ਸਮਾਣਾ, 10 ਅਪ੍ਰੈਲ (ਰਵਿੰਦਰ ਸ਼ਰਮਾ) : ਸਮਾਣਾ ਦੇ ਆਪ ਵਿਧਾਇਕ ਅਤੇ ਸਾਬਕਾ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅਧਿਆਪਕਾਂ ਤੋਂ ਮੁਆਫ਼ੀ ਮੰਗ ਲਈ ਹੈ। ਉਨ੍ਹਾਂ ਨੇ ਵੀਡੀਓ ਜਾਰੀ ਕਰਦਿਆਂ ਹੋਇਆ ਕਿਹਾ ਕਿ ਅਧਿਆਪਕ ਸਾਡੇ ਸਤਿਕਾਰਯੋਗ ਹਨ, ਇਸ ਲਈ ਮੈਂ ਪੰਜਾਬ ਦੇ ਸਾਰੇ ਅਧਿਆਪਕਾਂ ਤੋਂ ਮੁਆਫ਼ੀ ਮੰਗਦਾ। ਹਾਲਾਂਕਿ ਆਪਣੇ ਬਿਆਨ ਦੇ ਵਿੱਚ ਉਹ ਆਪਣੀ ਹੈਂਕੜਬਾਜ਼ੀ ਫਿਰ ਵੀ ਵਿਖਾਉਂਦੇ ਨਜ਼ਰੀ ਆਏ ਕਿ ਜਿਹੜੇ ਸਕੂਲ ਦੇ ਵਿੱਚ ਮੈਂ ਗਿਆ ਸੀ, ਜੇਕਰ ਕਿਸੇ ਅਧਿਆਪਕ ਨੂੰ ਕੋਈ ਲੱਗਿਆ ਕਿ ਮੈਂ ਕੁੱਝ ਗ਼ਲਤ ਗੱਲ ਕਹੀ ਤਾਂ ਮੈਂ ਉਸ ਵਾਸਤੇ ਸਭ ਤੋਂ ਮੁਆਫ਼ੀ ਮੰਗਦਾ, ਕਿਉਂਕਿ ਟੀਚਰ ਸਾਡੇ ਗੁਰੂ ਨੇ, ਉਨ੍ਹਾਂ ਨੇ ਸਾਨੂੰ ਸੇਧ ਦੇਣੀ ਹੈ।
ਜੌੜਾਮਾਜਰਾ ਸਕੂਲ ਵਿੱਚ “ਪੰਜਾਬ ਸਿੱਖਿਆ ਕ੍ਰਾਂਤੀ” ਦੇ ਹਿੱਸੇ ਵਜੋਂ ਪਹੁੰਚੇ ਸਨ
ਇੱਥੇ ਜਿਕਰ ਕਰਨਾ ਬਣਦਾ ਹੈ ਕਿ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ, ਬੁਨਿਆਦੀ ਖਰਚਿਆਂ ਲਈ ਫੰਡਾਂ ਦੀ ਕਮੀ ਅਤੇ “ਸਕੂਲ ਆਫ ਐਮੀਨੈਂਸ” ਦੇ ਦਰਜੇ ਦੇ ਬਾਵਜੂਦ ਬੁਨਿਆਦੀ ਸਹੂਲਤਾਂ ਦੀ ਅਪਗ੍ਰੇਡ ਹਾਲੇ ਤੱਕ ਨਾ ਹੋਣ ਦੇ ਬਾਅਦ ਵੀ, ਪਟਿਆਲਾ ਜ਼ਿਲ੍ਹੇ ਦੇ ਸਕੂਲ ਆਫ ਐਮੀਨੈਂਸ ਸਮਾਣਾ ਦੇ ਅਧਿਆਪਕਾਂ ਨੇ ਸੋਮਵਾਰ ਨੂੰ ਸਕੂਲ ਪਹੁੰਚੇ ਸਥਾਨਕ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦਾ ਸਵਾਗਤ ਕਰਨ ਲਈ ਇੱਕ ਪ੍ਰੋਗਰਾਮ, ਰਿਫਰੈਸ਼ਮੈਂਟ ਅਤੇ ਇੱਕ ਸਮਾਰਕ ਪਲੇਟ ਲਗਾਈ। ਜੌੜਾਮਾਜਰਾ ਸਕੂਲ ਵਿੱਚ AAP ਸਰਕਾਰ ਦੇ ਰਾਜਵਿਆਪੀ “ਪੰਜਾਬ ਸਿੱਖਿਆ ਕ੍ਰਾਂਤੀ” ਦੇ ਹਿੱਸੇ ਵਜੋਂ ਪਹੁੰਚੇ ਸਨ।
