Posted inਬਰਨਾਲਾ ਆਪਣੇ ਜੱਦੀ ਸ਼ਹਿਰ ਭਦੌੜ ਤੋਂ ਸ਼ੁਰੂਆਤ ਕਰ ਐਡਵੋਕੇਟ ਐੱਚ.ਐੱਸ. ਫੂਲਕਾ ਨੇ ਲੋਕਾਂ ਨੂੰ ਜੈਵਿਕ ਖੇਤੀ ਨਾਲ ਜੁੜਨ ਦਾ ਦਿੱਤਾ ਸੱਦਾ Posted by overwhelmpharma@yahoo.co.in Apr 2, 2025 – ਹਮਜਮਾਤੀਆਂ ਨੂੰ ਸੱਦ ਕੇ ਸ਼ੁਰੂ ਕੀਤਾ ਪ੍ਰਚਾਰ ਬਰਨਾਲਾ, 2 ਅਪ੍ਰੈਲ (ਰਵਿੰਦਰ ਸ਼ਰਮਾ) : ਬਰਨਾਲਾ ਜ਼ਿਲ੍ਹੇ ਦੇ ਸ਼ਹਿਰ ਭਦੌੜ ਦੇ ਜੰਮਪਲ ਹਰਵਿੰਦਰ ਸਿੰਘ ਫੂਲਕਾ ਆਮ ਤੌਰ ’ਤੇ ਐਚਐਸ ਫੂਲਕਾ ਦਿੱਲੀ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ, ਸਿਆਸਤਦਾਨ, ਮਨੁੱਖੀ ਅਧਿਕਾਰ ਕਾਰਕੁੰਨ ਤੇ ਲੇਖਕ ਹਨ। ਉਨ੍ਹਾਂ ਹੁਣ ਆਪਣੇ ਪਿੰਡ ਆਪਣੀ ਜੱਦੀ ਜ਼ਮੀਨ ’ਚ ਜੈਵਿਕ ਖੇਤੀ ਸ਼ੁਰੂ ਕਰ ਦਿੱਤੀ ਹੈ। ਆਪਣੇ ਹਮਜਮਾਤੀ ਗੋਬਿੰਦ ਬਾਡੀ ਬਿਲਡਰਜ਼ ਤੇ ਗੋਬਿੰਦ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਦਰਸ਼ਨ ਸਿੰਘ ਗਿੱਲ ਨੂੰ ਇਸ ਫਸਲ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਲੋਕਾਂ ਨੂੰ ਬਿਮਾਰੀਆਂ ਤੋਂ ਮੁਕਤ ਜੈਵਿਕ ਖੇਤੀ ਨਾਲ ਜੁੜਨ ਦਾ ਸੱਦਾ ਦਿੰਦਿਆਂ ਇਸ ਦਾ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਹੈ। ਐਚਐਸ ਫੂਲਕਾ ਆਪਣੀ ਜਨਮ ਭੂਮੀ ਕਸਬਾ ਭਦੌੜ ਵਿਖੇ ਆਪਣੇ ਫਾਰਮ ’ਚ ਜੈਵਿਕ ਖੇਤੀ ਸ਼ੁਰੂ ਕਰ ਕੇ ਹੋਰ ਲੋਕਾਂ ਨੂੰ ਵੀ ਜੈਵਿਕ ਖੇਤੀ ਕਰਨ ਲਈ ਪ੍ਰੇਰਿਤ ਕਰ ਰਹੇ ਹਨ। ਉਨ੍ਹਾਂ ਦੀਆਂ ਕੋਸ਼ਿਸ਼ਾਂ ਤੋਂ ਪ੍ਰਭਾਵਿਤ ਹੋ ਕੇ ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ ਦੇ ਚੇਅਰਮੈਨ ਦਰਸ਼ਨ ਸਿੰਘ ਗਿੱਲ ਵੀ ਜੈਵਿਕ ਖੇਤੀ ਦੇ ਤਜਰਬੇ ਸਾਂਝੀ ਕਰਨ ਲਈ ਉਨ੍ਹਾਂ ਕੋਲ ਫੂਲਕਾ ਫਾਰਮ ਵਿਖੇ ਉਚੇਚੇ ਤੌਰ ’ਤੇ ਪੁੱਜੇ। ਫੂਲਕਾ ਨੇ ਦੱਸਿਆ ਕਿ ਉਹ ਦੋ ਸਾਲ ਦੀ ਜੈਵਿਕ ਖੇਤੀ ਦੌਰਾਨ ਕਿਸੇ ਵੀ ਤਰ੍ਹਾਂ ਦਾ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ, ਜਦਕਿ ਇਲਾਕੇ ਦੇ ਅਨੇਕਾਂ ਕਿਸਾਨ ਉਨ੍ਹਾਂ ਕੋਲ ਇਸ ਖੇਤੀ ਨੂੰ ਲੈ ਕੇ ਕਈ ਤਜਰਬੇ ਹਾਸਲ ਕਰ ਚੁੱਕੇ ਹਨ। ਆਉਣ ਵਾਲੇ ਸਮੇਂ ’ਚ ਜੈਵਿਕ ਖੇਤੀ ਕਰਨਾ ਮਨੁੱਖ ਦੀ ਮਜਬੂਰੀ ਹੋਵੇਗੀ ਕਿਉਂਕਿ ਰੇਹਾਂ, ਸਪਰੇਹਾਂ ਵਾਲੀਆਂ ਫਸਲਾਂ ਕਾਰਨ ਮਨੁੱਖਤਾ ਬਿਮਾਰੀਆਂ ’ਚ ਘਿਰਦੀ ਜਾ ਰਹੀ ਹੈ। ਜਿਸ ਨੂੰ ਆਮ ਲੋਕ ਸਮਝ ਚੁੱਕੇ ਹਨ, ਕਿਉਂਕਿ ਤੰਦਰੁਸਤੀ ਤੋਂ ਵੱਡੀ ਕੋਈ ਵੀ ਨਿਆਮਤ ਨਹੀਂ ਹੈ। ਇਸ ਮੌਕੇ ਚੇਅਰਮੈਨ ਦਰਸ਼ਨ ਸਿੰਘ ਗਿੱਲ ਨੇ ਕਿਹਾ ਕਿ ਜੈਵਿਕ ਖੇਤੀ ਜਿਥੇ ਕਿਸਾਨਾਂ ਲਈ ਲਾਭਦਾਇਕ ਹੈ, ਉਥੇ ਜੈਵਿਕ ਖੇਤੀ ’ਚੋਂ ਉਪਜੀਆਂ ਵਸਤੂਆਂ ਨੂੰ ਲੋਕ ਮਹਿੰਗੇ ਭਾਅ ’ਤੇ ਵੀ ਖਰੀਦ ਲੈਂਦੇ ਹਨ, ਕਿਉਂਕਿ ਸਾਫ ਸੁਥਰਾ ਤੇ ਸਿਹਤ ਲਈ ਲਾਭਦਾਇਕ ਖਾਣਾ ਖਾਣ ਲਈ ਲੋਕ ਤਿਆਰ ਹਨ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ। ਫੂਲਕਾ ਨੇ ਦੱਸਿਆ ਕਿ ਹੁਣ ਜੈਵਿਕ ਦੁਕਾਨਾਂ ਵੀ ਖੁੱਲ੍ਹ ਰਹੀਆਂ ਹਨ, ਜਿੱਥੇ ਸਿਰਫ ਜੈਵਿਕ ਸਮਾਨ ਹੀ ਮਿਲਦਾ ਹੈ। ਕੌਣ ਹਨ ਐਚਐਸ ਫੂਲਕਾ ਹਰਵਿੰਦਰ ਸਿੰਘ ਫੂਲਕਾ ਦਾ ਜਨਮ ਪੰਜਾਬ ਦੇ ਬਰਨਾਲਾ ਜ਼ਿਲ੍ਹਾ ਦੇ ਸ਼ਹਿਰ ਭਦੌੜ ’ਚ ਹੋਇਆ ਸੀ। ਆਪਣੀ ਸਨਾਤਕ ਦੀ ਡਿਗਰੀ ਉਸ ਨੇ ਚੰਡੀਗੜ੍ਹ ਤੋਂ ਪ੍ਰਾਪਤ ਕੀਤੀ, ਜਦਕਿ ਐਲਐਲਬੀ ਲੁਧਿਆਣਾ ਤੋਂ ਕੀਤੀ। ਆਪਣੀ ਸਿੱਖਿਆ ਪ੍ਰਾਪਤ ਕਰਨ ਮਗਰੋਂ ਫੂਲਕਾ ਨੇ ਦਿੱਲੀ ’ਚ ਵਕਾਲਤ ਸ਼ੁਰੂ ਕੀਤੀ। ਉਹ ਪਿਛਲੇ ਚਾਰ ਦਹਾਕਿਆਂ ਤੋਂ ਸਾਲ 1984 ’ਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀਆਂ ਖਿਲਾਫ ਮੁਕੱਦਮੇ ਲੜ ਰਹੇ ਹਨ। ਜਨਵਰੀ 2014 ’ਚ ਫੂਲਕਾ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਸਨ ਤੇ 2014 ਲੋਕ ਸਭਾ ਚੋਣ ’ਚ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਲੁਧਿਆਣਾ ਤੋਂ ਚੋਣ ਲੜੇ ਸਨ। ਪਿਛਲੇ ਦਿਨੀਂ ਉਨ੍ਹਾਂ ਵੱਲੋਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸਿਪ ਲੈਣ ਦੀਆਂ ਖਬਰਾਂ ਵੀ ਚਰਚਾ ’ਚ ਸਨ। ਪਰ ਕੁਝ ਦਿਨਾਂ ਬਾਅਦ ਹੀ ਉਨ੍ਹਾਂ ਖੁਦ ਖਬਰ ਦਾ ਖੰਡਨ ਕਰ ਦਿੱਤਾ ਸੀ, ਜਿੱਥੇ ਉਹ ਸਿੱਖ ਦੰਗਿਆਂ ਦੇ ਨਾਮੀ ਵਕੀਲ ਹਨ, ਉਥੇ ਹੀ ਉਹ ਹੁਣ ਜੈਵਿਕ ਖੇਤੀ ਲਈ ਵੀ ਪਰਪੱਕ ਸਮਾਜ ਸੇਵਾ ਨੂੰ ਸਮਰਪਿਤ ਹੋ ਕੇ ਲੋਕਾਂ ਨੂੰ ਨਿਰੋਗ ਮੁਕਤ ਕਰਨ ’ਚ ਵੱਡਾ ਯੋਗਦਾਨ ਪਾ ਰਹੇ ਹਨ। Post navigation Previous Post ਵਸੂਲਿਆ ਜਾਂਦੈ ਭਾਰੀ ਟੋਲ ਟੈਕਸ, ਫ਼ਿਰ ਵੀ ਬਰਨਾਲਾ-ਤਪਾ ਕੌਮੀ ਮਾਰਗ ਦੀ ਹਾਲਤ ਖਸਤਾNext Postਬਰਨਾਲਾ ’ਚ ਸੇਫ਼ ਸਕੂਲ ਵਾਹਨ ਪਾਲਿਸੀ ਬਾਰੇ ਜਾਗਰੂਕ ਕੀਤਾ