Posted inਬਰਨਾਲਾ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਬਰਨਾਲਾ ਵਾਸੀ ਦੇਣ ਪੂਰਾ ਸਹਿਯੋਗ : ਮੀਤ ਹੇਅਰ Posted by overwhelmpharma@yahoo.co.in Mar 31, 2025 – ਯਾਦਗਾਰੀ ਹੋ ਨਿੱਬੜਿਆ ਲਾਈਟ ਐਂਡ ਸ਼ੋਅ, ਨਾਟਕ ‘ਸਰਹਿੰਦ ਦੀ ਦੀਵਾਰ’ ਰਾਹੀਂ ਸੈਂਕੜੇ ਲੋਕਾਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੀਤਾ ਸਿਜਦਾ – ਪਦਮਸ਼੍ਰੀ ਨਿਰਮਲ ਰਿਸ਼ੀ ਅਤੇ ਮਨਪਾਲ ਟਿਵਾਣਾ ਦੀ ਅਦਾਕਾਰੀ ਨੇ ਦਰਸ਼ਕ ਕੀਲੇ – ਨਾਟਕ ‘ਨਵੀਂ ਜ਼ਿੰਦਗੀ’ ਰਾਹੀਂ ਨਸ਼ਿਆਂ ਵਿਰੁੱਧ ਦਿੱਤਾ ਹੋਕਾ ਬਰਨਾਲਾ, 31 ਮਾਰਚ (ਰਵਿੰਦਰ ਸ਼ਰਮਾ) : ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਟ੍ਰਾਈਡੈਂਟ ਗਰੁੱਪ ਦੇ ਸਹਿਯੋਗ ਨਾਲ ਓਪਨ ਏਅਰ ਥੀਏਟਰ ਟਰਾਈਡੈਂਟ ਕੰਪਲੈਕਸ ਸੰਘੇੜਾ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਗਿਆ, ਜੋ ਕਿ ਸੈਂਕੜੇ ਦਰਸ਼ਕਾਂ ਲਈ ਯਾਦਗਾਰੀ ਹੋ ਨਿੱਬੜਿਆ। ਇਸ ਮੌਕੇ ਜਿੱਥੇ ਇਤਿਹਾਸਿਕ ਨਾਟਕ ‘ਸਰਹਿੰਦ ਦੀ ਦੀਵਾਰ’ ਦਾ ਮੰਚਨ ਹੋਇਆ, ਓਥੇ ਨਾਟਕ ‘ਨਵੀਂ ਜ਼ਿੰਦਗੀ’ ਰਾਹੀਂ ਨਸ਼ਿਆਂ ਵਿਰੁੱਧ ਹੋਕਾ ਦਿੱਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਲੋਕ ਸਭਾ ਮੈਂਬਰ ਸੰਗਰੂਰ ਗੁਰਮੀਤ ਸਿੰਘ ਮੀਤ ਹੇਅਰ ਪੁੱਜੇ, ਉਨ੍ਹਾਂ ਨਾਲ ਧਰਮਪਤਨੀ ਗੁਰਵੀਨ ਕੌਰ ਵੀ ਪੁੱਜੇ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਹਾਸਰਸ ਕਲਾਕਾਰ ਗੁਰਦੀਪ ਮਨਾਲੀਆ ਪੁੱਜੇ। ਇਸ ਮੌਕੇ ਸੰਬੋਧਨ ਕਰਦੇ ਹੋਏ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਵਿੱਢੀ ਗਈ ਹੈ, ਜਿਸ ਵਿੱਚ ਹਰ ਵਿਅਕਤੀ ਪੂਰਨ ਸਹਿਯੋਗ ਦੇਵੇ। ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਪਰਿਵਾਰ ਜਾਂ ਆਸ – ਪਾਸ ਕੋਈ ਨਸ਼ਾ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਤਾਂ ਇਹ ਸਵੀਕਾਰ ਕੀਤਾ ਜਾਵੇ ਤੇ ਉਸ ਦਾ ਇਲਾਜ ਕਰਵਾਇਆ ਜਾਵੇ ਅਤੇ ਆਸ-ਪਾਸ ਦੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾਵੇ। ਉਨ੍ਹਾਂ ਇਸ ਮੁਹਿੰਮ ਵਿੱਚ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਟੀ. ਬੈਨਿਥ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੀ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ ਤਾਂ ਜੋ ਉਹ ਲੋਕਾਂ ਨੂੰ ਪ੍ਰੇਰਿਤ ਕਰ ਸਕਣ। ਇਸ ਮਗਰੋਂ ਲੋਕ ਭਲਾਈ ਵੈਲਫ਼ੇਅਰ ਕਲੱਬ ਸੰਸਥਾ ਮਹਿਲ ਕਲਾਂ ਦੀ ਟੀਮ ਵਲੋਂ ਨਾਟਕ ‘ਨਵੀਂ ਜ਼ਿੰਦਗੀ’ ਖੇਡਿਆ ਗਿਆ ਜੋ ਨਸ਼ਾ ਛੱਡ ਚੁੱਕੇ ਨੌਜਵਾਨ ਅਮਨ ਸੁਨਾਮ ਦੇ ਸਫ਼ਰ ’ਤੇ ਅਧਾਰਿਤ ਸੀ। ਇਸ ਮੌਕੇ ਅਮਨ ਨੇ ਨਸ਼ਿਆਂ ਦੀ ਦਲਦਲ ’ਚੋਂ ਨਿਕਲਣ ਦੀ ਦਾਸਤਾਨ ਵੀ ਬਿਆਨ ਕੀਤੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਸ ਦਾ ਸਨਮਾਨ ਕੀਤਾ ਗਿਆ। ਇਸ ਮਗਰੋਂ ਉੱਘੇ ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ ਅਤੇ ਨਿਰਦੇਸ਼ਕ ਮਨਪਾਲ ਟਿਵਾਣਾ ਵਲੋਂ ਇਤਿਹਾਸਿਕ ਨਾਟਕ ‘ਸਰਹਿੰਦ ਦੀ ਦੀਵਾਰ’ ਖੇਡਿਆ ਗਿਆ, ਜਿਸ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕੀਤਾ ਗਿਆ ਕਿ ਕਿਵੇਂ ਉਨ੍ਹਾਂ ਨੇ ਛੋਟੀ ਉਮਰ ਹੋਣ ਦੇ ਬਾਵਜੂਦ ਵੀ ਈਨ ਨਹੀਂ ਮੰਨੀ ਸਗੋਂ ਹੱਕ, ਸੱਚ ਤੇ ਧਰਮ ਲਈ ਡਟੇ ਰਹੇ। ਇਹ ਨਾਟਕ ਪਿਛਲੇ 59 ਸਾਲਾਂ ਤੋਂ ਪੂਰੇ ਭਾਰਤ ਅਤੇ ਵੱਖ ਵੱਖ ਦੇਸ਼ਾਂ ਵਿੱਚ ਸਫਲਤਾ ਪੂਰਵਕ ਖੇਡਿਆ ਜਾ ਚੁੱਕਾ ਹੈ। ਇਸ ਮੌਕੇ ਜ਼ਿਲ੍ਹਾ ਬਰਨਾਲਾ ਦੇ ਉੱਘੇ ਹਾਸਰਸ ਕਲਾਕਾਰ ਗੁਰਦੀਪ ਮਨਾਲੀਆ ਨੇ ਆਪਣੇ ਵੱਖਰੇ ਅੰਦਾਜ਼ ਵਿਚ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ। ਇਸ ਮੌਕੇ ਮੁੱਖ ਮਹਿਮਾਨ ਸ੍ਰੀ ਮੀਤ ਹੇਅਰ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਿਰਮਲ ਰਿਸ਼ੀ ਤੇ ਮਨਪਾਲ ਟਿਵਾਣਾ ਸਮੇਤ ਪੂਰੀ ਟੀਮ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਰਾਮ ਤੀਰਥ ਮੰਨਾ, ਹਲਕਾ ਇੰਚਾਰਜ਼ ਹਰਿੰਦਰ ਸਿੰਘ ਧਾਲੀਵਾਲ, ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪ੍ਰਿਤਾ ਜੌਹਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਤਵੰਤ ਸਿੰਘ, ਐੱਸ.ਡੀ.ਐੱਮ ਤਪਾ ਰਿਸ਼ਭ ਬਾਂਸਲ, ਐੱਸ.ਡੀ.ਐੱਮ ਮਹਿਲ ਕਲਾਂ ਹਰਕੰਵਲਜੀਤ ਸਿੰਘ, ਵੱਖ ਵੱਖ ਪੁਲਿਸ ਅਧਿਕਾਰੀ ਤੇ ਟ੍ਰਾਈਡੈਂਟ ਤੋਂ ਰੁਪਿੰਦਰ ਗੁਪਤਾ ਅਤੇ ਟੀਮ, ਵੱਖ ਵੱਖ ਅਧਿਕਾਰੀ ਤੇ ਕਰਮਚਾਰੀ, ਐਨ ਸੀ ਸੀ ਕੈਡਿਟਸ, ਵਿਦਿਆਰਥੀ ਵੀ ਹਾਜ਼ਰ ਸਨ। Post navigation Previous Post ਡਿਪਟੀ ਕਮਿਸ਼ਨਰ ਵੱਲੋਂ ਮਹਿਲ ਕਲਾਂ ਦੇ ਸਰਕਾਰੀ ਦਫ਼ਤਰਾਂ ਦੀ ਚੈਕਿੰਗNext Postਵਿਜੇ ਕੁਮਾਰ ਭਦੌੜ ਬਣੇ ਅਗਰਵਾਲ ਸਭਾ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