ਸਕੂਲ ਵਿੱਚ ਬਣੀ ਨਵੀਂ ਬਾਉਂਡਰੀ ਵਾਲ ਲਈ ਪਲੇਟ ਲਗਾਉਣ ਦਾ ਕਾਰਜਕ੍ਰਮ ਸੀ। ਹਾਲਾਂਕਿ, ਜਿਵੇਂ ਹੀ ਜੌੜਾਮਾਜਰਾ ਸਟੇਜ ’ਤੇ ਭਾਸ਼ਣ ਦੇਣ ਲਈ ਆਏ, ਉਹ ਗੁੱਸੇ ਵਿੱਚ ਆ ਗਏ ਅਤੇ ਅਧਿਆਪਕਾਂ ‘ਤੇ “ਅਧੂਰੀਆਂ” ਤਿਆਰੀਆਂ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ, “ਤੁਸੀਂ 50 ਕੁਰਸੀਆਂ ਵੀ ਨਹੀਂ ਲਗਵਾ ਸਕਦੇ ਲੋਕਾਂ ਦੇ ਬੈਠਣ ਲਈ? ਤੁਸੀਂ ਹੋਰ ਕੀ ਕਰੋਗੇ?” ਉਹਨਾਂ ਨੇ ਸਟੇਜ ’ਤੇ ਹੀ ਅਧਿਆਪਕਾਂ ਨੂੰ ਧਮਕੀ ਦਿੰਦੇ ਹੋਏ ਕਿਹਾ, “ਅੱਜ ਹੀ ਤੁਹਾਡੇ ਖਿਲਾਫ਼ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਸ਼ਿਕਾਇਤ ਭੇਜੀ ਜਾਵੇਗੀ।”
ਇੱਕ ਅਧਿਆਪਕਾ ਨੇ ਦੱਸਿਆ ਕਿ ਵਿਧਾਇਕ ਜੌੜਾਮਾਜਰਾ ਨੂੰ ਉਨ੍ਹਾਂ ਦੇ ਭਾਸ਼ਣ ਨੂੰ ਸੁਣਨ ਲਈ ਬੱਚਿਆਂ ਦੇ ਮਾਪਿਆਂ ਦੀ ਘੱਟ ਹਾਜ਼ਰੀ ਨੇ ਗੁੱਸਾ ਦਿਵਾਇਆ। “ਪਰ ਸਾਡੀ ਕੀ ਗਲਤੀ ਕੀਤੀ? ਵਿਧਾਇਕ ਜੌੜਾਮਾਜਰਾ ਦਾ ਆਉਣ ਦਾ ਸਮਾਂ 11:30 ਸੀ, ਪਰ ਉਹ 12:30 ਵਜੇ ਆਏ। ਇਸ ਦੌਰਾਨ ਅੱਧੇ ਤੋਂ ਵੱਧ ਮਾਪੇ ਚਲੇ ਗਏ ਸਨ। ਅਧਿਆਪਕ ਅਤੇ ਵਿਦਿਆਰਥੀ ਸਾਰੇ ਉਨ੍ਹਾਂ ਨੂੰ ਸੁਣਨ ਲਈ ਮੌਜੂਦ ਸਨ, ਪਰ ਉਹਨਾਂ ਨੇ ਸਾਡੀ ਇੱਕ ਵੀ ਨਾ ਸੁਣੀ ਅਤੇ ਸਿੱਧਾ ਗੁੱਸਾ ਕੱਢ ਦਿੱਤਾ”।
ਘਟਨਾ ਦੀ ਵੀਡੀਓ ਵਿੱਚ ਜੌੜਾਮਾਜਰਾ ਨੂੰ ਕਹਿੰਦੇ ਸੁਣਿਆ ਜਾ ਸਕਦਾ ਹੈ: “ਕਿੰਨੇ ਬੱਚੇ ਗੈਰ-ਹਾਜ਼ਰ ਹਨ? ਕਿੰਨੇ ਅਧਿਆਪਕ ਇੱਥੇ ਬੈਠੇ ਨੇ? ਕਿਉਂ ਗੈਰ-ਹਾਜ਼ਰ ਹਨ, ਦੱਸੋ… ਕੀ ਇਹ ਤੁਹਾਡਾ ਕੋਈ ਪਲੈਨ ਕੀਤਾ ਪ੍ਰੋਗਰਾਮ ਹੈ? ਬਿਲਕੁਲ ਫੇਲ ਪ੍ਰੋਗਰਾਮ ਹੈ ਤੁਹਾਡਾ… ਤੁਸੀਂ ਇੱਥੇ ਕੀ ਕਰ ਰਹੇ ਹੋ? ਜੋ ਵੀ ਬੱਚਾ ਬਾਹਰ ਹੈ, ਉਸਦੀ ਗੈਰ-ਹਾਜ਼ਰੀ ਲਾਓ। ਇਹ ਸਕੂਲ ਥੋੜ੍ਹੇ ਹੈ… ਸਕੂਲ ਵਾਲੀ ਗੱਲ ਹੀ ਨਹੀਂ ਹੈ। ਇੱਥੇ ਸਰਕਾਰ ਪੈਸੇ ਲਾ ਰਹੀ ਹੈ। ਤੁਸੀਂ 50 ਕੁਰਸੀਆਂ ਵੀ ਨਹੀਂ ਲਗਵਾ ਸਕਦੇ, ਹੋਰ ਕੀ ਕਰੋਗੇ ਤੁਸੀਂ… ਵੱਡੀਆਂ-ਵੱਡੀਆਂ ਗੱਲਾਂ ਕਰਦੇ ਹੋ… ਕੀ ਤੁਹਾਡਾ ਕੋਈ ਸਿਸਟਮ ਹੈ? ਤੁਹਾਡੇ ਸਾਰੇ ਅਧਿਆਪਕਾਂ ਦੀ ਸ਼ਿਕਾਇਤ ਅੱਜ ਹੀ CM ਸਾਹਿਬ ਨੂੰ, ਸਿੱਖਿਆ ਮੰਤਰੀ ਨੂੰ ਭੇਜੀ ਜਾਵੇਗੀ।”
ਅਧਿਆਪਕਾ ਨੇ ਹੋਰ ਦੱਸਿਆ, ” ਪਰ ਕੀ ਉਹ ਸਾਨੂੰ ਦੱਸ ਸਕਦੇ ਹਨ ਕਿ ਸਾਡੀ ਕੀ ਗਲਤੀ ਸੀ? ਅੱਜ ਅਸੀਂ ਸਾਰੀਆਂ ਤਿਆਰੀਆਂ ਲਈ ਆਪਣੀ ਜੇਬ ਵਿੱਚੋਂ ਪੈਸੇ ਖਰਚੇ। ਕੀ ਉਹਨਾਂ ਨੂੰ ਪਤਾ ਹੈ ਕਿ SoE ਸਕੂਲ ਹੋਣ ਦੇ ਬਾਵਜੂਦ ਸਾਨੂੰ ਠੀਕ ਟਾਇਲਟਾਂ ਲਈ ਅਜੇ ਤੱਕ ਕੋਈ ਫੰਡ ਨਹੀਂ ਮਿਲਿਆ? SoE ਹੋਣ ਦੇ ਬਾਵਜੂਦ ਅਸੀਂ ਅਜੇ ਵੀ SoE ਅਤੇ ਗੈਰ-SoE ਵਿਦਿਆਰਥੀਆਂ ਲਈ ਸਾਂਝੀਆਂ ਕਲਾਸਾਂ ਲੈ ਰਹੇ ਹਾਂ ਕਿਉਂਕਿ ਅਧਿਆਪਕਾਂ ਦੀ ਕਮੀ ਹੈ। ਸਰਕਾਰ ਦੁਆਰਾ ਸ਼ੁਰੂ ਕੀਤੀ ਮੁਫ਼ਤ ਬਸ ਸੇਵਾ ਲਈ ਅਸੀਂ ਅਧਿਆਪਕ ਆਪਣੀ ਜੇਬ ਵਿੱਚੋਂ ਪੈਸੇ ਦੇ ਰਹੇ ਹਾਂ ਕਿਉਂਕਿ ਤਿੰਨ ਮਹੀਨੇ ਹੋ ਗਏ ਹਨ, ਫੰਡ ਨਹੀਂ ਮਿਲੇ। ਕੀ ਉਹਨਾਂ ਨੇ ਇਹ ਸਭ ਸੁਣਿਆ? ਫਿਰ ਵੀ ਅਸੀਂ ਆਪਣਾ ਹੌਸਲਾ ਬਣਾਈ ਰੱਖਦੇ ਹਾਂ ਅਤੇ ਸਕੂਲ ਲਈ ਕੰਮ ਕਰਦੇ ਰਹਿੰਦੇ ਹਾਂ।”
ਮੈਂ ਇਹ ਗੱਲ ਸਕੂਲ ‘ਚ ਅਨੁਸ਼ਾਸਨ ਦੀ ਕਮੀ ਨੂੰ ਵੇਖਦਿਆਂ ਕਹੀ ਸੀ- ਜੌੜਾਮਾਜਰਾ
ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਇਕ ਮੀਡੀਆ ਅਦਾਰੇ ਨਾਲ ਗੱਲ ਕਰਦਿਆਂ ਕਿਹਾ ਕਿ ਉਹਨਾਂ ਨੇ ਇਹ ਗੱਲਾਂ ਗੁੱਸੇ ਵਿੱਚ ਨਹੀਂ ਕਹੀਆਂ ਸਨ। ਉਹਨਾਂ ਕਿਹਾ ਮੈਂ ਇਹ ਗੱਲ ਸਕੂਲ ਵਿੱਚ ਅਨੁਸ਼ਾਸਨ ਦੀ ਕਮੀ ਨੂੰ ਵੇਖਦਿਆਂ ਕਹੀ ਸੀ। ਅਧਿਆਪਕਾਂ ਵੱਲੋਂ ਇਸ ਬਾਰੇ ਇੱਕ ਦੂਜੇ ਉੱਤੇ ਇਲਜ਼ਾਮ ਲਾਏ ਜਾ ਰਹੇ ਸਨ, ਜਿਸ ਕਰਕੇ ਸਖਤੀ ਵਰਤਣੀ ਪਈ।
ਸੂਬਾ ਸਰਕਾਰ ਸਰਕਾਰੀ ਸਕੂਲਾਂ ’ਚ ਸਿਆਸੀ ਦਖਲਅੰਦਾਜ਼ੀ ਬੰਦ ਕਰੇ – ਡੀਟੀਐੱਫ
ਦੂਜੇ ਪਾਸੇ ਡੈਮੋਕਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਜਥੇਬੰਦੀ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਰੱਖੜਾ ਨੇ ‘ਆਪ’ ਸਰਕਾਰ ’ਤੇ ਸਰਕਾਰੀ ਸਕੂਲਾਂ ਦਾ ਸਿਆਸੀਕਰਨ ਕਰਨ ਦੇ ਦੋਸ਼ ਲਾਏ ਹਨ। ਡੀਟੀਐੱਫ ਆਗੂਆਂ ਨੇ ਸੋਮਵਾਰ ਨੂੰ ਸਿੱਖਿਆ ਕ੍ਰਾਂਤੀ ਨੂੰ ਪ੍ਰਫੁੱਲਤ ਕਰਨ ਦੇ ਨਾਮ ’ਤੇ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿਚ ‘ਆਪ’ ਵਿਧਾਇਕਾਂ ਨੂੰ ਭੇਜਣ ਦੀ ਕਾਰਵਾਈ ਦੇ ਹਵਾਲੇ ਨਾਲ ਕਿਹਾ ਕਿ ਸੂਬਾ ਸਰਕਾਰ ਸਰਕਾਰੀ ਸਕੂਲਾਂ ’ਚ ਸਿਆਸੀ ਦਖਲਅੰਦਾਜ਼ੀ ਬੰਦ ਕਰੇ।
ਜਥੇਬੰਦੀ ਨੇ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੌੜੇਮਾਜਰਾ ’ਤੇ ਅਜਿਹੇ ਹੀ ਇੱਕ ਸਮਾਗਮ ਦੌਰਾਨ ਸਕੂਲ ਦੀ ਸਟੇਜ ਤੋਂ ਅਧਿਆਪਕਾਂ ਦੀ ਲਾਹਪਾਹ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਅਧਿਆਪਕ ਵਰਗ ਸਕੂਲਾਂ ’ਚ ਅਜਿਹਾ ਬਦਸੂਰਤ ਮਾਹੌਲ ਸਿਰਜਣ ਦੀ ਇਜਾਜ਼ਤ ਨਹੀਂ ਦੇਵੇਗਾ। ਉਨ੍ਹਾਂ ਕਿਹਾ ਕਿ ਅਧਿਆਪਕ ਵਰਗ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਉਣ ਲਈ ਵਿਧਾਇਕ ਜੌੜਾਮਾਜਰਾ ਬਿਨਾਂ ਸ਼ਰਤ ਮੁਆਫੀ ਮੰਗਣ।
