Posted inਸੰਗਰੂਰ ਪੰਜਾਬ ਬਰਨਾਲਾ ਰਾਜਨੀਤੀ ਦਿੱਲੀ ਵਾਸੀਆਂ ਨੇ ਆਪ ਦੇ ਫਰਜ਼ੀ ਵਿਕਾਸ ਮਾਡਲ ਨੂੰ ਨਕਾਰਿਆ : ਅਰਵਿੰਦ ਖੰਨਾ Posted by overwhelmpharma@yahoo.co.in Feb 8, 2025 ਪੰਜਾਬ ‘ਚ ਵੀ ਆਪ ਦੀ ਉਲਟੀ ਗਿਣਤੀ ਹੋਈ ਸ਼ੁਰੂ : ਅਰਵਿੰਦ ਖੰਨਾ ਬਰਨਾਲਾ, 8 ਫਰਵਰੀ (ਰਵਿੰਦਰ ਸ਼ਰਮਾ): ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਦਿੱਲੀ ਵਾਸੀਆਂ ਨੇ ਆਮ ਆਦਮੀ ਪਾਰਟੀ ਦੇ ਫਰਜ਼ੀ ਵਿਕਾਸ ਮਾਡਲ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ ਹੈ। ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਸ਼੍ਰੀ ਖੰਨਾ ਨੇ ਕਿਹਾ ਕਿ ਦਿੱਲੀ ਵਾਸੀਆਂ ਵੱਲੋਂ ਲਏ ਸ਼ਲਾਘਾਯੋਗ ਫੈਸਲੇ ਤੋਂ ਬਾਅਦ ਪੰਜਾਬ ਵਿੱਚ ਵੀ ਆਪ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਮਨ ਵਿੱਚ ਇੱਕ ਵੱਡਾ ਭਰਮ ਪੈਦਾ ਹੋ ਗਿਆ ਸੀ ਕਿ ਲੋਕ ਉਨ੍ਹਾਂ ਦੇ ਝੂਠੇ ਦਾਅਵਿਆਂ ਅਤੇ ਵਾਅਦਿਆਂ ਕਾਰਨ ਉਨ੍ਹਾਂ ਦੇ ਹੀ ਸਮਰਥਨ ਵਿੱਚ ਖੜ੍ਹੇ ਰਹਿਣਗੇ ਪਰ ਪੰਜਾਬ ਵਿੱਚ ਸਰਕਾਰ ਵੱਲੋਂ ਦਿੱਤੇ ਕੁਸਾਸ਼ਨ ਅਤੇ ਵਾਅਦਾ ਖਿਲਾਫ਼ੀ ਨੇ ਉਸ ਦਾ ਅਸਲ ਚਿਹਰਾ ਨੰਗਾ ਕਰ ਦਿੱਤਾ ਹੈ। ਉਨ੍ਹਾਂ ਦਿੱਲੀ ਦੇ ਲੋਕਾਂ ਦੇ ਫੈਸਲੇ ਨੂੰ ਸਲਾਮ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਉਹ ਵੀ ਦਿੱਲੀ ਵਾਸੀਆਂ ਤੋਂ ਸੇਧ ਲੈਂਦੇ ਹੋਏ ਅਗਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਵਿੱਚੋਂ ਵੀ ਆਪ ਦਾ ਬੋਰੀਆਂ-ਬਿਸਤਰਾ ਗੋਲ ਕਰਨ ਦੀ ਤਿਆਰੀ ਕਰਨ। ਖੰਨਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਹੇਠ ਦੇਸ਼ ਨੇ ਬਹੁ-ਪੱਖੀ ਵਿਕਾਸ ਦੀ ਰਫ਼ਤਾਰ ਫੜ੍ਹੀ ਹੋਈ ਹੈ, ਜਿਸ ਕਾਰਨ ਜ਼ਰੂਰਤ ਹੈ ਕਿ ਪੰਜਾਬ ਵਿੱਚ ਭਾਜਪਾ ਦੀ ਅਗਵਾਈ ਹੇਠ ਸਰਕਾਰ ਬਣੇ।ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਹੀ ਦੇਸ਼ ਹਿੱਤ ਵਿੱਚ ਇਮਾਨਦਾਰੀ ਨਾਲ ਫੈਸਲੇ ਲੈ ਸਕਦੀ ਹੈ ਜਦਕਿ ਦੂਜੀਆਂ ਪਾਰਟੀਆਂ ਇਮਾਨਦਾਰੀ ਦਾ ਫਰਜ਼ੀ ਚੋਲਾ ਪਹਿਣਕੇ ਲੋਕਾਂ ਨੂੰ ਗੁੰਮਰਾਹ ਕਰਨ ਵਿੱਚ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਫਰਜ਼ੀ ਇਮਾਨਦਾਰੀ ਦੇ ਚੋਲੇ ਦਾ ਖੁਲਾਸਾ ਉਸ ਸਮੇਂ ਹੋ ਗਿਆ ਸੀ ਜਦੋਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਪਣੀਆਂ ਭ੍ਰਿਸ਼ਟ ਨੀਤੀਆਂ ਦੇ ਕਾਰਨ ਪੁਲਿਸ ਦੇ ਹੱਥ ਚੜ੍ਹੇ ਸਨ। ਉਨ੍ਹਾਂ ਕਿਹਾ ਕਿ ਇਸ ਪਾਰਟੀ ਨੇ ਪੰਜਾਬ ਵਿੱਚ ਵੀ ਇਮਾਨਦਾਰੀ ਦੀ ਆੜ ਵਿੱਚ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਕੀਤਾ ਹੈ। Post navigation Previous Post ਦਿੱਲੀ ਦੇ ਲੋਕਾਂ ਨੇ ਝੂਠੇ ਇਨਕਲਾਬ ਨੂੰ ਹਰਾਇਆ : ਕੇਵਲ ਸਿੰਘ ਢਿੱਲੋਂNext Postਬਰਨਾਲਾ ’ਚ ਐਤਵਾਰ ਨੂੰ ਬਿਜਲੀ ਬੰਦ ਰਹੇਗੀ