ਪੰਜਾਬ ’ਚ DSP ਸਾਹਮਣੇ ਸਬ ਇੰਸਪੈਕਟਰ ਦਾ ਗੋਲੀਆਂ ਮਾਰ ਕੇ ਕਤਲ, ‘ਆਪ’ ਸਰਪੰਚ ਸਮੇਤ ਹੋਰਨਾਂ ’ਤੇ ਪਰਚਾ

ਤਰਨਤਾਰਨ 10 ਅਪ੍ਰੈਲ (ਰਵਿੰਦਰ ਸ਼ਰਮਾ) : ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਕੋਟ ਮੁਹੰਮਦ ਖਾਂ ’ਚ ਝਗੜਾ ਸੁਲਝਾਉਣ ਗਏ ਥਾਣਾ ਗੋਇੰਦਵਾਲ ਸਾਹਿਬ ਦੇ ਸਬ-ਇੰਸਪੈਕਟਰ ਦੀ ਜਿੱਥੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਉੱਥੇ ਹੀ ਏਐੱਸਆਈ ਦੀ ਬਾਂਹ ਵੀ ਟੁੱਟ ਗਈ।  ਇਸ ਸਬੰਧੀ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਅਤੇ ਹੋਰਨਾਂ ਖਿਲਾਫ਼ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਹਾਲਾਂਕਿ ਇਸ ਮਾਮਲੇ ’ਚ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।
ਦੋਸ਼ ਹੈ ਕਿ ਪਿੰਡ ਕੋਟ ਮੁਹੰਮਦ ਖਾਂ ਦੇ ਸਰਪੰਚ ਕੁਲਦੀਪ ਸਿੰਘ ਦੇ ਲੜਕੇ ਦਾ ਇਸੇ ਪਿੰਡ ਦੇ ਅਰਸ਼ਦੀਪ ਸਿੰਘ ਨਾਲ ਕਰੀਬ ਦਸ ਦਿਨਾਂ ਤੋਂ ਝਗੜਾ ਚੱਲ ਰਿਹਾ ਸੀ। ਉਕਤ ਵਿਵਾਦ ਨੂੰ ਲੈ ਕੇ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ ਹਨ। ਵਿਰੋਧੀ ਧਿਰਾਂ ਨੇ ਆਪ’ ਸਰਪੰਚ ਕੁਲਦੀਪ ਸਿੰਘ ਅਤੇ ਹੋਰਨਾਂ ਖਿਲਾਫ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਲਿਖਤੀ ਸ਼ਿਕਾਇਤ ਦਰਜ ਕਰਵਾਈ, ਪਰ ਕੋਈ ਕਾਰਵਾਈ ਨਹੀਂ ਹੋਈ। ਸਵੇਰੇ 11 ਵਜੇ ਦੋਵਾਂ ਧਿਰਾਂ ਵਿਚਾਲੇ ਝਗੜਾ ਹੋਇਆ। ਪੁਲਿਸ ਮੁਤਾਬਿਕ ਦੋਸ਼ ਹੈ ਕਿ ਝਗੜਾ ਸੁਲਝਾਉਣ ਦਾ ਸਮਾਂ ਸ਼ਾਮ ਨੂੰ 4 ਵਜੇ ਤੈਅ ਕੀਤਾ ਗਿਆ ਸੀ ਪਰ ਸਰਪੰਚ ਧੜੇ ਨੇ ਪਿੰਡ ਵਿੱਚ ਹੀ ਹੰਗਾਮਾ ਕੀਤਾ। ਸਰਪੰਚ ਧੜੇ ਦੀ ਕਥਿਤ ਗੁੰਡਾਗਰਦੀ ਖ਼ਿਲਾਫ਼ ਵਿਰੋਧੀ ਧਿਰ ਵੱਲੋਂ ਪੁਲਿਸ ਹੈਲਪ ਲਾਈਨ ਨੰਬਰ ’ਤੇ ਸ਼ਿਕਾਇਤ ਦਰਜ਼ ਕਰਵਾਈ ਗਈ।
ਪੁਲਿਸ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੇ ਵਧੀਕ ਇੰਚਾਰਜ ਸਬ-ਇੰਸਪੈਕਟਰ ਚਰਨਜੀਤ ਸਿੰਘ ਦੀ ਅਗਵਾਈ ਹੇਠ ਏ.ਐਸ.ਆਈ ਜਸਬੀਰ ਸਿੰਘ ਅਤੇ ਪੁਲਿਸ ਪਾਰਟੀ ਰਾਤ 8.30 ਵਜੇ ਥਾਣੇ ਤੋਂ ਰਵਾਨਾ ਹੋਈ। ਕਰੀਬ 9.35 ਵਜੇ ਪਿੰਡ ਕੋਟ ਮੁਹੰਮਦ ਖਾਂ ਵਿੱਚ ਦੋਵੇਂ ਧਿਰਾਂ ਫਿਰ ਆਪਸ ਵਿੱਚ ਭਿੜ ਗਈਆਂ। ਜਦੋਂ ਸਬ ਇੰਸਪੈਕਟਰ ਚਰਨਜੀਤ ਸਿੰਘ ਨੇ ਸਰਪੰਚ ਧੜੇ ਨੂੰ ਝਗੜਾ ਸੁਲਝਾਉਣ ਲਈ ਪਿੱਛੇ ਹਟਣ ਲਈ ਕਿਹਾ ਤਾਂ ਮੁਲਜ਼ਮਾਂ ਨੇ ਸਬ ਇੰਸਪੈਕਟਰ ਦਾ ਰਿਵਾਲਵਰ ਖੋਹ ਲਿਆ ਅਤੇ ਉਸ ’ਤੇ ਤਿੰਨ ਗੋਲੀਆਂ ਚਲਾ ਦਿੱਤੀਆਂ।
ਗੋਲੀ ਲੱਗਣ ਨਾਲ ਸਬ ਇੰਸਪੈਕਟਰ ਚਰਨਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਜਦੋਂਕਿ ਕੁੱਟਮਾਰ ਕਾਰਨ ਏ.ਐਸ.ਆਈ ਜਸਬੀਰ ਸਿੰਘ ਦੀ ਬਾਂਹ ਵੀ ਟੁੱਟ ਗਈ। ਜਾਣਕਾਰੀ ਲਈ ਦੱਸ ਦਈਏ ਕਿ ਡੀ.ਐਸ.ਪੀ ਅਤੁਲ ਸੋਨੀ ਅਤੇ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਗਿੱਲ ਦੀ ਹਾਜ਼ਰੀ ਵਿੱਚ ਸਾਰੀ ਘਟਨਾ ਦਾ ਪਤਾ ਲੱਗਾ।
ਇਸ ਦੌਰਾਨ ਗੋਲੀਆਂ ਦੀ ਆਵਾਜ਼ ਸੁਣ ਕੇ ਦੋਵੇਂ ਅਧਿਕਾਰੀ ਪਿੱਛੇ ਹਟ ਗਏ। ਹਾਲਾਂਕਿ ਬਾਅਦ ਵਿੱਚ ਸਬ ਇੰਸਪੈਕਟਰ ਚਰਨਜੀਤ ਸਿੰਘ ਅਤੇ ਏ.ਐਸ.ਆਈ ਜਸਬੀਰ ਸਿੰਘ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਚਰਨਜੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਸਰਪੰਚ ਕੁਲਦੀਪ ਸਿੰਘ ਤੋਂ ਇਲਾਵਾ ਹੋਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ਼ ਕਰਕੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.