ਇਥੇ ਜਾਰੀ ਇੱਕ ਬਿਆਨ ’ਚ ਜਥੇਬੰਦੀ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਰੱਖੜਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਲਗਾਤਾਰ ਖ਼ਦਸ਼ਾ ਜ਼ਾਹਿਰ ਕੀਤਾ ਜਾਂਦਾ ਰਿਹਾ ਹੈ ਕਿ ਸਕੂਲਾਂ ਦੇ ਸੰਵੇਦਨਸ਼ੀਲ ਮਾਹੌਲ ਦਾ ਸਿਆਸੀਕਰਨ ਵਿੱਦਿਅਕ ਮਾਹੌਲ ਨੂੰ ਖਰਾਬ ਕਰੇਗਾ। ਇਸ ਦੀ ਤਾਜ਼ਾ ਮਿਸਾਲ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਇੱਕ ਸਰਕਾਰੀ ਸਕੂਲ ’ਚ ਅਧਿਆਪਕਾਂ ਨੂੰ ਬੋਲੇ ਕਥਿਤ ਅਪਸ਼ਬਦ ਹਨ।
ਅਧਿਆਪਕ ਆਗੂਆਂ ਨੇ ਸਰਕਾਰ ਤੋਂ ਸਕੂਲਾਂ ਨੂੰ ਸਿਆਸੀ ਹਿਤਾਂ ਲਈ ਵਰਤਣ ਤੋਂ ਗੁਰੇਜ਼ ਕਰਨ ਦੀ ਮੰਗ ਕਰਦਿਆਂ ਅਜਿਹੇ ਬੇਲੋੜੇ ਪ੍ਰੋਗਰਾਮਾਂ ਨੂੰ ਤੁਰੰਤ ਬੰਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਜੇ ਕੁਝ ਦਿਨ ਪਹਿਲਾਂ ਹੀ ਸਕੂਲਾਂ ਦੇ ਸਾਲਾਨਾ ਨਤੀਜੇ ਐਲਾਨਣ ਲਈ ਕੀਤੀਆਂ ਗਈਆਂ ਪੀਟੀਐੱਮ ਵਿੱਚ ਵਿਦਿਆਰਥੀਆਂ ਸਮੇਤ ਮਾਪਿਆਂ ਵੱਲੋਂ ਵੱਡੀ ਗਿਣਤੀ ਸਮੂਲੀਅਤ ਕੀਤੀ ਗਈ ਸੀ।
ਜਦਕਿ ਹੁਣ ਸਕੂਲਾਂ ਅੰਦਰ ਦਾਖਲਿਆਂ ਦਾ ਮਾਹੌਲ ਹੋਣ ਕਾਰਨ ਕਿਤਾਬਾਂ ਦੀ ਵੰਡ ਵੰਡਾਈ ਤੇ ਯੂਡਾਇਸ ਸਮੇਤ ਹੋਰ ਰੁਝੇਵੇਂ ਅਧਿਆਪਕਾਂ ਨੂੰ ਸਿਰ ਖੁਰਕਣ ਦੀ ਵਿਹਲ ਨਹੀਂ ਦੇ ਰਹੇ। ਜਿਸ ਕਰਕੇ ਅਜਿਹੇ ਸਮੇਂ ਸਕੂਲਾਂ ਨੂੰ ਸਿਆਸੀ ਅਖਾੜੇ ਬਣਾ ਕੇ ਵਿਦਿਅਕ ਮਾਹੌਲ ਨੂੰ ਹੋਰ ਨਿਵਾਣ ਵੱਲ ਧੱਕਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਪਟਿਆਲਾ ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ ਵਿਚਲੇ ਅਜਿਹੇ ਇੱਕ ਸਮਾਗਮ ਨੂੰ ਸੰਬੋਧਨ ਦੌਰਾਨ ਅਧਿਆਪਕਾਂ ਦੀ ਲਾਹ ਪਾਹ ਕਰਦਿਆਂ ਵਿਧਾਇਕ ਜੌੜਾਮਾਜਰਾ ਦੀ ਇੱਕ ਵੀਡੀਓ ਕਲਿੱਪ ਵੱਡੇ ਪੱਧਰ ’ਤੇ ਵਾਇਰਲ ਹੋ ਰਹੀ ਹੈ।