ਜ਼ੀਰਕਪੁਰ, 24 ਮਾਰਚ (ਰਵਿੰਦਰ ਸ਼ਰਮਾ) : ਜ਼ੀਰਕਪੁਰ ਦੀ ਏਕੇਐੱਸ ਕਲੋਨੀ-2 ਦੀ ਸ਼ਾਂਤੀ ਕੁੰਜ ਸੁਸਾਇਟੀ ਵਾਸੀ 17 ਸਾਲਾਂ ਵਿਦਿਆਰਥੀ ਨੇ ਸ਼ੱਕੀ ਹਾਲਾਤ ’ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਹ ਚੰਡੀਗੜ੍ਹ ਸੈਕਟਰ-21 ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ 11ਵੀਂ ਨਾਨ-ਮੈਡੀਕਲ ਦੀ ਪੜ੍ਹਾਈ ਕਰ ਰਿਹਾ ਸੀ। ਮ੍ਰਿਤਕ ਦੀ ਪਛਾਣ ਮੌਲਿਕ ਵਰਮਾ ਦੇ ਰੂਪ ’ਚ ਹੋਈ ਹੈ। ਦੂਜੇ ਪਾਸੇ, ਮ੍ਰਿਤਕ ਦੀ ਮਾਤਾ ਨੇ ਚੰਡੀਗੜ੍ਹ ਸਾਈਬਰ ਸੈੱਲ ਦੇ ਇੱਕ ਏਐੱਸਆਈ ਤੇ ਸਕੂਲ ਪ੍ਰਬੰਧਕਾਂ ’ਤੇ ਉਸ ਦੇ ਲੜਕੇ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਦੋਸ਼ ਲਾਇਆ ਹੈ।
ਮ੍ਰਿਤਕ ਦੀ ਮਾਤਾ ਰਿਤੂ ਵਰਮਾ ਨੇ ਦੱਸਿਆ ਕਿ ਲੰਘੇ ਦਿਨੀਂ ਉਨ੍ਹਾਂ ਦੇ ਲੜਕੇ ਮੌਲਿਕ ਵਰਮਾ ਨੂੰ ਚੰਡੀਗੜ੍ਹ ਸਾਈਬਰ ਸੈੱਲ ਵੱਲੋਂ ਪੁੱਛ-ਪੜਤਾਲ ਲਈ ਬੁਲਾਇਆ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਚੰਡੀਗੜ੍ਹ ਸਾਈਬਰ ਸੈੱਲ ’ਚ ਤਾਇਨਾਤ ਏਐੱਸਆਈ ਵੱਲੋਂ ਉਨ੍ਹਾਂ ਨੂੰ ਫੋਨ ਕਰ ਕੇ ਸੂਚਨਾ ਦਿੱਤੀ ਗਈ ਸੀ ਕਿ ਉਨ੍ਹਾਂ ਦੇ ਲੜਕੇ ਨੂੰ ਇੱਕ ਮਾਮਲੇ ਵਿੱਚ ਪੜਤਾਲ ਲਈ ਬੁਲਾਇਆ ਹੈ। ਉਨ੍ਹਾਂ ਏਐੱਸਆਈ ਨੂੰ ਕਿਹਾ ਕਿ ਅੱਜ ਉਹ ਕਿਸੇ ਕੰਮ ਲਈ ਬਾਹਰ ਹਨ, ਭਲਕੇ ਵਾਪਸ ਆ ਕੇ ਆਪਣੇ ਲੜਕੇ ਨੂੰ ਖ਼ੁਦ ਉਨ੍ਹਾਂ ਕੋਲ ਪੁੱਛ-ਪੜਤਾਲ ਲਈ ਲੈ ਕੇ ਆਵੇਗੀ। ਰਿੱਤੂ ਨੇ ਦੋਸ਼ ਲਾਇਆ ਕਿ ਉਸ ਦੇ ਬਾਹਰ ਹੋਣ ਦੇ ਬਾਵਜੂਦ ਏਐੱਸਆਈ ਨੇ ਉਨ੍ਹਾਂ ਦੇ ਨਾਬਾਲਗ ਲੜਕੇ ਤੇ ਉਸ ਦੇ ਤਿੰਨ ਹੋਰ ਨਾਬਾਲਗ ਸਾਥੀਆਂ ਨੂੰ ਸਾਈਬਰ ਸੈੱਲ ਬੁਲਾ ਕੇ ਕਥਿਤ ਤੌਰ ’ਤੇ ਕੁੱਟਮਾਰ ਕੀਤੀ। ਇਸ ਤੋਂ ਪ੍ਰੇਸ਼ਾਨ ਹੋ ਕੇ ਉਸ ਦੇ ਲੜਕੇ ਨੇ ਘਰ ਆ ਕੇ ਫਾਹਾ ਲੈ ਲਿਆ।
