ਪਟਿਆਲਾ, 15 (ਰਵਿੰਦਰ ਸ਼ਰਮਾ) : ਮਾਲਵੇ ਖੇਤਰ ‘ਚ ਸੜਕ ਹਾਦਸਿਆਂ ‘ਚ ਗੰਭੀਰ ਜ਼ਖਮੀ ਜਿਆਦਾਤਰ ਲੋਕਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਰੈਫ਼ਰ ਕੀਤਾ ਜਾਂਦਾ ਹੈ ਕਿਉਂਕਿ ਲਗਭਗ ਸਾਰੇ ਜਿਲ੍ਹਾ ਪੱਧਰੀ ਹਸਪਤਾਲਾਂ ਵਿੱਚ ਗੰਭੀਰ ਜ਼ਖਮੀਆਂ ਨੂੰ ਸੰਭਾਲਣ ਲਈ ਕੋਈ ਖ਼ਾਸ ਸਹੂਲਤ ਨਹੀ ਹੁੰਦੀ, ਪਰ ਜੇਕਰ ਪਟਿਆਲਾ ਦੇ ਇਸ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਵੀ ਮੁੱਢਲੀਆਂ ਸਹੂਲਤਾਂ ਦੀ ਘਾਟ ਹੈ ਤਾਂ ਫਿਰ ਇੱਥੇ ਆਉਣ ਵਾਲੇ ਲੋੜਵੰਦ ਮਰੀਜ਼ਾਂ ਦੀ ਜਾਨ ਦਾ ਤਾਂ ਰੱਬ ਹੀ ਰਾਖਾ ਹੈ। ਹੁਣ ਇਕ ਹੋਰ ਤਾਜ਼ਾ ਮਾਮਲਾ ਇਸ ਹਸਪਤਾਲ ਦਾ ਸਾਹਮਣੇ ਆਇਆ ਹੈ, ਜਦੋਂ ਰਾਜਿੰਦਰਾ ਹਸਪਤਾਲ ਦੇ ਮੈਟਰਨਿਟੀ ਵਾਰਡ ਵਿੱਚ ਬਿਜਲੀ ਬੰਦ ਹੋਣ ਦੀ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸ਼ੇਅਰ ਕੀਤੀ ਹੈ ਜਿਸ ਵਿੱਚ ਰਾਜਿੰਦਰਾ ਹਸਪਤਾਲ ਦੇ ਆਪ੍ਰੇਸ਼ਨ ਥੀਏਟਰ ਸੈਕਸ਼ਨ ਵਿੱਚ ਬਿਜਲੀ ਬੰਦ ਹੋਣ ਕਾਰਨ ਮਰੀਜ਼ ਪੱਖੇ ਝੱਲਦੇ ਦਿਖਾਈ ਦੇ ਰਹੇ ਹਨ। ਬਿੱਟੂ ਨੇ ਵੀਡੀਓ ਸਾਂਝੀ ਕਰਕੇ ਪੰਜਾਬ ਸਰਕਾਰ ‘ਤੇ ਸਵਾਲ ਖੜ੍ਹੇ ਕੀਤੇ ਹਨ। ਬਿੱਟੂ ਨੇ ਕਿਹਾ ਕਿ ਇਹ ਚਿੰਤਾ ਦੀ ਗੱਲ ਹੈ ਕਿ ਮੈਟਰਨਿਟੀ ਵਾਰਡ ਅਤੇ ਆਪ੍ਰੇਸ਼ਨ ਥੀਏਟਰ ਦੀਆਂ ਲਾਈਟਾਂ ਇਸ ਤਰ੍ਹਾਂ ਬੁਝ ਗਈਆਂ। ਬਿੱਟੂ ਨੇ ਕਿਹਾ ਕਿ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੇ ਮੈਟਰਨਿਟੀ ਵਾਰਡ ਵਿੱਚ ਬਿਜਲੀ ਬੰਦ ਹੋਣ ਦੀ ਵੀਡੀਓ ਸਾਹਮਣੇ ਆਈ ਹੈ। ਜਿਸ ਵਿੱਚ ਆਪ੍ਰੇਸ਼ਨ ਥੀਏਟਰ ਵੀ ਸ਼ਾਮਲ ਹੈ। ਇਹ ਸਭ ਕੁਝ ਸਿਰਫ਼ ਇੱਕ ਤਕਨੀਕੀ ਗਲਤੀ ਤੋਂ ਕਿਤੇ ਵੱਧ ਹੈ। ਇਹ ਪੰਜਾਬ ਸਰਕਾਰ ਦੀ ਲਾਪਰਵਾਹੀ ਅਤੇ ਉਦਾਸੀਨਤਾ ਦੇ ਚਿੰਤਾਜਨਕ ਪੱਧਰ ਨੂੰ ਉਜਾਗਰ ਕਰਦਾ ਹੈ।

