Posted inਪਟਿਆਲਾ ਅੱਜ ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ‘ਆਪ’ ਸਰਕਾਰ ਖਿਲਾਫ ਗੱਜੇ ਪੰਧੇਰ, ਕਿਹਾ: ਨਾ ਡਰੇ ਹਾਂ ਤੇ ਨਾ ਹੀ ਡਰਾਂਗੇ Posted by overwhelmpharma@yahoo.co.in Mar 28, 2025 ਪਟਿਆਲਾ, 28 ਮਾਰਚ (ਰਵਿੰਦਰ ਸ਼ਰਮਾ) : ਸੰਯੁਕਤ ਕਿਸਾਨ ਮੋਰਚਾ ਦੇ ਆਗੂ ਸਰਵਨ ਸਿੰਘ ਪੰਧੇਰ ਸ਼੍ਰੀ ਮੁਕਤਸਰ ਸਾਹਿਬ ਦੀ ਜੇਲ੍ਹ ਵਿੱਚੋ ਰਿਹਾਅ ਹੋਣ ਤੋਂ ਬਾਅਦ ਪਟਿਆਲਾ ਨੇੜੇ ਬਹਾਦਰਗੜ੍ਹ ਵਿਖੇ ਸਥਿਤ ਕਮਾਂਡੋ ਕੰਪਲੈਕਸ ਕੋਲ ਪੁੱਜੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਕਿਸਾਨਾਂ ਨਾਲ ਧੱਕੇਸ਼ਾਹੀ ਤੇ ਗੁੰਡਾਗਰਦੀ ਕੀਤੀ ਗਈ ਹੈ, ਉਸ ਦਾ ਜਵਾਬ ਪੰਜਾਬ ਦੇ ਲੋਕ ਜ਼ਰੂਰ ਦੇਣਗੇ। ਉਹਨਾਂ ਨੇ ਕਿਹਾ ਕਿ ਨਾ ਤਾਂ ਕਿਸਾਨ ਡਰੇ ਹਨ ਤੇ ਨਾ ਕਦੇ ਡਰਾਂਗੇ। ਦੋਹਾਂ ਫੋਰਮਾਂ ਵੱਲੋਂ ਜੋ ਸੰਘਰਸ਼ ਦਾ ਐਲਾਨ ਪਹਿਲਾਂ ਤੋਂ ਤੈਅ ਕੀਤਾ ਹੋਇਆ ਹੈ ਉਹ ਸੰਘਰਸ਼ ਉਸੇ ਤਰ੍ਹਾਂ ਹੀ ਚੱਲਦਾ ਰਹੇਗਾ। ਅਗਲੀ ਰਣਨੀਤੀ ਲਈ ਜਲਦ ਹੀ ਦੋਵੇਂ ਫੋਰਮ ਦੇ ਆਗੂਆਂ ਦੀ ਮੀਟਿੰਗ ਕਰਕੇ ਅਗਲੇ ਕਦਮ ਬਾਰੇ ਵੀ ਐਲਾਨ ਕੀਤਾ ਜਾਵੇਗਾ। ਪੰਧੇਰ ਨੇ ਕਿਹਾ ਕਿ ਸ਼ੰਭੂ ਅਤੇ ਖਨੋਰੀ ਮੋਰਚੇ ਤੋਂ ਕਿਸਾਨਾਂ ਦੀ ਜ਼ਬਰਦਸਤੀ ਗ੍ਰਿਫਤਾਰੀਆਂ ਕੀਤੀਆਂ ਗਈਆਂ ਅਤੇ ਸਾਰਾ ਕੀਮਤੀ ਸਮਾਨ ਖੁਰਦ ਬੁਰਦ ਕੀਤਾ ਗਿਆ ਹੈ। ਇਸ ਨੁਕਸਾਨ ਦੀ ਭਰਪਾਈ ਵੀ ਕਿਸਾਨਾਂ ਦਾ ਅਹਿਮ ਮੁੱਦਾ ਹੈ ਅਤੇ ਇਸ ਲਈ ਪੰਜਾਬ ਸਰਕਾਰ ਜਵਾਬਦੇਹ ਹੈ। ਕਿਸਾਨ ਆਗੂ ਪੰਧੇਰ ਨੇ ਕਿਹਾ ਕਿ ਸ਼ੰਭੂ ਮੋਰਚੇ ਤੋਂ ਟਰਾਲੀਆਂ ਸਮੇਤ ਹੋਰ ਕੀਮਤੀ ਸਮਾਨ ਚੋਰੀ ਹੋਣ ਬਾਰੇ ਹਲਕਾ ਘਨੌਰ ਦੇ ਵਿਧਾਇਕ ਦਾ ਨਾਮ ਸਾਹਮਣੇ ਆਇਆ ਹੈ। ਇਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਇਸ ਬਾਰੇ ਸਪਸ਼ਟ ਕਰ ਦੇਣਾ ਚਾਹੀਦਾ ਹੈ ਤੇ ਚੋਰੀਆਂ ਕਰਵਾਉਣ ਵਾਲਿਆਂ ਨੂੰ ਨੱਥ ਪਾਉਣੀ ਚਾਹੀਦੀ ਹੈ। ਸਰਵਣ ਸਿੰਘ ਨੇ ਮੰਗ ਕੀਤੀ ਕਿ ਸੰਘਰਸ਼ ਦੌਰਾਨ ਕਿਸਾਨਾਂ ਦੀ ਕੁੱਟਮਾਰ ਅਤੇ ਖਿੱਚ ਧੂਹ ਕਰਨ ਵਾਲੇ ਅਧਿਕਾਰੀਆਂ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਉਹ ਪਹਿਲਾਂ ਆਪਣੇ ਕਿਸਾਨ ਸਾਥੀਆਂ ਨੂੰ ਮਿਲਣਗੇ ਉਸ ਤੋਂ ਬਾਅਦ ਹੀ ਆਪਣੇ ਘਰ ਜਾਣਗੇ। ਜੇਲ੍ਹ ਦੇ ਹਾਲਾਤਾਂ ਬਾਰੇ ਗੱਲ ਕਰਦਿਆਂ ਸਰਵਣ ਸਿੰਘ ਪੰਧੇਰ ਨੇ ਖੁਲਾਸਾ ਕੀਤਾ ਕਿ ਜੇਲ੍ਹਾਂ ਵਿੱਚ ਅੱਜ ਵੀ ਨਸ਼ੇ ਅਤੇ ਮੋਬਾਇਲ ਦੀ ਵਰਤੋਂ ਹੋ ਰਹੀ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਚਲਾਇਆ ਜਾ ਰਿਹਾ ਯੁੱਧ ਨਸ਼ਿਆਂ ਵਿਰੁੱਧ ਇੱਕ ਡਰਾਮਾ ਹੈ, ਜੇਕਰ ਜੇਲ੍ਹਾਂ ਦੇ ਅੰਦਰ ਹੀ ਨਸ਼ਿਆਂ ਤੇ ਰੋਗ ਨਹੀਂ ਲਗਾਈ ਜਾ ਸਕੀ ਹੈ ਤਾਂ ਫਿਰ ਪਿੰਡਾਂ ਅਤੇ ਸ਼ਹਿਰਾਂ ਵਿੱਚ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਸਿਰਫ ਖਾਨਾ ਪੂਰਤੀ ਹੀ ਹੈ। Post navigation Previous Post ਕੇਜਰੀਵਾਲ ਸਣੇ ‘ਆਪ’ ਆਗੂਆਂ ਖ਼ਿਲਾਫ਼ FIR ਦਰਜ, ਅਦਾਲਤ ਦੇ ਹੁਕਮਾਂ ’ਤੇ ਦਿੱਲੀ ਪੁਲਿਸ ਨੇ ਕੀਤੀ ਕਾਰਵਾਈNext PostFCI ਦਾ ਮੈਨੇਜਰ 50 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ-ਹੱਥੀਂ ਗ੍ਰਿਫਤਾਰ