜਵਾਨਾਂ ਨੂੰ ਜਿਥੇ ਆਰਥਿਕ ਮਾਰ ਪਈ ਹੈ ਉਥੇ ਹੀ ਨੇੜਲੇ ਪਿੰਡ ਗੁਰਨੇ ਖੁਰਦ ਦਾ ਨੌਜਵਾਨ ਇੰਦਰਜੀਤ ਸਿੰਘ (25) ਘਰ ਪਰਤਣ ਮਗਰੋਂ ਡਿਪਰੈਸ਼ਨ ਦਾ ਸ਼ਿਕਾਰ ਹੋਣ ਲੱਗਿਆ ਹੈ। ਜਾਣਕਾਰੀ ਅਨੁਸਾਰ ਉਸਨੂੰ ਕਰੀਬ 35 ਦਿਨ ਵਿਚ ਹੀ ਅਮਰੀਕਾ ਦੀ ਟਰੰਪ ਸਰਕਾਰ ਨੇ ਡਿਪੋਰਟ ਕਰਦਿਆਂ ਪੰਜਾਬ ਵਾਪਸ ਭੇਜ ਦਿੱਤਾ ਹੈ। ਇੰਦਰਜੀਤ ਸਿੰਘ ਦੇ ਪਿਤਾ ਬਿੱਕਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਕਰਜ਼ਾ ਲੈਕੇ 50 ਲੱਖ ਰੁਪਏ ਦੀ ਰਾਸ਼ੀ ਖਰਚਦਿਆਂ ਉਸਨੂੰ ਬਾਹਰ ਭੇਜਿਆ ਸੀ ਤਾਂ ਜੋ ਭਵਿੱਖ ਵਿੱਚ ਪਰਿਵਾਰ ਦੀ ਆਰਥਿਕ ਹਾਲਤ ਸੁਧਰ ਸਕੇ। ਪਰ ਅਮਰੀਕਾ ਨੇ ਉਨ੍ਹਾਂ ਦੇ ਸੁਫ਼ਨੇ ਨੂੰ ਤਹਿਸ ਨਹਿਸ ਕਰ ਦਿੱਤਾ ਅਤੇ ਪਰਿਵਾਰ ਤੇ ਵਿੱਤੀ ਬੋਝ ਵਧਾ ਦਿੱਤਾ। ਬਾਰਡਰ ਸਕਿਉਰਟੀ ਫੋਰਸ ਨੇ ਕੀਤਾ ਸੀ ਗ੍ਰਿਫ਼ਤਾਰ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਪਹਿਲਾਂ ਇੰਦਰਜੀਤ ਸਿੰਘ ਨੇ ਅਮਰੀਕਾ ਦਾ ਵੀਜ਼ਾ ਅਪਲਾਈ ਕੀਤਾ ਸੀ ਪਰ ਉਸ ਦੀ ਰਿਫਊਜਲ ਆ ਗਈ ਸੀ। ਜਿਸ ਤੋਂ ਬਾਅਦ ਇੰਦਰਜੀਤ ਸਿੰਘ ਦੁਬਈ ਗਿਆ ਅਤੇ ਇਕ ਏਜੰਟ ਦੇ ਸਹਾਰੇ ਗਰੀਸ ਚਲਾ ਗਿਆ। ਗਰੀਸ ਤੋਂ ਇਕ ਜਨਵਰੀ 2025 ਨੂੰ ਇਟਲੀ ਅਤੇ ਇੱਕ ਦਿਨ ਬਾਅਦ ਹੀ ਸਪੇਨ ਹੁੰਦੇ ਹੋਏ ਅਮਰੀਕਾ ਦੇ ਨਾਲ ਲੱਗਦੇ ਦੇਸ਼ ਮੈਕਸੀਕੋ ਭੇਜ ਦਿੱਤਾ ਗਿਆ। ਪਰ ਉੱਥੋਂ ਡਿਪੋਰਟ ਹੋਣ ਕਾਰਨ ਮੁੜ ਸਪੇਨ ਵਾਪਸ ਭੇਜਿਆ ਗਿਆ ਅਤੇ ਹੋਰ ਦੇਸ਼ਾਂ ਰਾਹੀਂ ਹੁੰਦਿਆਂ 23 ਜਨਵਰੀ ਨੂੰ ਇੰਦਰਜੀਤ ਸਿੰਘ ਅਮਰੀਕਾ ਚਲਾ ਗਿਆ।ਜਿੱਥੇ ਇੰਦਰਜੀਤ ਸਿੰਘ ਨੂੰ ਬਾਰਡਰ ਸਿਕਿਉਰਟੀ ਫੋਰਸ ਨੇ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਸਭ ਦੇਸ਼ਾਂ ਰਾਹੀਂ ਅਮਰੀਕਾ ਜਾਣ ਲਈ ਇੰਦਰਜੀਤ ਸਿੰਘ ਨੇ ਵੱਡੀ ਰਕਮ ਵੀ ਖ਼ਰਚ ਕੀਤੀ। ਅਮਰੀਕਾ ਦੀ ਬਾਰਡਰ ਚੌਕੀ ਵਿਖੇ ਰੱਖਿਆ ਗਿਆ ਪੀੜ੍ਹਤ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਸਨੂੰ 23 ਜਨਵਰੀ ਤੋਂ ਪੰਜ ਫਰਵਰੀ ਤੱਕ ਅਮਰੀਕਾ ਦੀ ਬਾਰਡਰ ਚੌਕੀ ਵਿਖੇ ਰੱਖਿਆ ਗਿਆ, ਜਿੱਥੇ ਉਨ੍ਹਾਂ ਨੂੰ ਕੱਪੜੇ ਵੀ ਬਦਲਣ ਨਹੀਂ ਦਿੱਤੇ ਅਤੇ ਉਨ੍ਹਾਂ ਗਰਮ ਪਾਣੀ ਪੀ ਕੇ ਹੀ ਗੁਜ਼ਾਰਾ ਕੀਤਾ। ਇੰਦਰਜੀਤ ਸਿੰਘ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਭਾਰਤ ਭੇਜਣ ਲਈ ਜਹਾਜ਼ ’ਚ ਬਿਠਾਇਆ ਤਾਂ ਉਨ੍ਹਾਂ ਦੇ ਹੱਥਾਂ ਤੇ ਪੈਰਾਂ ’ਚ ਬੇੜੀਆਂ ਪਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਅਮਰੀਕਾ ਤੋਂ ਸਮੁੰਦਰ ਵਿੱਚ ਬਣੇ ਟਾਪੂ ਆਇਰਲੈਂਡ ਤੇ ਉਤਾਰਿਆ ਗਿਆ ਅਤੇ ਪੰਜ ਘੰਟੇ ਯੂਐਸਏ ਦੀ ਏਅਰਬੇਸ ਤੇ ਹੱਥ ਕੜੀਆਂ ਸਮੇਤ ਜਹਾਜ਼ ਵਿੱਚ ਹੀ ਬਿਠਾ ਕੇ ਰੱਖਿਆ। ਇੰਦਰਜੀਤ ਸਿੰਘ ਦੇ ਪਿਤਾ ਬਿੱਕਰ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਵਿਚ ਜਹਾਜ ਪੁੱਜਣ ਮੌਕੇ ਪੁਲੀਸ ਨੇ ਇੰਦਰਜੀਤ ਸਿੰਘ ਨੂੰ ਉਨ੍ਹਾਂ ਕੋਲ ਸੌਂਪਣ ਦੀ ਬਜਾਏ ਖੁਦ ਛੱਡ ਕੇ ਆਉਣ ਦਾ ਹਵਾਲਾ ਦਿੱਤਾ। ਜਿਸ ਤੋਂ ਬਾਅਦ ਪੁਲੀਸ ਨੇ ਲਹਿਰਾਗਾਗਾ ਪੁਲੀਸ ਦੀ ਨਿਗਰਾਨੀ ਵਿਚ ਇੰਦਰਜੀਤ ਸਿੰਘ ਨੂੰ ਘਰ ਪਹੁੰਚਿਆ। ਉਨ੍ਹਾਂ ਕਿਹਾ ਕਿ ਉਸ ਨਾਲ ਵਾਪਰੇ ਵਤੀਰੇ ਅਤੇ ਵਿੱਤੀ ਘਾਟੇ ਕਾਰਨ ਇੰਦਰਜੀਤ ਸਿੰਘ ਡਿਪਰੈਸ਼ਨ ਵਿਚ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਸਾਡੇ ਪੁੱਤਰ ਨੂੰ ਯੋਗਤਾ ਅਨੁਸਾਰ ਨੌਕਰੀ ਦੇਵੇ ਤਾਂ ਜੋ ਪਰਿਵਾਰ ਸਿਰ ਚੜ੍ਹਿਆ ਕਰਜ਼ਾ ਉਤਰ ਸਕੇ ਅਤੇ ਉਨ੍ਹਾਂ ਨੂੰ ਸਹਾਰਾ ਲੱਗ ਸਕੇ। Post navigation Previous Post ਮਹਾਂਕੁੰਭ ਵਿੱਚ ਅੱਗ ਦੀ ਘਟਨਾ ਫਿਰ ਆਈ ਸਾਹਮਣੇ, ਕਈ ਤੰਬੂ ਸੜੇNext Postਅਦਾਕਾਰ ਸੋਨੂੰ ਸੂਦ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