Posted inਬਰਨਾਲਾ ਸ਼੍ਰੋਮਣੀ ਸਾਹਿਤਕਾਰ ਓਮ ਪ੍ਰਕਾਸ਼ ਗਾਸੋ ਦਾ 93ਵਾਂ ਜਨਮ ਦਿਨ ਮਨਾਇਆ Posted by overwhelmpharma@yahoo.co.in Apr 10, 2025 – ਗਾਸੋ ਦੀਆਂ ਦੋ ਨਵੀਆਂ ਪੁਸਤਕਾਂ ‘ਇਹ ਇੱਕ ਆਵਾਜ਼ ਹੈ’ ਤੇ ‘ਪਿੰਗਲਵਾੜਾ ਅਮ੍ਰਿਤਸਰ ਦਾ ਅਦੁੱਤੀ ਯੋਗਦਾਨ’ ਲੋਕ ਅਰਪਣ ਕੀਤੀਆਂ ਗਈਆਂ ਬਰਨਾਲਾ, 10 ਅਪ੍ਰੈਲ (ਰਵਿੰਦਰ ਸ਼ਰਮਾ) : ਪੰਜਾਬੀ ਸਾਹਿਤ ਰਤਨ ਤੇ ਸ਼੍ਰੋਮਣੀ ਸਾਹਿਤਕਾਰ ਓਮ ਪ੍ਰਕਾਸ਼ ਗਾਸੋ ਦਾ 93ਵਾਂ ਜਨਮ ਦਿਨ ਸਮੂਹ ਸਾਹਿਤਕ ਸ਼ਖ਼ਸੀਅਤਾਂ ਤੇ ਪਰਿਵਾਰਕ ਮੈਂਬਰਾਂ ਉਨ੍ਹਾਂ ਦੇ ਸਥਾਨਕ ‘ਗਾਸੋ ਨਿਵਾਸ’ ਵਿਖੇ ਇੱਕ ਸਾਦਾ ਤੇ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਗਿਆ ਤੇ ਉਨ੍ਹਾਂ ਦੀ ਸਿਹਤਮੰਦੀ ਅਤੇ ਲੰਮੀ ਉਮਰ ਦੀ ਕਾਮਨਾ ਕੀਤੀ ਗਈ। ਸਮਾਗਮ ਦੇ ਆਰੰਭ ਮੌਕੇ ਸ਼੍ਰੀ ਗਾਸੋ ਦੇ ਹਰਿਆਣਾ ਸਰਕਾਰ ਵੱਲੋਂ ਰਾਜ ਪੱਧਰੀ ਪੁਰਸਕਾਰ ਤੇ ਸਨਮਾਨ ਹਾਸਲ ਬੇਟੇ ਡਾ.ਸੁਦਰਸ਼ਨ ਗਾਸੋ ਨੇ ਜੀਵਨ ਸੰਘਰਸ਼, ਵਿਭਿੰਨ ਪਹਿਲੂਆਂ ਤੇ ਪ੍ਰਾਪਤੀਆਂ ਬਾਰੇ ਬਾਖੂਬੀ ਚਾਨਣਾ ਪਾਇਆ। ਉਨ੍ਹਾਂ ਆਇਆਂ ਦੀ ਆਮਦ ਨੂੰ ਵੀ ਸਤਿਕਾਰਿਆ। ਸਾਹਿਤਕ ਬੁਲਾਰਿਆਂ ਨੇ ਗਾਸੋ ਦੀ ਸਮੁੱਚੀ ਸਿਰਜਣਾ ‘ਚ ਅਨੇਕਾਂ ਸੂਰਜਾਂ ਦਾ ਜਲੌਅ ਵਿਦਮਾਨ ਦੱਸਿਆ ਤੇ ਉਨ੍ਹਾਂ ਦੇ ਵਾਤਾਵਰਣ ਸੰਭਾਲ ਹਿਤ ਕੀਤੇ ਅਣਥੱਕ ਵਡੇਰੇ ਕਾਰਜ ਨੂੰ ਵੀ ਅਮੋਲ ਤੇ ਅਤੋਲ ਬਿਆਨਿਆ। ਕਹਾਣੀਕਾਰ ਪਵਨ ਪਰਿੰਦਾ ਨੇ ਕਿਹਾ ਕਿ ਬਾਪੂ ਗਾਸੋ ਦੈਵਿਕ ਪ੍ਰਤਿਭਾ ਦੇ ਸੁਆਮੀ ਤੇ ਪੰਜਾਬੀ ਸਾਹਿਤ ਦਾ ਸਿਰਤਾਜ ਹਨ। ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਨੇ ਸ਼੍ਰੀ ਗਾਸੋ ਨੂੰ ਕੁਦਰਤ ਦੀ ਅਦਭੁੱਤ ਤੇ ਨਿਆਰੀ ਸ਼ਖ਼ਸੀਅਤ ਆਖਦਿਆਂ ਨਵੀਂ ਪੀੜ੍ਹੀ ਨੂੰ ਸਿਖਾਂਦਰੂ ਲਾਹਾ ਲੈਣ ਦੀ ਲੋੜ ‘ਤੇ ਜ਼ੋਰ ਦਿੱਤਾ। ਭੋਲਾ ਸਿੰਘ ਸੰਘੇੜਾ ਨੇ ਕਿਹਾ ਬਾਪੂ ਜੀ ਜਿਊਣ ਊਰਜਾ ਦੇ ਸਰੋਤ ਹਨ। ਤੇਜਾ ਸਿੰਘ ਤਿਲਕ ਨੇ ਕਿਹਾ ਕਿ ਬਰਨਾਲਾ ਸਾਹਿਤਕ ਲਹਿਰ ‘ਚ ਗਾਸੋ ਜੀ ਦਾ ਯੋਗਦਾਨ ਇਤਿਹਾਸਕ ਹੈ। ਕਵੀ ਤਰਸੇਮ ਨੇ ਉਨ੍ਹਾਂ ਨੂੰ ਅਮੁੱਕ ਪ੍ਰੇਰਨਾ ਸਰੋਤ ਕਿਹਾ। ਸਭਨਾਂ ਨੇ ਉਨ੍ਹਾਂ ਦੀ ਸਿਹਤਮੰਦ ਲੰਮੀ ਉਮਰ ਦੀ ਕਾਮਨਾ ਕੀਤੀ। ਇਨ੍ਹਾਂ ਤੋਂ ਇਲਾਵਾ ਕਮਲ ਸ਼ਰਮਾ, ਮਾ.ਕ੍ਰਾਂਤੀ ਸਰੂਪ , ਐਡਵੋਕੇਟ ਸੋਮ ਦੱਤ ਸ਼ਰਮਾ, ਸੰਗੀਤ ਸ਼ਰਮਾ, ਮਾਲਵਿੰਦਰ ਸ਼ਾਇਰ, ਰਮੇਸ਼ ਗਾਸੋ, ਸੁਮਨ ਗਾਸੋ, ਸ਼ਸ਼ੀ ਗਾਸੋ, ਚੰਚਲ ਕੌਸ਼ਲ , ਪਰਸ਼ੋਤਮ ਬੱਲੀ, ਗਮਦੂਰ ਰੰਗੀਲਾ, ਸੰਤੋਸ਼ ਵਸ਼ਿਸ਼ਟ, ਹਰਭਗਵਾਨ ਸ਼ਰਮਾ, ਮਨਜੀਤ ਸਾਗਰ, ਬਲਜੀਤ ਸਿੰਘ ਮੌਜੀਆ, ਹਾਕਮ ਸਿੰਘ ਰੂੜੇਕੇ, ਰਾਜਵਿੰਦਰ ਸਿੰਘ ਮੱਲ੍ਹੀ, ਮੱਖਣ ਸਿੰਘ ਧਨੇਰ, ਸੁਦਰਸ਼ਨ ਗੁੱਡੂ, ਬ੍ਰਿਜ ਲਾਲ ਧਨੌਲਾ ਤੇ ਹੇਮ ਰਾਜ ਸ਼ਰਮਾ ਆਦਿ ਨੇ ਵੀ ਵਿਚਾਰ ਰੱਖੇ। ਡਾ.ਸੰਪੂਰਨ ਸਿੰਘ ਟੱਲੇਵਾਲੀਆ ਨੇ ਕਵੀਸ਼ਰੀ ਨਾਲ ਰੰਗ ਬੰਨ੍ਹਿਆ। ਓਮ ਪ੍ਰਕਾਸ਼ ਗਾਸੋ ਦੀਆਂ ਦੋ ਨਵੀਆਂ ਪੁਸਤਕਾਂ ‘ਇਹ ਇੱਕ ਆਵਾਜ਼ ਹੈ’ ਤੇ ‘ਪਿੰਗਲਵਾੜਾ ਅਮ੍ਰਿਤਸਰ ਦਾ ਅਦੁੱਤੀ ਯੋਗਦਾਨ’ ਲੋਕ ਅਰਪਣ ਕੀਤੀਆਂ ਗਈਆਂ। ਬਾਪੂ ਗਾਸੋ ਨੇ ਉਨ੍ਹਾਂ ਦੇ ਜਨਮ ਦਿਨ ਨੂੰ ਇੱਕ ਉਤਸਵ ਤਰ੍ਹਾਂ ਮਨਾਉਣ ਤੇ ਤਨ ਮਨ ਦਰੁਸਤੀ ਸਹਿਤ ਉਮਰਦਰਾਜੀ ਦੀ ਸ਼ੁਭ ਕਾਮਨਾ ਲਈ ਸਾਰਿਆਂ ਸਨੇਹੀਆਂ ਤੇ ਸਾਹਿਤਕ ਸ਼ਖ਼ਸੀਅਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਸਾਹਿਤ ਸਿਰਜਣਾ ਜਾਰੀ ਰੱਖਣ ਦਾ ਅਹਿਦ ਵੀ ਦ੍ਰਿੜਾਇਆ। ਉਨ੍ਹਾਂ ‘ਤੇ ਫੁੱਲਾਂ ਦੀ ਵਰਖਾ ਤੇ ਫੁੱਲ ਮਾਲਾਵਾਂ ਵੀ ਪਹਿਨਾਈਆਂ। ਡਾ.ਸੁਦਰਸ਼ਨ, ਤਰਸੇਮ ਤੇ ਭੋਲਾ ਸੰਘੇੜਾ ਨੇ ਮੰਚ ਸੰਚਾਲਨ ਸਾਂਝੇ ਤੌਰ ‘ਤੇ ਕੀਤਾ। Post navigation Previous Post ਜਬਰ ਜਨਾਹ ਦੇ ਮੁਲਜ਼ਮ ਪਾਸਟਰ ਜਸ਼ਨ ਗਿੱਲ ਨੇ ਅਦਾਲਤ ‘ਚ ਕੀਤਾ ਆਤਮ-ਸਮਰਪਣNext Postਪੰਚਾਇਤੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਛੁਡਵਾਇਆ