ਪਟਿਆਲਾ, 23 ਮਾਰਚ (ਰਵਿੰਦਰ ਸ਼ਰਮਾ) : ਅੱਠਵੇਂ ਦਿਨ ਪੁਲਿਸ ਨੇ ਚਾਰ ਇੰਸਪੈਕਟਰਾਂ ਰੌਣੀ ਸਿੰਘ, ਹਰਜਿੰਦਰ ਸਿੰਘ ਢਿੱਲੋਂ, ਹੈਰੀ ਬੋਪਾਰਾਏ, ਸ਼ਮਿੰਦਰ ਸਿੰਘ, ਰਾਜਵੀਰ ਸਿੰਘ ਅਤੇ ਸੁਰਜੀਤ ਸਿੰਘ ਖ਼ਿਲਾਫ਼ ਕਰਨਲ ਅਤੇ ਉਸ ਦੇ ਪੁੱਤਰ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਢਾਬਾ ਮਾਲਕ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ, ਪਰ ਕਰਨਲ ਪੁਸ਼ਪਿੰਦਰ ਸਿੰਘ ਦਾ ਪਰਿਵਾਰ ਲਗਾਤਾਰ ਕਰਨਲ ਪੁਸ਼ਪਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰਨ ਦੀ ਮੰਗ ਕਰ ਰਿਹਾ ਸੀ। ਇਸ ਤੋਂ ਬਾਅਦ ਉਸ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਦੇਰ ਰਾਤ ਤਾਜ਼ਾ ਐੱਫ.ਆਈ.ਆਰ. ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਕਰਨਲ ਪੁਸ਼ਪਿੰਦਰ ਸਿੰਘ ਬਾਠ (ਪੁੱਤਰ ਕੁਲਵੰਤ ਸਿੰਘ) ਵਾਸੀ ਨਿਊ ਅਫਸਰ ਕਲੋਨੀ, ਪਟਿਆਲਾ ਨੇ ਕੁੱਟਮਾਰ ਕਰਨ ਦੇ ਗੰਭੀਰ ਦੋਸ਼ ਲਾਏ ਹਨ।
ਡੰਡਿਆਂ ਅਤੇ ਲੱਤਾਂ ਨਾਲ ਕੁੱਟਮਾਰ ਕੀਤੀ
ਕਰਨਲ ਬਾਠ ਅਨੁਸਾਰ ਘਟਨਾ ਵਾਲੇ ਦਿਨ ਇੰਸਪੈਕਟਰ ਰੌਣੀ ਸਿੰਘ, ਹਰਜਿੰਦਰ ਸਿੰਘ ਢਿੱਲੋਂ, ਹੈਰੀ ਬੋਪਾਰਾਏ ਅਤੇ ਸ਼ਮਿੰਦਰ ਸਿੰਘ ਮੌਕੇ ’ਤੇ ਮੌਜੂਦ ਸਨ। ਉਸ ਨੇ ਦੋਸ਼ ਲਾਇਆ ਕਿ ਇਨ੍ਹਾਂ ਅਧਿਕਾਰੀਆਂ ਨੇ ਨਾ ਸਿਰਫ਼ ਉਸ ਦੀ ਅਤੇ ਉਸ ਦੇ ਪੁੱਤਰ ਅੰਗਦ ਸਿੰਘ ਬਾਠ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਸਗੋਂ ਉਨ੍ਹਾਂ ਦੀਆਂ ਧਾਰਮਿਕ ਆਸਥਾਵਾਂ ਨੂੰ ਵੀ ਠੇਸ ਪਹੁੰਚਾਈ। ਕਰਨਲ ਬਾਠ ਨੇ ਦੱਸਿਆ ਕਿ ਇੰਸਪੈਕਟਰ ਹੈਰੀ ਬੋਪਾਰਾਏ ਅਤੇ ਹਰਜਿੰਦਰ ਸਿੰਘ ਢਿੱਲੋਂ ਨੇ ਉਸ ਨੂੰ ਜ਼ਬਰਦਸਤੀ ਆਪਣੀ ਕਾਰ ਵਿੱਚੋਂ ਬਾਹਰ ਕੱਢ ਕੇ ਜ਼ਮੀਨ ’ਤੇ ਸੁੱਟ ਦਿੱਤਾ ਅਤੇ ਡੰਡਿਆਂ ਅਤੇ ਲੱਤਾਂ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਇੰਸਪੈਕਟਰ ਸੁਮਿੰਦਰ ਸਿੰਘ ਨੇ ਬੇਸਬਾਲ ਬੈਟ ਨਾਲ ਉਸ ਦੀਆਂ ਕੂਹਣੀਆਂ ਅਤੇ ਗੋਡਿਆਂ ’ਤੇ ਵਾਰ ਕੀਤਾ, ਜਦਕਿ ਇੰਸਪੈਕਟਰ ਰੌਣੀ ਸਿੰਘ ਨੇ ਡੰਡੇ ਨਾਲ ਉਸ ਦੀ ਖੱਬੀ ਬਾਂਹ ’ਤੇ ਵਾਰ ਕੀਤਾ।
ਧਾਰਮਿਕ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ
ਕਰਨਲ ਬਾਠ ਨੇ ਕਿਹਾ ਕਿ ਪੁਲਿਸ ਨੇ ਉਸ ਦੇ ਵਾਲ (ਸਿੱਖ ਧਰਮ ਦਾ ਪ੍ਰਤੀਕ) ਖਿੱਚ ਲਏ, ਜਿਸ ਨਾਲ ਉਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ। ਉਸ ਨੇ ਦੋਸ਼ ਲਾਇਆ ਕਿ ਇੰਸਪੈਕਟਰ ਹੈਰੀ ਬੋਪਾਰਾਏ ਨੇ ਉਸ ਦੇ ਲੜਕੇ ਅੰਗਦ ਸਿੰਘ ਨੂੰ ਕਾਰ ਵਿੱਚ ਮੁੱਕਾ ਮਾਰਿਆ ਅਤੇ ਫਿਰ ਉਸ ਨੂੰ ਬਾਹਰ ਕੱਢ ਕੇ ਬੇਰਹਿਮੀ ਨਾਲ ਕੁੱਟਿਆ। ਚਾਰ ਇੰਸਪੈਕਟਰਾਂ ਅਤੇ ਉਨ੍ਹਾਂ ਦੀ ਟੀਮ ਨੇ ਉਸ ਦੇ ਪੁੱਤਰ ਨੂੰ ਮਾਰਨ ਦੀ ਨੀਅਤ ਨਾਲ ਹਮਲਾ ਕਰ ਦਿੱਤਾ।
ਪੁਲਿਸ ਨੇ ਸ਼ਨਾਖਤੀ ਕਾਰਡ ਅਤੇ ਮੋਬਾਈਲ ਖੋਹ ਲਿਆ
ਕਰਨਲ ਬਾਠ ਨੇ ਅੱਗੇ ਦੱਸਿਆ ਕਿ ਹਮਲਾਵਰ ਪੁਲਿਸ ਵਾਲਿਆਂ ਨੇ ਉਸ ਦਾ ਭਾਰਤੀ ਫੌੌਜ ਦਾ ਪਛਾਣ ਪੱਤਰ ਅਤੇ ਮੋਬਾਈਲ ਫੋਨ ਖੋਹ ਲਿਆ। ਉਸ ਨੇ ਖ਼ਦਸ਼ਾ ਜ਼ਾਹਰ ਕੀਤਾ ਕਿ ਪੁਲਿਸ ਨੇ ਉਸ ਦੇ ਮੋਬਾਈਲ ਤੋਂ ਅਹਿਮ ਸੂਚਨਾਵਾਂ ਟਰਾਂਸਫਰ ਕਰ ਦਿੱਤੀਆਂ ਹਨ, ਜਿਸ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਬਾਅਦ ਵਿੱਚ ਡੀਐਸਪੀ ਸਤਨਾਮ ਸਿੰਘ ਨੇ ਪੁਲਿਸ ਮੁਲਾਜ਼ਮਾਂ ਤੋਂ ਕਰਨਲ ਬਾਠ ਦਾ ਮੋਬਾਈਲ ਫੋਨ ਅਤੇ ਆਈਡੀ ਕਾਰਡ ਬਰਾਮਦ ਕਰ ਕੇ ਉਨ੍ਹਾਂ ਨੂੰ ਵਾਪਸ ਕਰ ਦਿੱਤਾ।