ਸ਼ਿਕਾਇਤਕਰਤਾ ਅਨੁਸਾਰ ਉਸ ਨੂੰ ਇਸ ਬਾਰੇ ਉਦੋਂ ਪਤਾ ਲੱਗਿਆ ਜਦੋਂ ਉਹ ਕੱਲ੍ਹ ਬਾਅਦ ਦੁਪਹਿਰ ਘਰ ਆਈ। ਉਸ ਦੇ ਲੜਕੇ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਸਕੂਲ ਪ੍ਰਬੰਧਕਾਂ ਵੱਲੋਂ ਕੁਝ ਅਧਿਆਪਕਾਂ ਦੀ ਮੀਮ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦਾ ਦੋਸ਼ ਲਾਇਆ ਗਿਆ ਸੀ। ਇਸ ਮਾਮਲੇ ’ਚ ਉਨ੍ਹਾਂ ਨੂੰ ਅਤੇ ਹੋਰ ਬੱਚਿਆਂ ਦੇ ਮਾਪਿਆਂ ਨੂੰ ਸਕੂਲ ਬੁਲਾਇਆ ਗਿਆ ਸੀ। ਉਸ ਵੇਲੇ ਬੱਚਿਆਂ ਨੂੰ ਚਿਤਾਵਨੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਸਾਰੇ ਬੱਚਿਆਂ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਬੰਦ ਕਰ ਦਿੱਤੇ ਸਨ। ਉਨ੍ਹਾਂ ਨੇ ਕਿਹਾ ਕਿ ਹੁਣ ਚਾਰ ਮਹੀਨਿਆਂ ਬਾਅਦ ਵੀ ਸਕੂਲ ਪ੍ਰਬੰਧਕਾਂ ਵੱਲੋਂ ਬੱਚਿਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਇਸ ਮਗਰੋਂ ਉਨ੍ਹਾਂ ਜ਼ੀਰਕਪੁਰ ਪੁਲਿਸ ਸਟੇਸ਼ਨ ਵਿੱਚ ਸਾਈਬਰ ਸੈੱਲ ਦੇ ਏਐੱਸਆਈ ਤੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਸ਼ਿਕਾਇਤ ਕੀਤੀ ਹੈ।
ਪੜ੍ਹਤਾਲ ਜਾਰੀ : ਥਾਣਾ ਮੁਖੀ
ਥਾਣਾ ਮੁਖੀ ਇੰਸਪੈਕਟਰ ਜਸਕੰਵਲ ਸਿੰਘ ਨੇ ਕਿਹਾ ਕਿ ਸ਼ਿਕਾਇਤ ਮਿਲਣ ਮਗਰੋਂ ਮਾਮਲੇ ਦੀ ਪੜ੍ਹਤਾਲ ਕੀਤੀ ਜਾ ਰਹੀ ਹੈ। ਜਾਂਚ ਮੁਕੰਮਲ ਹੋਣ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ।