Posted inਬਰਨਾਲਾ ਸਰਕਾਰੀ ਬਿਰਧ ਘਰ ਵਿੱਚ ਬਜ਼ੁਰਗਾਂ ਲਈ ਸਹੂਲਤਾਂ ਮੁਫ਼ਤ : ਡਿਪਟੀ ਕਮਿਸ਼ਨਰ Posted by overwhelmpharma@yahoo.co.in Apr 2, 2025 – ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਨਾਲ ਰਾਬਤਾ ਕਰਕੇ ਰਜਿਸਟ੍ਰੇਸ਼ਨ ਕਰਵਾਉਣ ਲੋੜਵੰਦ ਬਜ਼ੁਰਗ ਬਰਨਾਲਾ, 2 ਅਪ੍ਰੈਲ (ਰਵਿੰਦਰ ਸ਼ਰਮਾ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ‘ਸਾਡੇ ਬਜ਼ੁਰਗ ਸਾਡਾ ਮਾਣ’ ਮੁਹਿੰਮ ਤਹਿਤ ਜ਼ਿਲ੍ਹਾ ਬਰਨਾਲਾ ਦੇ ਤਪਾ ਵਿੱਚ ਬਾਬਾ ਫੂਲ ਸਰਕਾਰੀ ਬਿਰਧ ਘਰ ਬਣਾਇਆ ਗਿਆ ਹੈ, ਜਿਸ ਲਈ ਰਜਿਸਟ੍ਰੇਸ਼ਨ ਚੱਲ ਰਹੀ ਹੈ। ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਜ਼ਿਲ੍ਹਾ ਬਰਨਾਲਾ ਵਿੱਚ ਤਿੰਨ ਮੰਜ਼ਿਲਾ ਸਰਕਾਰੀ ਬਿਰਧ ਆਸ਼ਰਮ ਬਣ ਕੇ ਤਿਆਰ ਹੈ ਜਿਸ ਵਿੱਚ ਰਹਿਣ ਲਈ ਲੋੜਵੰਦ ਬਜ਼ੁਰਗ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਬਿਰਧ ਆਸ਼ਰਮ ਦਾ ਉਦਘਾਟਨ ਪੰਜਾਬ ਸਰਕਾਰ ਵਲੋਂ ਆਉਣ ਵਾਲੇ ਦਿਨਾਂ ਵਿਚ ਕੀਤਾ ਜਾਵੇਗਾ ਅਤੇ ਸੂਬਾ ਪੱਧਰ ‘ਤੇ ‘ਸਾਡੇ ਬਜ਼ੁਰਗ ਸਾਡਾ ਮਾਣ’ ਮੁਹਿੰਮ ਦਾ ਆਗਾਜ਼ ਵੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 72 ਬੈੱਡਜ਼ ਵਾਲਾ ਤਿੰਨ ਮੰਜ਼ਿਲਾ ਬਾਬਾ ਫੂਲ ਬਿਰਧ ਆਸ਼ਰਮ ਖੱਟਰ ਪੱਤੀ, ਢਿੱਲਵਾਂ ਰੋਡ, ਤਪਾ ਵਿਖੇ ਬਣਾਇਆ ਗਿਆ ਹੈ। ਇਸ ਬਿਰਧ ਆਸ਼ਰਮ ਵਿੱਚ ਬਜ਼ੁਰਗਾਂ ਦੀ ਰਿਹਾਹਿਸ਼, ਭੋਜਨ, ਮੈਡੀਕਲ ਸਹੂਲਤਾਂ ਮੁਫ਼ਤ ਹਨ। ਇਸ ਤੋਂ ਇਲਾਵ ਇਕ ਵੱਖਰੀ ਡੇਅ ਕੇਅਰ ਇਮਾਰਤ ਵੀ ਬਣਾਈ ਗਈ ਹੈ, ਜਿੱਥੇ ਆਸ – ਪਾਸ ਦੇ ਬਜ਼ੁਰਗ ਦਿਨ ਵੇਲੇ ਆਪਣਾ ਸਮਾਂ ਵਧੀਆ ਤਰੀਕੇ ਨਾਲ ਬਿਤਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬਿਰਧ ਆਸ਼ਰਮ ਵਿੱਚ ਬਜ਼ੁਰਗਾਂ ਦੀ ਦੇਖ-ਭਾਲ ਲਈ ਸੁਪਰਡੈਂਟ, ਕਲੈਰੀਕਲ ਸਟਾਫ਼, ਰਸੋਈਆ, ਸਫਾਈ ਸੇਵਕ, ਸੁਰਖਿਆ ਗਾਰਡ ਸਮੇਤ ਹੋਰ ਸਟਾਫ਼ ਤਾਇਨਾਤ ਰਹੇਗਾ ਅਤੇ ਲੋੜ ਅਨੁਸਾਰ ਮੈਡੀਕਲ ਸਹੂਲਤਾਂ ਵੀ ਹਨ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਬਰਨਾਲਾ ਡਾ. ਤੇਅਵਾਸਪ੍ਰੀਤ ਕੌਰ ਨੇ ਦੱਸਿਆ ਕਿ ਜੋ ਵੀ ਲੋੜਵੰਦ ਬਜ਼ੁਰਗ ਬਿਰਧ ਆਸ਼ਰਮ ਵਿੱਚ ਰਹਿਣਾ ਚਾਹੁੰਦੇ ਹਨ, ਉਹ ਆਪਣਾ ਆਧਾਰ ਕਾਰਡ ਲੈ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਤਹਿਸੀਲ ਕੰਪਲੈਕਸ ਵਿਚ ਬਣੇ ਦਫ਼ਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਬਰਨਾਲਾ ਜਾਂ ਆਪਣੇ ਬਲਾਕ ਨਾਲ ਸਬੰਧਤ ਦਫ਼ਤਰ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ (ਸੀ ਡੀ ਪੀ ਓ) ਵਿਖੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ 0167929110, 9780356117 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। Post navigation Previous Post ਬੁਢਾਪਾ, ਵਿਧਵਾ, ਦਿਵਿਆਂਗਜਨ ਲੋਕਾਂ ਤੇ ਆਸ਼ਰਿਤ ਬੱਚਿਆਂ ਨੂੰ ਪ੍ਰਤੀ ਮਹੀਨਾ 1500 ਰੁਪਏ ਰਾਸ਼ੀ ਸਿੱਧੀ ਬੈਂਕ ਖਾਤਿਆਂ ’ਚ ਪਾਉਣ ਦਾ ਪ੍ਰਬੰਧNext Postਸੱਚਖੰਡ ਐਕਸਪ੍ਰੈਸ ’ਚ ਸੀਟਾਂ ਨੂੰ ਲੈ ਕੇ ਹੰਗਾਮਾ, ਚੱਲੀਆਂ ਤਲਵਾਰਾਂ; ਕਈ ਜ਼ਖਮੀ