ਝੂਠੇ ਦੋਸ਼ ਲਾਉਣ ਦਾ ਦਾਅਵਾ
ਕਰਨਲ ਬਾਠ ਨੇ ਦੋਸ਼ ਲਾਇਆ ਕਿ ਇੰਸਪੈਕਟਰ ਹੈਰੀ ਬੋਪਾਰਾਏ ਨੇ ਜਾਣਬੁੱਝ ਕੇ ਆਪਣੇ ਸਾਥੀਆਂ ਨੂੰ ਬਚਾਉਣ ਲਈ ਉਸ ’ਤੇ ਝੂਠੇ ਅਤੇ ਬੇਬੁਨਿਆਦ ਦੋਸ਼ ਲਗਾ ਕੇ ਵੀਡੀਓ ਰਿਕਾਰਡ ਕੀਤੀ ਕਿ ਉਹ ਉਥੇ ਲੜਕੀਆਂ ਨਾਲ ਛੇੜਛਾੜ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਨਿਰਪੱਖ ਜਾਂਚ ਲਈ ਸੀਸੀਟੀਵੀ ਫੁਟੇਜ ਅਤੇ ਡੀਵੀਆਰ ਦੀ ਜਾਂਚ ਕੀਤੀ ਜਾਵੇ। ਇਸ ਮਾਮਲੇ ’ਚ ਪੁਲਿਸ ਪ੍ਰਸ਼ਾਸਨ ਦੀ ਨਿਰਪੱਖਤਾ ’ਤੇ ਸਵਾਲ ਉਠਾਏ ਜਾ ਰਹੇ ਹਨ ਅਤੇ ਜੇਕਰ ਇਨਸਾਫ਼ ਨਾ ਦਿੱਤਾ ਗਿਆ ਤਾਂ ਉਹ ਅਗਲੇਰੇ ਸੰਘਰਸ਼ ਲਈ ਤਿਆਰ ਰਹਿਣਗੇ |
ਐਫਆਈਆਰ ਦਰਜ ਕਰਕੇ ਇੰਸਪੈਕਟਰ ਨੂੰ ਨਾਮਜ਼ਦ ਕੀਤਾ
ਐਸਐਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਕਰਨਲ ਬਾਠ ਦੇ ਬਿਆਨਾਂ ਦੇ ਆਧਾਰ ’ਤੇ ਤਾਜ਼ਾ ਐਫਆਈਆਰ ਦਰਜ ਕਰ ਕੇ ਚਾਰ ਇੰਸਪੈਕਟਰਾਂ ਸਮੇਤ ਸਾਰੇ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਲਈ ਸੀਨੀਅਰ ਅਧਿਕਾਰੀਆਂ ਦੀ ਇੱਕ ਐਸਆਈਟੀ ਬਣਾਈ ਗਈ ਹੈ। ਐਸਆਈਟੀ ਦੀ ਜਾਂਚ ਤੋਂ ਬਾਅਦ ਹੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੈਅ ਹੋਵੇਗੀ। ਇਸ ਦੇ ਨਾਲ ਹੀ ਸਾਰੇ ਮੁਲਜ਼ਮਾਂ ਦਾ ਵੱਖ-ਵੱਖ ਜ਼ਿਲ੍ਹਿਆਂ ਤੋਂ ਤਬਾਦਲਾ ਕਰਕੇ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ।