– ਸਿੱਖਿਆ ਵਿਭਾਗ ’ਚ ਸੁਧਾਰਾਂ ਲਈ ਤਿਆਰ ਕੀਤਾ ਜਾ ਰਿਹੈ ਨਵਾਂ ਖ਼ਾਕਾ
ਚੰਡੀਗੜ੍ਹ, 24 ਮਾਰਚ (ਰਵਿੰਦਰ ਸ਼ਰਮਾ) : ‘ਆਪ’ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਅਤੇ ਸਹਾਇਕ ਇੰਚਾਰਜ ਸਤਿੰਦਰ ਜੈਨ ਨੇ ‘ਰੰਗਲਾ ਪੰਜਾਬ’ ਦੇ ਨਾਅਰੇ ਨੂੰ ਅਮਲ ’ਚ ਲਿਆਉਣ ਲਈ ਸਿੱਖਿਆ ਅਤੇ ਮਕਾਨ ਉਸਾਰੀ ਮਹਿਕਮੇ ਦੀ ਅਗਵਾਈ ਸੰਭਾਲ ਲਈ ਹੈ। ਦੋਵੇਂ ਵਿਭਾਗਾਂ ਦਾ ਚਿਹਰਾ-ਮੋਹਰਾ ਸੰਵਾਰਨ ਲਈ ਰਸਮੀ ਤੌਰ ’ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਪਹਿਲੇ ਪੜਾਅ ’ਚ ਮਨੀਸ਼ ਸਿਸੋਦੀਆ ਨੇ ਪੰਜਾਬ ਦੇ ਕੁੱਝ ਹਲਕਿਆਂ ’ਚ ਸਰਕਾਰੀ ਸਕੂਲਾਂ ਦਾ ਦੌਰਾ ਕੀਤਾ ਸੀ ਤੇ ਹੁਣ ਦੂਜੇ ਪੜਾਅ ਤਹਿਤ ਕੰਮ ਸ਼ੁਰੂ ਹੋ ਗਿਆ ਹੈ। ਸਿੱਖਿਆ ਵਿਭਾਗ ’ਚ ਸੁਧਾਰਾਂ ਲਈ ਨਵਾਂ ਖ਼ਾਕਾ ਤਿਆਰ ਕੀਤਾ ਜਾ ਰਿਹਾ ਹੈ। ਇਸ ਤਹਿਤ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ’ਚ ਵਾਲੰਟੀਅਰਾਂ ’ਚੋਂ ਸਿੱਖਿਆ ਕੋਆਰਡੀਨੇਟਰ ਲਾਏ ਗਏ ਹਨ। ਹਰ ਕੋਆਰਡੀਨੇਟਰ ਦੇ ਅਧੀਨ 15-15 ਸਹਾਇਕ ਕੋਆਰਡੀਨੇਟਰਾਂ ਦੀ ਟੀਮ ਤਾਇਨਾਤ ਕੀਤੀ ਗਈ ਹੈ। ਪੰਜ ਜ਼ੋਨ ਕੋਆਰਡੀਨੇਟਰ ਲਾਏ ਗਏ ਹਨ ਜਿਨ੍ਹਾਂ ’ਚ ਮਾਲਵਾ ਪੱਛਮੀ, ਮਾਲਵਾ ਪੂਰਬੀ, ਮਾਲਵਾ ਕੇਂਦਰੀ, ਮਾਝਾ ਅਤੇ ਦੁਆਬਾ ਸ਼ਾਮਲ ਹਨ।
ਸਿਸੋਦੀਆ ਨੇ ਨਵੇਂ ਲਾਏ 117 ਸਿੱਖਿਆ ਕੋਆਰਡੀਨੇਟਰਾਂ ਨਾਲ 18 ਮਾਰਚ ਨੂੰ ਇੱਥੇ ਮਿਉਂਸਿਪਲ ਭਵਨ ’ਚ ਗੁਪਤ ਮੀਟਿੰਗ ਕੀਤੀ ਜਿਸ ’ਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਸ਼ਾਮਲ ਹੋਏ। ਸਿਸੋਦੀਆ ਨੇ ਹਦਾਇਤ ਕੀਤੀ ਕਿ ਹਰ ਵਿਧਾਨ ਸਭਾ ਹਲਕੇ ’ਚ ਸਰਕਾਰੀ ਸਕੂਲਾਂ ’ਚ ਪਿਛਲੇ ਸਮੇਂ ਦੌਰਾਨ ਇੱਕ ਲੱਖ ਤੋਂ ਉੱਪਰ ਦੀ ਕੀਮਤ ਦੇ ਜਿੰਨੇ ਵੀ ਵਿਕਾਸ ਕੰਮ ਹੋਏ ਹਨ, ਉਨ੍ਹਾਂ ਦੇ ਉਦਘਾਟਨ ਹਲਕਾ ਵਿਧਾਇਕ ਕਰਨ ਅਤੇ ਨਵੇਂ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਵੀ ਰੱਖਣ। ਸਮੁੱਚੇ ਪੰਜਾਬ ਵਿੱਚ ਇਸ ਮੁਹਿੰਮ ਤਹਿਤ ਸੱਤ ਅਪਰੈਲ ਤੋਂ ਨੀਂਹ ਪੱਥਰ ਤੇ ਉਦਘਾਟਨਾਂ ਦਾ ਸਿਲਸਿਲਾ ਸ਼ੁਰੂ ਹੋਵੇਗਾ।
ਇਸੇ ਤਰ੍ਹਾਂ ਸਤਿੰਦਰ ਜੈਨ ਨੇ ਮਕਾਨ ਉਸਾਰੀ ਵਿਭਾਗ ਅਧਿਕਾਰੀਆਂ ਨਾਲ 21 ਮਾਰਚ ਨੂੰ ਸਵੇਰੇ 10 ਵਜੇ ਮੀਟਿੰਗ ਕੀਤੀ ਜਿਸ ਵਿੱਚ ਪੁੱਡਾ ਦੇ ਫੀਲਡ ਅਤੇ ਮੁੱਖ ਦਫ਼ਤਰ ਦੇ ਸਾਰੇ ਅਧਿਕਾਰੀ ਸ਼ਾਮਲ ਹੋਏ। ਜੈਨ ਦੀ ਪ੍ਰਧਾਨਗੀ ਵਾਲੀ ਮੀਟਿੰਗ ਉਸ ਸਮੇਂ ਹੋਈ ਜਦੋਂ ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਹਿੱਸਾ ਲੈ ਰਹੇ ਸਨ। ਸ੍ਰੀ ਜੈਨ ਨੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਤੇ ਨਵੀਆਂ ਅਰਬਨ ਅਸਟੇਟਸ ਦੀ ਵਿਉਂਤਬੰਦੀ ਵਾਸਤੇ ਕਿਹਾ। ਉਨ੍ਹਾਂ ਨੇ ਪੁੱਡਾ ਤੇ ਅਥਾਰਟੀਜ਼ ਦੇ ਪ੍ਰਾਜੈਕਟਾਂ ਅਤੇ ਬਕਾਇਆ ਕੰਮਾਂ ਦੇ ਵੇਰਵੇ ਵੀ ਹਾਸਲ ਕੀਤੇ।